IMG-LOGO
Home News index.html
ਪੰਜਾਬ

ਭਗਵੰਤ ਮਾਨ ਦੀ ਰਿਹਾਇਸ਼ ਘੇਰਨ ਜਾਂਦੇ ਭਾਜਪਾ ਆਗੂਆਂ ’ਤੇ ਪਾਣੀ ਦੀਆਂ ਬੁਛਾੜਾਂ

by Admin - 2022-09-22 22:44:42 0 Views 0 Comment
IMG
ਚੰਡੀਗੜ੍ਹ ਪੁਲੀਸ ਨਾਲ ਹੋਈ ਧੱਕੀ-ਮੁੱਕੀ ’ਚ ਚਾਰ ਭਾਜਪਾ ਆਗੂ ਜ਼ਖ਼ਮੀ ਚੰਡੀਗੜ੍ਹ - ਆਮ ਆਦਮੀ ਪਾਰਟੀ ਅਤੇ ਭਾਜਪਾ ਦਰਮਿਆਨ ‘ਅਪਰੇਸ਼ਨ ਲੋਟਸ’ ਨੂੰ ਲੈ ਕੇ ਅੱਜ ਟਕਰਾਅ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸੇ ਤਹਿਤ ਪੰਜਾਬ ਭਾਜਪਾ ਦੀ ਅਗਵਾਈ ਵਿਚ ਰੋਸ ਮਾਰਚ ਅੱਜ ਇੱਥੇ ਭਾਜਪਾ ਦਫ਼ਤਰ ’ਚੋਂ ਸ਼ੁਰੂ ਹੋਇਆ। ਜਿਵੇਂ ਹੀ ਰੋਸ ਮਾਰਚ ਸੈਕਟਰ-38 ਵੱਲ ਵਧਿਆ ਤਾਂ ਚੰਡੀਗੜ੍ਹ ਪੁਲੀਸ ਨੇ ਬੈਰੀਕੇਡ ਲਗਾ ਕੇ ਮਾਰਚ ਦੇ ਰਾਹ ਰੋਕ ਲਏ। ਭਾਜਪਾ ਆਗੂ ਅਤੇ ਵਰਕਰਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਾ ਸੀ ਪਰ ਉਸ ਤੋਂ ਪਹਿਲਾਂ ਹੀ ਮਾਰਚ ਨੂੰ ਰੋਕਣ ਲਈ ਪੁਲੀਸ ਨੇ ਜਲ ਤੋਪਾਂ ਦੀਆਂ ਬੁਛਾੜਾਂ ਛੱਡ ਦਿੱਤੀਆਂ। ਰੋਹ ’ਚ ਆਏ ਭਾਜਪਾ ਆਗੂ ਬੈਰੀਕੇਡਾਂ ’ਤੇ ਚੜ੍ਹ ਗਏ। ਇਸ ਮੌਕੇ ਪੁਲੀਸ ਨਾਲ ਧੱਕਾ-ਮੁੱਕੀ ਵੀ ਹੋਈ, ਜਿਸ ਵਿਚ ਚਾਰ ਭਾਜਪਾ ਆਗੂ ਤੇ ਵਰਕਰ ਜ਼ਖ਼ਮੀ ਹੋ ਗਏ। ਪੁਲੀਸ ਨੇ ਭਾਜਪਾ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ, ਜਿਨ੍ਹਾਂ ਨੂੰ ਕਰੀਬ ਇੱਕ ਘੰਟੇ ਮਗਰੋਂ ਰਿਹਾਅ ਕਰ ਦਿੱਤਾ ਗਿਆ। ਭਾਜਪਾ ਦੇ ਜਨਰਲ ਸਕੱਤਰ ਦਿਆਲ ਸੋਢੀ ਨੇ ਦੱਸਿਆ ਕਿ ਅੱਜ ਪੁਲੀਸ ਦੀ ਧੱਕੇਸ਼ਾਹੀ ਕਾਰਨ ਉਨ੍ਹਾਂ ਸਮੇਤ ਸੋਮ ਪ੍ਰਕਾਸ਼ ਮਲੋਟ, ਮੰਗਲ ਦੇਵ ਧਨੌਲਾ, ਉਮੇਸ਼ ਸ਼ਾਕਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਸੀ ਕਿ ‘ਆਪ’ ਸਰਕਾਰ ਵੱਲੋਂ ਜੋ ਅਪਰੇਸ਼ਨ ਲੋਟਸ ਦੀ ਨੌਟੰਕੀ ਕੀਤੀ ਜਾ ਰਹੀ ਹੈ ਅਤੇ ਰਾਜਪਾਲ ਵੱਲੋਂ ਸੈਸ਼ਨ ਰੱਦ ਕੀਤੇ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਸ ਸਬੰਧੀ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਣਾ ਸੀ। ਉਨ੍ਹਾਂ ਕਿਹਾ ਕਿ ਰਾਜਪਾਲ ਨੇ ਪੰਜਾਬ ਦੇ ਲੋਕ ਹਿੱਤਾਂ ਲਈ ਫ਼ੈਸਲਾ ਲਿਆ ਹੈ ਅਤੇ ਭਗਵੰਤ ਮਾਨ ਸੰਵਿਧਾਨ ਦੀ ਥਾਂ ਕੇਜਰੀਵਾਲ ਦੇ ਹੁਕਮਾਂ ਨੂੰ ਤਰਜੀਹ ਦੇ ਰਹੇ ਹਨ। ਅੱਜ ਰੋਸ ਮਾਰਚ ਦੀ ਅਗਵਾਈ ਅਸ਼ਵਨੀ ਸ਼ਰਮਾ, ਜਨਰਲ ਸਕੱਤਰ ਸੁਭਾਸ਼ ਸ਼ਰਮਾ, ਜੀਵਨ ਗੁਪਤਾ, ਦਿਆਲ ਸੋਢੀ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਤੀਕਸ਼ਣ ਸੂਦ, ਸੁਰਜੀਤ ਜਿਆਣੀ, ਸੁਨੀਲ ਜਾਖੜ, ਜੈ ਇੰਦਰ ਕੌਰ, ਰਾਣਾ ਸੋਢੀ ਆਦਿ ਕਰ ਰਹੇ ਸਨ। ਦੂਜੇ ਪਾਸੇ ਅੱਜ ‘ਆਪ’ ਵਿਧਾਇਕਾਂ ਦਾ ਸ਼ਾਂਤੀ ਮਾਰਚ ਰਾਜ ਭਵਨ ਵੱਲ ਵਧਿਆ ਤਾਂ ਪੁਲੀਸ ਨੇ ਬੈਰੀਕੇਡ ਲਗਾ ਕੇ ਵਿਧਾਇਕਾਂ ਦੇ ਰਾਹ ਰੋਕ ਦਿੱਤੇ। ਰੋਹ ਵਿਚ ਆਏ ਵਿਧਾਇਕਾਂ ਨੇ ਸੜਕ ’ਤੇ ਦਰੀਆਂ ਵਿਛਾ ਕੇ ਪ੍ਰਦਰਸ਼ਨ ਕੀਤਾ। ਪੰਜ ਲੱਖ ਵਾਲੇ ਮਾਲ ਦਾ 25 ਕਰੋੜ ਕੌਣ ਦੇਵੇਗਾ: ਜਾਖੜ ਭਾਜਪਾ ਆਗੂ ਸੁਨੀਲ ਜਾਖੜ ਨੇ ਅੱਜ ਕਿਹਾ ਕਿ ਪੰਜ ਲੱਖ ਵਾਲੇ ਵਿਕਾਊ ਮਾਲ ਦਾ 25 ਕਰੋੜ ਕੌਣ ਦਿੰਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦਾ ਵਿਧਾਇਕ ਵਿਜੈ ਸਿੰਗਲਾ ਪੰਜ ਲੱਖ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿਚ ਫੜਿਆ ਗਿਆ ਸੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਪ੍ਰਤੀ ਲੋਕਾਂ ਨੇ ਅਵਿਸ਼ਵਾਸ ਸੰਗਰੂਰ ਦੀ ਜ਼ਿਮਨੀ ਚੋਣ ਵਿਚ ਦਿਖਾ ਦਿੱਤਾ ਹੈ। ਤਿੰਨ ਮਹੀਨੇ ਵਿਚ ਹੀ ਸਰਕਾਰ ਦੀਆਂ ਨਾਕਾਮੀਆਂ ਸਾਹਮਣੇ ਆ ਗਈਆਂ ਹਨ।

Leave a Comment

Your email address will not be published. Required fields are marked *