IMG-LOGO
Home News blog-detail-01.html
ਪੰਜਾਬ

ਸਤਿੰਦਰਜੀਤ ਤੋਂ ਗੋਲਡੀ ਬਰਾੜ ਤੱਕ-ਮੂਸੇਵਾਲਾ ਦੇ ਕਤਲ ਮਗਰੋਂ ਅਪਰਾਧ ਜਗਤ ਵਿੱਚ ਚਰਚਿਤ ਹੋਇਆ ਗੋਲਡੀ ਬਰਾੜ

by Admin - 2022-12-02 21:50:02 0 Views 0 Comment
IMG
ਸਤਿੰਦਰਜੀਤ ਤੋਂ ਗੋਲਡੀ ਬਰਾੜ ਤੱਕ-ਮੂਸੇਵਾਲਾ ਦੇ ਕਤਲ ਮਗਰੋਂ ਅਪਰਾਧ ਜਗਤ ਵਿੱਚ ਚਰਚਿਤ ਹੋਇਆ ਗੋਲਡੀ ਬਰਾੜ ਸ੍ਰੀ ਮੁਕਤਸਰ ਸਾਹਿਬ/ਮੋਗਾ-ਸਿੱਧੂ ਮੂਸੇਵਾਲਾ ਕਤਲ ਦੇ ਮੁੱਖ ਸਾਜਿਸ਼ਘਾੜੇ ਗੋਲਡੀ ਬਰਾੜ (34) ਨੂੰ ਅੱਜ ਕੈਲੀਫੋਰਨੀਆ (ਅਮਰੀਕਾ) ਵਿੱਚ ਅਮਰੀਕੀ ਜਾਂਚ ਏਜੰਸੀ ਐੱਫਬੀਆਈ ਵੱਲੋਂ ਗ੍ਰਿਫ਼ਤਾਰ ਕਰਨ ਮਗਰੋਂ ਉਸ ਦਾ ਜੱਦੀ ਸ਼ਹਿਰ ਮੁਕਤਸਰ ਮੁੜ ਸੁਰਖੀਆਂ ਵਿੱਚ ਆ ਗਿਆ ਹੈ। ਗੋਲਡੀ ਦਾ ਅਸਲ ਨਾਮ ਸਤਿੰਦਰਜੀਤ ਸਿੰਘ ਹੈ ਤੇ ਉਸ ਦਾ ਪਰਿਵਾਰ ਮੁਕਤਸਰ ਵਿੱਚ ਕੋਟਕਪੂਰਾ-ਮੁਕਤਸਰ ਰੋਡ ’ਤੇ ਆਦੇਸ਼ ਨਗਰ ’ਚ ਰਹਿੰਦਾ ਹੈ। ਉਸ ਦੇ ਪਿਤਾ ਸ਼ਮਸ਼ੇਰ ਸਿੰਘ ਪੰਜਾਬ ਪੁਲੀਸ ਵਿੱਚ ਏਐੱਸਆਈ ਸਨ, ਜਿਨ੍ਹਾਂ ਨੂੰ ਗੋਲਡੀ ਦੇ ਗੈਂਗਸਟਰ ਬਣਨ ਮਗਰੋਂ 2021 ਵਿੱਚ ਜਬਰੀ ਸੇਵਾਮੁਕਤ ਕਰ ਦਿੱਤਾ ਗਿਆ ਸੀ। 9 ਮਾਰਚ 2021 ਨੂੰ ਕੋਟਕਪੂਰਾ ਪੁਲੀਸ ਨੇ ਸ਼ਮਸ਼ੇਰ ਸਿੰਘ ਖ਼ਿਲਾਫ਼ ਵੀ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਗੋਲਡੀ ਬਰਾੜ ਖ਼ਿਲਾਫ਼ ਪਹਿਲਾ ਮਾਮਲਾ ਫਿਰੋਜ਼ਪੁਰ ਜ਼ਿਲ੍ਹੇ ’ਚ 2012 ਵਿੱਚ ਦੋ ਧੜਿਆਂ ’ਚ ਹੋਈ ਗੋਲੀਬਾਰੀ ਤੋਂ ਬਾਅਦ ਦਰਜ ਕੀਤਾ ਗਿਆ ਸੀ। ਹਾਲਾਂਕਿ ਇਸ ਮਾਮਲੇ ’ਚ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ। ਫਿਰ 2015 ਵਿੱਚ ਉਸ ਖ਼ਿਲਾਫ਼ ਮੁਕਤਸਰ ਵਿੱਚ ਕਤਲ ਦਾ ਮੁਕੱਦਮਾ ਦਰਜ ਹੋਇਆ, ਪਰ ਅਦਾਲਤ ’ਚ ਸਬੂਤਾਂ ਦੀ ਘਾਟ ਕਾਰਨ ਉਹ ਬਰੀ ਹੋ ਗਿਆ। ਫਿਰ ਉਹ ਪੜ੍ਹਨ ਲਈ ਚੰਡੀਗੜ੍ਹ ਆ ਗਿਆ, ਜਿਥੇ ਉਹ ਬੀਏ ਦੀ ਪੜ੍ਹਾਈ ਦੌਰਾਨ ਲਾਰੈਂਸ ਬਿਸ਼ਨੋਈ ਦੇ ਸੰਪਰਕ ਵਿੱਚ ਆਇਆ। ਗੋਲਡੀ ਦੇ ਚਚੇਰੇ ਭਰਾ ਗੁਰਲਾਲ ਬਰਾੜ ਨੇ ਲਾਰੈਂਸ ਦੀ ਹੱਲਾਸ਼ੇਰੀ ’ਤੇ ‘ਸਟੂਡੈਂਟਸ ਆਰਗੇਨਾਈਜੇਸ਼ਨ ਆਫ ਪੰਜਾਬ ਯੂਨੀਵਰਸਿਟੀ’ ਬਣਾਈ ਸੀ। ਫਿਰ ਉਹ ਬੀਏ ਦੀ ਪੜ੍ਹਾਈ ਵਿਚਾਲੇ ਛੱਡ ਕੇ ਸਾਲ 2017 ਵਿਚ ਸਟੱਡੀ ਵੀਜ਼ੇ ’ਤੇ ਕੈਨੇਡਾ ਚਲਾ ਗਿਆ। ਅਕਤੂਬਰ 2020 ਵਿੱਚ ਗੁਰਲਾਲ ਬਰਾੜ ਦਾ ਕਤਲ ਹੋ ਗਿਆ। ਗੋਲਡੀ ਨੇ ਲਾਰੈਂਸ ਬਿਸ਼ਨੋਈ ਨਾਲ ਮਿਲ ਕੇ ਆਪਣੇ ਭਰਾ ਦੇ ਕਾਤਲ ਫ਼ਰੀਦਕੋਟ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਸਿੰਘ ਭੁੱਲਰ ਉਰਫ਼ ਪਹਿਲਵਾਨ ਦਾ ਕਤਲ ਕਰਵਾ ਵੀ ਕਰਵਾਇਆ। ਕੈਨੇਡਾ ਵਿੱਚ ਉਹ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਰਿਹਾ ਹੈ। ਇਸ ਮਗਰੋਂ ਉਹ ਅਪਰਾਧ ਦੀ ਦੁਨੀਆਂ ਵਿੱਚ ਅੱਗੇ ਵਧਦਾ ਗਿਆ ਤੇ ਲਾਰੈਂਸ ਬਿਸ਼ਨੋਈ ਨਾਲ ਉਸ ਦਾ ਰਿਸ਼ਤਾ ਹੋਰ ਗੂੜਾ ਹੋ ਗਿਆ।‌‌‌‌ ਗੋਲਡੀ ਬਰਾੜ ਨੇ ਪੰਜਾਬ, ਹਰਿਆਣਾ, ਦਿੱਲੀ ਤੇ ਰਾਜਸਥਾਨ ਵਿੱਚ ਕਈ ਅਪਰਾਧਕ ਘਟਨਾਵਾਂ ਨੂੰ ਅੰਜਾਮ ਦਿੱਤਾ। ਇਹ ਨੈੱਟਵਰਕ ਉਹ ਵਿਦੇਸ਼ ਵਿੱਚ ਬੈਠ ਕੇ ਚਲਾ ਰਿਹਾ ਸੀ। ਉਸ ਖ਼ਿਲਾਫ਼ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਸਣੇ ਹੋਰ ਕਈ ਅਪਰਾਧਕ ਮਾਮਲਿਆਂ ਵਿੱਚ ਕੁੱਲ 18 ਕੇਸ ਦਰਜ ਹਨ। ਉਹ ਸਿੱਧੂ ਮੂਸੇਵਾਲਾ, ਗੁਰਲਾਲ ਸਿੰਘ ਭੁੱਲਰ ਉਰਫ਼ ਪਹਿਲਵਾਨ ਅਤੇ ਕੋਟਕਪੂਰਾ ਵਿੱਚ ਡੇਰਾ ਪ੍ਰੇਮੀ ਦੀ ਹੱਤਿਆ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਹੈ। ਇਸ ਵਾਰ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਮਗਰੋਂ ਉਹ ਕੌਮਾਂਤਰੀ ਪੱਧਰ ’ਤੇ ਸੁਰਖੀਆਂ ਵਿੱਚ ਆਇਆ। ਸਿੱਧੂ ਦੇ ਪਿਤਾ ਬਲਕੌਰ ਸਿੰਘ ਵੱਲੋਂ ਵਾਰ-ਵਾਰ ਇਹ ਮੰਗ ਕੀਤੀ ਜਾ ਰਹੀ ਸੀ ਕਿ ਗੋਲਡੀ ਬਰਾੜ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾ ਦਿਵਾਈ ਜਾਵੇ। ਗੋਲਡੀ ਦੀ ਗ੍ਰਿਫ਼ਤਾਰੀ ਭਗਵੰਤ ਮਾਨ ਸਰਕਾਰ ਲਈ ਗਲੇ ਦੀ ਹੱਡੀ ਬਣੀ ਹੋਈ ਸੀ। ਕੈਨੇਡਾ ਤੋਂ ਨਿਕਲ ਕੇ ਗੋਲਡੀ ਬਰਾੜ ਸਿਆਸੀ ਸ਼ਰਨ ਲੈਣ ਲਈ ਅਮਰੀਕਾ ਚਲਾ ਗਿਆ, ਜਿਥੇ ਉਸ ਨੇ ਕੈਲੇਫੋਰਨੀਆ ਦੇ ਸ਼ਹਿਰ ਫਰੈਜ਼ਨੋ ਵਿੱਚ ਵਕੀਲਾਂ ਰਾਹੀਂ ਸਿਆਸੀ ਸ਼ਰਨ ਲੈਣ ਲਈ ਅਰਜ਼ੀ ਦਾਇਰ ਕੀਤੀ ਸੀ ਪਰ ਉਸ ਖ਼ਿਲਾਫ਼ ਪਹਿਲਾਂ ਹੀ ਦੋ ਕੇਸਾਂ ਵਿੱਚ ‘ਰੈੱਡ ਕਾਰਨਰ ਨੋਟਿਸ’ ਜਾਰੀ ਹੋਣ ਕਰ ਕੇ ਉਸ ਨੂੰ ਅਮਰੀਕਾ ਦੀ ਜਾਂਚ ਏਜੰਸੀ ‘ਐੱਫਬੀਆਈ’ ਨੇ ਗ੍ਰਿਫ਼ਤਾਰ ਕਰ ਲਿਆ। ਪੁਲੀਸ ਸੂਤਰ ਦੱਸਦੇ ਹਨ ਕਿ ਗੋਲਡੀ ਬਰਾੜ ਦਾ ਕੈਨੇਡਾ ਛੱਡਣ ਪਿੱਛੇ ਇਹ ਵੀ ਵੱਡਾ ਕਾਰਨ ਮੰਨਿਆ ਜਾ ਰਿਹਾ ਸੀ ਕਿ ਬੰਬੀਹਾ ਗੈਂਗ ਦੇ ਮੈਂਬਰ ਉਸ ਨੂੰ ਲੱਭ ਰਹੇ ਸਨ। ਸੂਤਰਾਂ ਦਾ ਕਹਿਣਾ ਹੈ ਕਿ ਬੰਬੀਹਾ ਗੈਂਗ ਦਾ ਵੀ ਕੈਨੇਡਾ ਵਿੱਚ ਕਾਫ਼ੀ ਨੈੱਟਵਰਕ ਹੈ। ਬੰਬੀਹਾ ਗੈਂਗ ਨੇ ਗੋਲਡੀ ਬਰਾੜ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੋਈ ਹੈ।

Leave a Comment

Your email address will not be published. Required fields are marked *