IMG-LOGO
Home News blog-list-01.html
ਪੰਜਾਬ

ਛੋਟੇ ਕਾਰੋਬਾਰੀਆਂ ਨੇ ਭੀਖ ਮੰਗ ਕੇ ਪ੍ਰਸ਼ਾਸਨ ਖ਼ਿਲਾਫ਼ ਰੋਸ ਜਤਾਇਆ

by Admin - 2022-12-03 22:56:15 0 Views 0 Comment
IMG
ਗ਼ੈਰਕਾਨੂੰਨੀ ਨੋਟਿਸਾਂ ਖ਼ਿਲਾਫ਼ ਮਾਰਚ ਕੱਢਿਆ; ‘ਆਪ’ ਅਤੇ ਕਾਂਗਰਸੀ ਆਗੂ ਹੱਕ ਵਿੱਚ ਨਿੱਤਰੇ ਚੰਡੀਗੜ੍ਹ-ਚੰਡੀਗੜ੍ਹ ਦੇ ਸਨਅਤੀ ਖੇਤਰ ਦੇ ਛੋਟੇ-ਛੋਟੇ ਪਲਾਟਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਟਰੇਡਾਂ ਵਿੱਚ ਕਾਰੋਬਾਰ ਕਰਨ ਵਾਲੇ ਸਨਅਤਕਾਰਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਥਿਤ ਤੌਰ ’ਤੇ ਭੇਜੇ ਜਾ ਰਹੇ ਗੈਰਕਾਨੂੰਨੀ ਨੋਟਿਸਾਂ ਖ਼ਿਲਾਫ਼ ਅੱਜ ਮਾਰਚ ਕੱਢਿਆ। ਵਪਾਰੀ ਏਕਤਾ ਮੰਚ ਦੇ ਬੈਨਰ ਹੇਠ ਕੱਢੇ ਗਏ ਇਸ ਪ੍ਰਦਰਸ਼ਨ ਦੌਰਾਨ ਸਨਅਤਕਾਰਾਂ ਨੇ ਹੱਥਾਂ ਵਿੱਚ ਖਾਲੀ ਕਟੋਰੇ ਫੜ ਕੇ ਸਨਅਤੀ ਖੇਤਰ ਤੋਂ ਟ੍ਰਿਬਿਊਨ ਚੌਕ ਤੱਕ ਮਾਰਚ ਕੱਢ ਕੇ ਭੀਖ ਮੰਗੀ। ਪ੍ਰਦਰਸ਼ਨ ਕਰ ਰਹੇ ਸਨਅਤਕਾਰਾਂ ਨੂੰ ਇੱਥੋਂ ਦੀ ਬਰਤਨ ਐਸੋਸੀਏਸ਼ਨ ਅਤੇ ਫਰਨੀਚਰ ਐਸੋਸੀਏਸ਼ਨ ਸਮੇਤ ਆਮ ਆਦਮੀ ਪਾਰਟੀ ਚੰਡੀਗੜ੍ਹ ਨੇ ਵੀ ਸਮਰਥਨ ਦਿੱਤਾ। ਸਨਅਤਕਾਰਾਂ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਚੰਡੀਗੜ੍ਹ ਦੇ ਸਨਅਤੀ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਕਾਰੋਬਾਰ ਨੂੰ ਬੱਚਿਆਂ ਵਾਂਗ ਪਾਲਿਆ ਅਤੇ ਪ੍ਰਫੁੱਲਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਇਹ ਕਾਰੋਬਾਰ ਉਨ੍ਹਾਂ ਦੇ ਪਰਿਵਾਰ ਦਾ ਇੱਕੋ-ਇੱਕ ਸਹਾਰਾ ਹੈ। ਜੇਕਰ ਪ੍ਰਸ਼ਾਸਨ ਨੇ ਇਸੇ ਤਰ੍ਹਾਂ ਉਨ੍ਹਾਂ ਨੂੰ ਪ੍ਰੇਸ਼ਾਨ ਕਰਨਾ ਜਾਰੀ ਰੱਖਿਆ ਤਾਂ ਉਹ ਆਪਣੇ ਪਰਿਵਾਰ ਸਮੇਤ ਭੀਖ ਮੰਗਣ ਲਈ ਮਜਬੂਰ ਹੋ ਜਾਣਗੇ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵੱਲੋਂ ਛੋਟੇ ਸਨਅਤਕਾਰਾਂ ਅਤੇ ਵਪਾਰੀਆਂ ਨੂੰ ਉਲੰਘਣਾ ਦੇ ਨਾਂ ’ਤੇ ਨੋਟਿਸ ਭੇਜੇ ਜਾ ਰਹੇ ਹਨ ਅਤੇ ਉਨ੍ਹਾਂ ਦੀਆਂ ਦੁਕਾਨਾਂ ਢਾਹੁਣ ਦੀ ਗੱਲ ਕਹੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਸ਼ਾਸਨ ਦੀ ਮਨਸ਼ਾ ਹੈ ਕਿ ਸਨਅਤੀ ਖੇਤਰ ਦੇ ਛੋਟੇ ਕਾਰੋਬਾਰੀ ਤੇ ਵਪਾਰੀ ਤੰਗ ਆ ਕੇ ਖੁਦ ਹੀ ਇੱਥੋਂ ਆਪਣਾ ਕਾਰੋਬਾਰ ਸਮੇਟ ਕੇ ਚਲੇ ਜਾਣ। ਵਪਾਰੀ ਏਕਤਾ ਮੰਚ ਦੇ ਅਹੁਦੇਦਾਰ ਦੀਪਕ ਸ਼ਰਮਾ ਨੇ ਕਿਹਾ ਕਿ ਸਨਅਤਕਾਰ ਪ੍ਰਸ਼ਾਸਨ ਦੇ ਦੋਗਲੇ ਰਵੱਈਏ ਤੋਂ ਤੰਗ ਆ ਚੁੱਕੇ ਹਨ। ਇੱਕ ਪਾਸੇ ਸਨਅਤੀ ਖੇਤਰ ਦੇ ਵੱਡੇ ਪਲਾਟਾਂ ਦੇ ਸਨਅਤਕਾਰਾਂ ਨੂੰ ਰਾਹਤ ਦੇਣ ਲਈ ਪਾਲਿਸੀ ਬਣਾਈ ਗਈ ਹੈ। ਦੂਜੇ ਪਾਸੇ ਛੋਟੇ ਪਲਾਟਾਂ ਦੇ ਸਨਅਤਕਾਰਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਦੀਆਂ ਉਲੰਘਣਾ ਦੇ ਨਾਮ ’ਤੇ ਛੋਟੇ ਸਨਅਤਕਾਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਹ ਪ੍ਰਸ਼ਾਸਨ ਦੀ ਇਹ ਮਨਸ਼ਾ ਪੂਰੀ ਨਹੀਂ ਹੋਣ ਦੇਣਗੇ। ਉਨ੍ਹਾਂ ਮੰਗ ਕੀਤੀ ਕਿ ਸਨਅਤੀ ਖੇਤਰ ਵਿੱਚ ਵੱਡੇ ਪਲਾਟਾਂ ਦੀ ਤਰਜ਼ ’ਤੇ ਛੋਟੇ ਪਲਾਟਾਂ ਦੇ ਕਾਰੋਬਾਰੀਆਂ ਲਈ ਵੀ ਪਾਲਿਸੀ ਲਾਗੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇੱਥੋਂ ਦੇ ਛੋਟੇ ਸਨਅਤਕਾਰਾਂ ਤੇ ਵਪਾਰੀਆਂ ਨੂੰ ਤੰਗ ਕਰਨਾ ਬੰਦ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਪ੍ਰਦਰਸ਼ਨ ਵਿੱਚ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਪ੍ਰੇਮ ਗਰਗ, ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ, ਕੌਂਸਲਰ ਗੁਰਬਖਸ਼ ਕੌਰ ਰਾਵਤ ਤੇ ਗੁਰਪ੍ਰੀਤ ਸਿੰਘ ਗਾਬੀ ਵੀ ਸ਼ਾਮਲ ਹੋਏ ਅਤੇ ਸਨਅਤੀ ਖੇਤਰ ਦੇ ਛੋਟੇ ਕਾਰੋਬਾਰੀਆਂ ਦੀਆਂ ਮੰਗਾਂ ਦਾ ਸਮਰਥਨ ਕੀਤਾ।

Leave a Comment

Your email address will not be published. Required fields are marked *