IMG-LOGO
Home News blog-detail-01.html
ਖੇਡ

ਫੀਫਾ ਵਿਸ਼ਵ ਕੱਪ ਦਾ ਪਹਿਲਾ ਵੱਡਾ ਉਲਟਫੇਰ - ਸਾਊਦੀ ਅਰਬ ਨੇ ‘ਮੈੈਸੀ’ ਦੇ ਅਰਜਨਟੀਨਾ ਨੂੰ 2-1 ਨਾਲ ਹਰਾਇਆ

by Admin - 2022-11-23 00:12:52 0 Views 0 Comment
IMG
ਅਰਜਨਟੀਨਾ ਵੱਲੋਂ ਪਹਿਲੇ ਅੱਧ ਵਿੱਚ ਕੀਤੇ ਤਿੰਨ ਗੋਲ ਆਫਸਾਈਡ ਕਰਾਰ ਲੁਸੇਲ - ਸਾਊਦੀ ਅਰਬ ਨੇ ਅੱਜ ਫੀਫਾ ਵਿਸ਼ਵ ਕੱਪ 2022 ਦਾ ਪਹਿਲਾ ਵੱਡਾ ਉਲਟਫੇਰ ਕਰਦਿਆਂ ਗਰੁੱਪ ਸਟੇਜ ਦੇ ਮੁਕਾਬਲੇ ਵਿੱਚ ਲਿਓਨਲ ਮੈਸੀ ਦੇ ਅਰਜਨਟੀਨਾ ਨੂੰ 2-1 ਨਾਲ ਹਰਾ ਦਿੱਤਾ। ਅਰਜਨਟੀਨਾ ਫੀਫਾ ਵਿਸ਼ਵ ਕੱਪ ਜਿੱਤਣ ਵਾਲੇ ਸੰਭਾਵੀ ਦਾਅਵੇਦਾਰਾਂ ’ਚੋਂ ਇਕ ਹੈ। ਸਾਊਦੀ ਅਰਬ ਨੇ ਇਸ ਜਿੱਤ ਨਾਲ ਅਰਜਨਟੀਨਾ ਦੇ ਪਿਛਲੇ 36 ਮੈਚਾਂ ਤੋਂ ਅਜਿਤ ਰਹਿਣ ਦੀ ਮੁਹਿੰਮ ਨੂੰ ਵੀ ਠੱਲ੍ਹ ਦਿੱਤਾ। ਸਾਊਦੀ ਅਰਬ ਲਈ ਸਾਲੇਹ ਅਲਸ਼ਹਿਰੀ(48ਵੇਂ ਮਿੰਟ) ਤੇ ਸਾਲੇਮ ਅਲਦੌਸਰੀ(53ਵੇਂ ਮਿੰਟ) ਨੇ ਦੂਜੇ ਅੱਧ ਵਿੱਚ ਪੰਜ ਮਿੰਟਾਂ ਦੇ ਵਕਫ਼ੇ ਵਿੱਚ ਦੋ ਗੋਲ ਕੀਤੇ, ਜੋ ਫੈਸਲਾਕੁਨ ਸਾਬਤ ਹੋੲੇ। ਸਾਊਦੀ ਟੀਮ ਨੇ ਇਸ ਤੋਂ ਪਹਿਲਾਂ 1994 ਦੇ ਵਿਸ਼ਵ ਕੱਪ ਵਿੱਚ ਬੈਲਜੀਅਮ ਖਿਲਾਫ਼ 1-0 ਨਾਲ ਜਿੱਤ ਦਰਜ ਕਰਕੇ ਉਲਟਫੇਰ ਕੀਤਾ ਸੀ। ਸਾਊਥ ਅਮਰੀਕਨ ਚੈਂਪੀਅਨ ਅਰਜਨਟੀਨਾ ਲਈ ਮੈਸੀ ਨੇ ਪਹਿਲੇ ਅੱਧ ਦੇ 10ਵੇਂ ਮਿੰਟ ਵਿੱਚ ਮਿਲੀ ਪੈਨਲਟੀ ਕਿੱਕ ਨੂੰ ਗੋਲ ਵਿੱਚ ਤਬਦੀਲ ਕਰਕੇ ਟੀਮ ਦਾ ਖਾਤਾ ਖੋਲ੍ਹਿਆ ਸੀ। ਪਹਿਲੇ ਅੱਧ ਵਿੱਚ ਅਰਜਨਟੀਨਾ ਦੀ ਟੀਮ ਨੇ ਤਿੰਨ ਹੋਰ ਗੋਲ ਕੀਤੇ, ਜਿਸ ਨੂੰ ਰੈਫ਼ਰੀ ਨੇ ਆਫਸਾਈਡ ਕਰਾਰ ਦੇ ਕੇ ਰੱਦ ਕਰ ਦਿੱਤਾ। ਟੀਮ ਪਹਿਲੇ ਅੱਧ ਵਿੱਚ 1-0 ਨਾਲ ਅੱਗੇ ਸੀ। ਸਾਊਦੀ ਅਰਬ ਨੇ ਦੂਜੇ ਅੱਧ ਵਿੱਚ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ। ਸਾਲੇਹ ਅਲਸ਼ਹਿਰੀ ਤੇ ਸਾਲੇਮ ਅਲਦੌਸਰੀ ਨੇ ਪੰਜ ਮਿੰਟਾਂ ਦੇ ਵਕਫ਼ੇ ਵਿਚ ਉਪਰੋਥਲੀ ਗੋਲ ਕਰਕੇ ਸਾਊਦੀ ਅਰਬ ਨੂੰ 2-1 ਦੀ ਲੀਡ ਦਿਵਾ ਦਿੱਤੀ, ਜੋ ਅੰਤ ਤੱਕ ਕਾਇਮ ਰਹੀ। ਗੋਲਕੀਪਰ ਮੁਹੰਮਦ ਐਲੋਇਸ ਨੇ ਮੈਚ ਦੇ ਆਖਰੀ ਪਲਾਂ ਵਿੱਚ ਦੋ ਗੋਲ ਬਚਾਏ ਤੇ ਆਪਣੀ ਟੀਮ ਦੀ ਜਿੱਤ ਪੱਕੀ ਕਰ ਦਿੱਤੀ। ਸਾਊਦੀ ਅਰਬ ਦੇ ਕੋਚ ਹਾਰਵੇ ਰੇਨਾਰਡ ਨੇ ਕਿਹਾ, ‘‘ਅਸੀਂ ਸਾਊਦੀ ਫੁਟਬਾਲ ਲਈ ਇਤਿਹਾਸ ਸਿਰਜ ਦਿੱਤਾ ਹੈ।’’ ਆਪਣਾ ਪੰਜਵਾਂ ਤੇ ਸੰਭਾਵੀ ਤੌਰ ’ਤੇ ਅਰਜਨਟੀਨਾ ਲਈ ਆਪਣਾ ਆਖਰੀ ਵਿਸ਼ਵ ਕੱਪ ਖੇਡ ਰਹੇ 35 ਸਾਲਾ ਮੈਸੀ ਨੇ ਮੈਚ ਉਪਰੰਤ ਸਾਊਦੀ ਦੇ ਕੋਚਿੰਗ ਸਟਾਫ਼ ਮੈਂਬਰਾਂ ਨਾਲ ਹੱਥ ਮਿਲਾਏ। ਅਰਜਨਟੀਨਾ ਦੇ ਸਟਰਾਈਕਰ ਲਾਓਤਰੋ ਮਾਰਟੀਨੇਜ਼ ਨੇ ਕਿਹਾ, ‘‘ਅਸੀਂ ਦੂਜੇ ਅੱਧ ਵਿੱਚ ਚੰਗਾ ਨਹੀਂ ਖੇਡੇ। ਛੋਟੀਆਂ ਛੋਟੀਆਂ ਗ਼ਲਤੀਆਂ ਨਾਲ ਵੱਡਾ ਫ਼ਰਕ ਪੈਂਦਾ ਹੈ। ਸਾਨੂੰ ਇਨ੍ਹਾਂ ਗਲਤੀਆਂ ਨੂੰ ਦੂਰ ਕਰਨਾ ਹੋਵੇਗਾ।’’ ਉਧਰ ਅਰਜਨਟੀਨਾ ਦੇ ਕੋਚ ਲਿਓਨਲ ਸਕਾਲੋਨੀ ਨੇ ਕਿਹਾ, ‘‘ਮੈਚ ਤੋਂ ਪਹਿਲਾਂ ਅਸੀਂ ਪਸੰਦੀਦਾ ਟੀਮ ਸੀ, ਪਰ ਵਿਸ਼ਵ ਕੱਪ ਵਿੱਚ ਕੁਝ ਵੀ ਹੋ ਸਕਦਾ ਹੈ।’’ ਅਰਜਨਟੀਨਾ ਗਰੁੱਪ ਸੀ ਦਾ ਆਪਣਾ ਦੂਜਾ ਮੁਕਾਬਲਾ ਸ਼ਨਿੱਚਰਵਾਰ ਨੂੰ ਮੈਕਸਿਕੋ ਨਾਲ ਖੇਡੇਗਾ।

Leave a Comment

Your email address will not be published. Required fields are marked *