IMG-LOGO
Home News blog-detail-01.html
ਪੰਜਾਬ

ਜੇਲ੍ਹਾਂ ’ਚ ਨਵੀਂ ਤਕਨੀਕ ਨਾਲ ਟੁੱਟੇਗਾ ਮੋਬਾਈਲਾਂ ਦਾ ਨੈੱਟਵਰਕ

by Admin - 2022-11-24 21:55:07 0 Views 0 Comment
IMG
ਅੰਮ੍ਰਿਤਸਰ ਤੇ ਕਪੂਰਥਲਾ ਜੇਲ੍ਹ ’ਚ ਅਜ਼ਮਾਇਸ਼ ਮਗਰੋਂ ਹੋਰ ਜੇਲ੍ਹਾਂ ’ਚ ਲਾਗੂ ਹੋਵੇਗੀ ਤਕਨੀਕ ਚੰਡੀਗੜ੍ਹ- ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਜੇਲ੍ਹਾਂ ਦਾ ਸੁਧਾਰ ਕਰਨ ਅਤੇ ਜੇਲ੍ਹਾਂ ਵਿੱਚੋਂ ਨਿੱਤ ਮਿਲ ਰਹੇ ਮੋਬਾਈਲ ਫੋਨਾਂ ਦੀ ਵਰਤੋਂ ’ਤੇ ਰੋਕ ਲਗਾਉਣ ਲਈ ਨਵੀਂ ਤਕਨੀਕ ਲਿਆ ਰਹੀ ਹੈ, ਜਿਸ ਨਾਲ ਨੈੱਟਵਰਕ ਨੂੰ ਹੀ ਬਲਾਕ ਕਰ ਦਿੱਤਾ ਜਾਵੇਗਾ। ਇਸ ਗੱਲ ਦੀ ਪੁਸ਼ਟੀ ਜੇਲ੍ਹ ਅਤੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤੀ ਹੈ। ਸ੍ਰੀ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਜੇਲ੍ਹਾਂ ਵਿੱਚ ਸੁਧਾਰ ਕਰਨ ਲਈ ਪਾਇਲਟ ਪ੍ਰਾਜੈਕਟ ਤਹਿਤ ਦੋ ਆਧੁਨਿਕ ਤਕਨੀਕਾਂ ਲਿਆ ਰਹੀ ਹੈ ਤਾਂ ਜੋ ਜੇਲ੍ਹਾਂ ਵਿੱਚ ਮੋਬਾਈਲ ਫੋਨਾਂ ਦੀ ਵਰਤੋਂ ਨੂੰ ਰੋਕਿਆ ਜਾ ਸਕੇ। ਜੇਲ੍ਹ ਮੰਤਰੀ ਨੇ ਕਿਹਾ ਕਿ ਪਹਿਲਾਂ ਜੇਲ੍ਹਾਂ ਵਿੱਚ 2ਜੀ ਜੈਮਰ ਰਾਹੀਂ ਮੋਬਾਈਲ ਨੈੱਟਵਰਕ ਜਾਮ ਕੀਤਾ ਜਾਂਦਾ ਸੀ ਪਰ ਹੁਣ ਮੋਬਾਈਲ ਨੈੱਟਵਰਕ 5ਜੀ ਆ ਗਿਆ, ਜਿਸ ਨੂੰ ਰੋਕਣਾ ਬਹੁਤ ਮੁਸ਼ਕਿਲ ਹੈ। ਪੰਜਾਬ ਸਰਕਾਰ ਵੱਲੋਂ ਹੁਣ ‘‘ਬਲੌਕੇਜ ਤਕਨੀਕ ਅਤੇ ਆਰਐੈੱਫ ਤਕਨੀਕ’’ ਲਿਆਂਦੀ ਜਾ ਰਹੀ ਹੈ। ਇਸ ਤਕਨੀਕ ਦਾ ਤਜਰਬਾ ਅੰਮ੍ਰਿਤਸਰ ਅਤੇ ਕਪੂਰਥਲਾ ਜੇਲ੍ਹ ਤੋਂ ਕੀਤਾ ਜਾ ਰਿਹਾ ਹੈ। ਉਸ ਤੋਂ ਬਾਅਦ ਰੋਪੜ ਜੇਲ੍ਹ ਵਿੱਚ ਵੱਖਰੀ ਤਕਨੀਕ ਲਿਆਉਣ ਬਾਰੇ ਵਿਚਾਰ ਚੱਲ ਰਿਹਾ ਹੈ। ਸ੍ਰੀ ਬੈਂਸ ਨੇ ਕਿਹਾ ਕਿ ਇਨ੍ਹਾਂ ਵਿੱਚ ਜਿਹੜੀ ਤਕਨੀਕ ਸਭ ਤੋਂ ਵਧੀਆ ਰਹੇਗੀ, ਉਸੇ ਨੂੰ ਸੂਬੇ ਦੀਆਂ ਬਾਕੀ ਜੇਲ੍ਹਾਂ ਵਿੱਚ ਲਾਗੂ ਕੀਤਾ ਜਾਵੇਗਾ। ਗੌਰਤਲਬ ਹੈ ਕਿ ਜੇਲ੍ਹਾਂ ਵਿੱਚ ਬੈਠੇ ਗੈਂਗਸਟਰ ਮੋਬਾਈਲ ਫੋਨਾਂ ਰਾਹੀਂ ਬਾਹਰ ਸੂਬੇ ’ਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਵਿਗਾੜ ਰਹੇ ਹਨ। ਗੈਂਗਸਟਰਾਂ ਵੱਲੋਂ ਬਾਹਰ ਆਪਣੀ ਗੈਂਗ ਚਲਾਉਣ ਲਈ ਮਿਨੀ ਮੋਬਾਈਲ ਫੋਨ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਨੂੰ ਤਲਾਸ਼ੀ ਦੌਰਾਨ ਲੱਭਣ ਵਿੱਚ ਪੁਲੀਸ ਨਾਕਾਮ ਰਹਿ ਰਹੀ ਹੈ। ਇਸੇ ਕਰਕੇ ਜੇਲ੍ਹਾਂ ਵਿੱਚ ਮੋਬਾਈਲ ਫੋਨ ਦੀ ਵਰਤੋਂ ਨੂੰ ਰੋਕਣ ਲਈ ਪੰਜਾਬ ਸਰਕਾਰ ਨਵੀਂ ਤਕਨੀਕ ਦੀ ਵਰਤੋਂ ਕਰੇਗੀ। ਦੱਸਣਯੋਗ ਹੈ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਪਿਛਲੇ ਛੇ ਮਹੀਨਿਆਂ ਵਿੱਚ 3600 ਤੋਂ ਵੱਧ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।

Leave a Comment

Your email address will not be published. Required fields are marked *