IMG-LOGO
Home News ��������������� ��������������� ��������� ������������ ������������������ ��������������� ������������ ������������������: ������������������
ਪੰਜਾਬ

ਵੱਖਰੀ ਵਿਧਾਨ ਸਭਾ ਬਾਰੇ ਇਕਪਾਸੜ ਫ਼ੈਸਲਾ ਨਹੀਂ ਹੋਵੇਗਾ: ਰਾਜਪਾਲ

by Admin - 2022-12-01 23:12:52 0 Views 0 Comment
IMG
ਮਿਲ-ਬੈਠ ਕੇ ਮਸਲੇ ਦਾ ਹੱਲ ਕੱਢਣ ਦਾ ਦਿੱਤਾ ਭਰੋਸਾ ਚੰਡੀਗੜ੍ਹ - ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਹਰਿਆਣਾ ਵੱਲੋਂ ਚੰਡੀਗੜ੍ਹ ਵਿਚ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਦੀ ਮੰਗ ਬਾਰੇ ਅੱਜ ਸਪੱਸ਼ਟ ਕੀਤਾ ਹੈ ਕਿ ਹਰਿਆਣਾ ਦੀ ਮੰਗ ’ਤੇ ਫ਼ਿਲਹਾਲ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਫ਼ੈਸਲਾ ਲੈਣ ਤੋਂ ਪਹਿਲਾਂ ਪੰਜਾਬ ਨੂੰ ਭਰੋਸੇ ਵਿਚ ਲਿਆ ਜਾਵੇਗਾ ਅਤੇ ਜ਼ਮੀਨ ਦੇ ਮਾਮਲੇ ’ਤੇ ਕੋਈ ਇਕਤਰਫ਼ਾ ਨਿਰਣਾ ਨਹੀਂ ਕੀਤਾ ਜਾਵੇਗਾ। ਰਾਜਪਾਲ ਦਾ ਇਹ ਬਿਆਨ ਪੰਜਾਬ ਲਈ ਧਰਵਾਸ ਬੰਨ੍ਹਣ ਵਾਲਾ ਹੈ। ਸ੍ਰੀ ਪੁਰੋਹਿਤ ਨੇ ਕਿਹਾ ਕਿ ਹਰਿਆਣਾ ਨੇ ਜ਼ਮੀਨ ਲੈਣ ਲਈ ਪੱਤਰ ਦਿੱਤਾ ਹੈ। ‘ਅਸੀਂ ਪਹਿਲਾਂ ਦੋਵੇਂ ਸੂਬਿਆਂ ਨਾਲ ਗੱਲ ਕਰਾਂਗੇ ਅਤੇ ਮਿਲ-ਬੈਠ ਕੇ ਇਸ ਮਾਮਲੇ ’ਤੇ ਗੱਲਬਾਤ ਕੀਤੀ ਜਾਵੇਗੀ।’ ਚੇਤੇ ਰਹੇ ਕਿ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ 19 ਨਵੰਬਰ ਨੂੰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਬਣਾਉਣ ਵਾਸਤੇ ਚੰਡੀਗੜ੍ਹ ਵਿਚ 10 ਏਕੜ ਜ਼ਮੀਨ ਦੀ ਮੰਗ ਉਠਾਈ ਸੀ। ਹਰਿਆਣਾ ਸਰਕਾਰ ਨੇ ਇਸ ਜ਼ਮੀਨ ਦੇ ਬਦਲੇ ਚੰਡੀਗੜ੍ਹ ਨੂੰ ਪੰਚਕੂਲਾ ਵਿਚ ਜ਼ਮੀਨ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ। ਹਰਿਆਣਾ ਦੀ ਇਸ ਚਾਰਾਜੋਈ ਮਗਰੋਂ ਹੀ ਪੰਜਾਬ ਵਿਚ ਸਿਆਸਤ ਭਖ ਗਈ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ 26 ਨਵੰਬਰ ਨੂੰ ਇਸ ਮੁੱਦੇ ’ਤੇ ਰਾਜਪਾਲ ਨੂੰ ਮਿਲ ਕੇ ਹਰਿਆਣਾ ਸਰਕਾਰ ਦੀ ਇਸ ਪਹਿਲ ਦਾ ਸਖਤ ਵਿਰੋਧ ਕੀਤਾ ਸੀ। ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਹਰਿਆਣਾ ਦੀ ਇਸ ਤਜਵੀਜ਼ ਕਾਰਨ ਪੰਜਾਬ ਵਿਚ ਅਮਨ-ਕਾਨੂੰਨ ਦੀ ਵਿਵਸਥਾ ਵਿਗੜ ਸਕਦੀ ਹੈ। ਉਨ੍ਹਾਂ ਇਸ ਦਾ ਵਿਰੋਧ ਕਰਦਿਆਂ ਅਜਿਹੀ ਤਜਵੀਜ਼ ਨੂੰ ਪੰਜਾਬ ਦੇ ਹੱਕਾਂ ਦੇ ਵਿਰੋਧ ਵਿਚ ਕਦਮ ਦੱਸਿਆ ਹੈ। ਇੱਕ ਇੰਚ ਜ਼ਮੀਨ ਨਹੀਂ ਦਿਆਂਗੇ: ਧਾਲੀਵਾਲ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਾਜਪਾਲ ਵੱਲੋਂ ਅੱਜ ਕੀਤੀ ਗਈ ਟਿੱਪਣੀ ਦਾ ਸਵਾਗਤ ਕਰਦਿਆਂ ਦੋ ਟੁੱਕ ਲਫਜ਼ਾਂ ਵਿਚ ਕਿਹਾ ਕਿ ਚੰਡੀਗੜ੍ਹ ’ਚੋਂ ਹਰਿਆਣਾ ਨੂੰ ਇੱਕ ਇੰਚ ਜ਼ਮੀਨ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ ਅਤੇ ਇਸ ਜ਼ਮੀਨ ਬਾਰੇ ਫੈਸਲਾ ਲੈਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ। ਪੰਜਾਬ ’ਚ ਅਮਨ-ਕਾਨੂੰਨ ਦੀ ਵਿਗੜੀ ਹਾਲਤ ’ਤੇ ਰਾਜਪਾਲ ਨੇ ਚਿੰਤਾ ਜਤਾਈ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ’ਚ ਅਮਨ-ਕਾਨੂੰਨ ਦੀ ਹਾਲਤ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਹੱਦ ਪਾਰ ਦੀਆਂ ਗਤੀਵਿਧੀਆਂ ਨੂੰ ਦੇਖਦਿਆਂ ਸੂਬੇ ਵਿਚ ਵਿਗੜ ਰਹੀ ਅਮਨ-ਕਾਨੂੰਨ ਦੀ ਵਿਵਸਥਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪਾਕਿਸਤਾਨ ਵਾਲੇ ਪਾਸਿਓਂ ਲਗਾਤਾਰ ਡਰੋਨ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਨੂੰ ਚੁਸਤ ਬਣਾਉਣ ਦੀ ਜ਼ਰੂਰਤ ਹੈ। ਰਾਜਪਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਵੀ ਕੀਤਾ ਗਿਆ ਸੀ ਅਤੇ ਉਹ ਭਵਿੱਖ ਵਿਚ ਵੀ ਅਜਿਹੇ ਦੌਰੇ ਕਰਨਗੇ।

Leave a Comment

Your email address will not be published. Required fields are marked *