IMG-LOGO
Home News ‘ਝੀਲਾਂ ਦੇ ਸ਼ਹਿਰ’ ਬਠਿੰਡੇ ਦਾ ਵਿਰਾਸਤੀ ਰੁਤਬਾ ਕਾਇਮ ਰਹੇਗਾ !
ਪੰਜਾਬ

‘ਝੀਲਾਂ ਦੇ ਸ਼ਹਿਰ’ ਬਠਿੰਡੇ ਦਾ ਵਿਰਾਸਤੀ ਰੁਤਬਾ ਕਾਇਮ ਰਹੇਗਾ !

by Admin - 2022-11-24 21:53:24 0 Views 0 Comment
IMG
ਬਠਿੰਡਾ- ਹਕੂਮਤਾਂ ਦੇ ਹੱਲੇ ਦਾ ਸ਼ਿਕਾਰ ਹੋਏ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਆਪਣੀ ਹੋਂਦ ਕਾਇਮ ਰੱਖਣ ਲਈ ਪੰਜਾਬ ਦੀ ‘ਆਪ’ ਸਰਕਾਰ ਤੋਂ ਵੱਡੀਆਂ ਆਸਾਂ ਹਨ। ਇਸ ਪ੍ਰਾਜੈਕਟ ਨਾਲ ਭਾਵਨਾਤਮਕ ਅਤੇ ਰੋਜ਼ੀ ਰਾਹੀਂ ਜੁੜੇ ਲੋਕਾਂ ਦੀ ਇਹ ਆਖਰੀ ਉਮੀਦ ਹੈ। ਬਿਜਲੀ ਮੁਲਾਜ਼ਮਾਂ ਵੱਲੋਂ ਥਰਮਲ ਦੀ 850 ਏਕੜ ਜ਼ਮੀਨ ’ਤੇ 250 ਮੈਗਾਵਾਟ ਦਾ ਸੂਰਜੀ ਊਰਜਾ ਪਲਾਂਟ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪਰ ਹੁਣ ਇਹ ਫ਼ੈਸਲਾ ਸਰਕਾਰ ਨੇ ਕਰਨਾ ਹੈ। ਸਾਲ 1969 ਵਿੱਚ ਇਸ ਥਰਮਲ ਪਲਾਂਟ ਦੇ 110-110 ਮੈਗਾਵਾਟ ਦੇ ਚਾਰ ਯੂਨਿਟ ਕਰੀਬ ਇੱਕ 100 ਕਰੋੜ ਦੀ ਲਾਗਤ ਨਾਲ ਤਿਆਰ ਹੋਏ ਸਨ। ਚਾਰੇ ਯੂਨਿਟਾਂ ਦੀ ਮੁਰੰਮਤ ਕ੍ਰਮਵਾਰ 2006, 07, 12 ਅਤੇ 14 ਵਿੱਚ ਹੋਈ। ਨਵੀਂ ਮਸ਼ੀਨਰੀ ਲੱਗਣ ਨਾਲ ਇਨ੍ਹਾਂ ਦੀ ਸਮਰੱਥਾ 120-120 ਮੈਗਾਵਾਟ ਹੋਣ ਨਾਲ ਥਰਮਲ ਦੀ ਉਮਰ ਵੀ 25 ਸਾਲ ਵਧ ਗਈ ਸੀ ਪਰ ਕਰੀਬ ਸਾਢੇ 1800 ਏਕੜ ’ਚ ਬਣੇ ਇਸ ਥਰਮਲ ਨੂੰ ਬੰਦ ਕਰਨ ਦੀ ਤਜਵੀਜ਼ 2016 ਵਿੱਚ ਉਸ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਨੇ ਲਿਆਂਦੀ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਸਿਰ ’ਤੇ ਹੋਣ ਅਤੇ ਲੋਕ ਵਿਰੋਧ ਖੜ੍ਹਾ ਹੋਣ ’ਤੇ ਸਰਕਾਰ ਨੇ ਇਸ ਤਜਵੀਜ਼ ਨੂੰ ਠੰਢੇ ਬਸਤੇ ਪਾ ਦਿੱਤਾ ਸੀ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਚੋਣ ਰੈਲੀਆਂ ’ਚ ਵਾਅਦਾ ਕੀਤਾ ਸੀ, ‘ਸਾਡੀ ਸਰਕਾਰ ਬਣਾਓ, ਥਰਮਲਾਂ ’ਚੋਂ ਧੂੰਆਂ ਪਹਿਲਾਂ ਵਾਂਗ ਹੀ ਨਿਕਲਦਾ ਰਹੇਗਾ।’ ਭਾਵੁਕ ਤਕਰੀਰਾਂ ਦੇ ਕੀਲੇ ਬਠਿੰਡਾ ਵਾਸੀਆਂ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਫ਼ਤਹਿ ਦਿਵਾਈ ਤੇ ਉਨ੍ਹਾਂ ਦੇ ਹੱਥ ਸੂਬੇ ਦੇ ਖ਼ਜ਼ਾਨੇ ਦੀਆਂ ਚਾਬੀਆਂ ਆ ਗਈਆਂ ਪਰ ਕੁਝ ਸਮੇਂ ਬਾਅਦ ਹੀ ਕੈਪਟਨ ਸਰਕਾਰ ਨੇ ਤਤਕਾਲੀ ਬਾਦਲ ਸਰਕਾਰ ਵਾਂਗ, ਬਠਿੰਡਾ ਥਰਮਲ ਦੀ ਸਦੀਵੀ ਰੁਖ਼ਸਤੀ ’ਤੇ ਪੱਕੇ ਦਸਤਖ਼ਤ ਕਰ ਦਿੱਤੇ। ਉਧਰ ਥਰਮਲ ਦੀ ਹੋਂਦ ਨੂੰ ਬਚਾਉਣ ਲਈ ਕੰਮ ਕਰ ਰਹੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਐਂਪਲਾਈਜ਼ ਫ਼ੈਡਰੇਸ਼ਨ ਬਠਿੰਡਾ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ, ‘ਪੰਜਾਬ ਹਿਤੈਸ਼ੀ ਸੱਥ’ ਦੇ ਆਗੂ ਸੇਵਾਮੁਕਤ ਇੰਜ. ਕਰਨੈਲ ਸਿੰਘ ਮਾਨ, ਬੀਕੇ ਜਿੰਦਲ, ਇੰਜ. ਦਰਸ਼ਨ ਸਿੰਘ ਲਾਲੇਆਣਾ ਤੇ ਦਰਸ਼ਨ ਸਿੰਘ ਭੁੱਲਰ ਪੱਤਰ ਲਿਖ ਕੇ ਥਰਮਲ ਦੀ ਰਾਖ਼ ਵਾਲੀ 850 ਏਕੜ ਜ਼ਮੀਨ ’ਤੇ 250 ਮੈਗਾਵਾਟ ਦਾ ਸੂਰਜੀ ਊਰਜਾ ਪਲਾਟ ਲਾਉਣ ਦੀ ਮੰਗ ਕੀਤੀ ਹੈ। ਥਰਮਲ ਪਲਾਂਟ ਦੇ ਟਾਵਰਾਂ ਨੂੰ ਢਾਹੁਣ ਨਹੀਂ ਦਿਆਂਗੇ: ਜਗਰੂਪ ਗਿੱਲ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਬਠਿੰਡਾ ਦੀ ਵਿਲੱਖਣ ਪਛਾਣ ਇੱਥੋਂ ਦੇ ਥਰਮਲ ਪਲਾਂਟ ਦੇ ਆਸਮਾਨ ਛੂੰਹਦੇ ਕੂਲਿੰਗ ਟਾਵਰਾਂ ਕਰਕੇ ਵੀ ਹੈ। ਉਨ੍ਹਾਂ ਕਿਹਾ ਕਿ ‘ਮੇਰਾ ਧਰਮ ਵੀ ਹੈ ਅਤੇ ਲੋਕਾਂ ਨਾਲ ਕੀਤਾ ਵਾਅਦਾ ਵੀ। ਇਨ੍ਹਾਂ ਟਾਵਰਾਂ ਨੂੰ ਬਿਲਕੁਲ ਢਾਹਿਆ ਨਹੀਂ ਜਾਵੇਗਾ, ਸਗੋਂ ਇਨ੍ਹਾਂ ਦੀ ਮੁਰੰਮਤ ਕਰਵਾ ਕੇ ਸਾਂਭ ਸੰਭਾਲ ਕੀਤੀ ਜਾਵੇਗੀ।’ ਉਨ੍ਹਾਂ ਕਿਹਾ ਕਿ ਟਾਵਰਾਂ ਅਤੇ ਥਰਮਲ ਪਲਾਂਟ ਦਾ ਪਾਣੀ ਸਟੋਰ ਕਰਨ ਵਾਲੀਆਂ ਝੀਲਾਂ ਦਾ ਸੁੰਦਰੀਕਰਨ ਕਰਕੇ ਇਸ ਥਾਂ ਨੂੰ ਨਮੂਨੇ ਦਾ ਸੈਰ-ਸਪਾਟਾ ਕੇਂਦਰ ਬਣਾਵਾਂਗੇ, ਜਿਸ ਨੂੰ ਵੇਖ ਕੇ ਲੋਕ ਮਾਣ ਮਹਿਸੂਸ ਕਰਿਆ ਕਰਨਗੇ। ਉਨ੍ਹਾਂ ਆਖਿਆ ਕਿ ਇਸ ਪ੍ਰਾਜੈਕਟ ਬਾਰੇ ਮੁੱਖ ਮੰਤਰੀ ਪੰਜਾਬ ਵਿਸ਼ੇਸ਼ ਦਿਲਚਸਪੀ ਲੈ ਰਹੇ ਹਨ। ਸ੍ਰੀ ਗਿੱਲ ਨੇ ਥਰਮਲ ਦੀ ਖਾਲੀ ਪਈ ਸੈਂਕੜੇ ਏਕੜ ਜ਼ਮੀਨ ਦੀ ਤਜਵੀਜ਼ਤ ਵਰਤੋਂ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਫੈਸਲਾ ਪੰਜਾਬ ਸਰਕਾਰ ਕਰੇਗੀ।

Leave a Comment

Your email address will not be published. Required fields are marked *