IMG-LOGO
Home News ਖਣਨ ਕੇਸ ਰੱਦ ਕਰਵਾਉਣ ਲਈ ਸੰਘਰਸ਼ - ਕਿਸਾਨਾਂ ਨੇ ਮੌੜ ਥਾਣੇ ਅੱਗੇ ਪੱਕਾ ਮੋਰਚਾ ਲਾਇਆ
ਪੰਜਾਬ

ਖਣਨ ਕੇਸ ਰੱਦ ਕਰਵਾਉਣ ਲਈ ਸੰਘਰਸ਼ - ਕਿਸਾਨਾਂ ਨੇ ਮੌੜ ਥਾਣੇ ਅੱਗੇ ਪੱਕਾ ਮੋਰਚਾ ਲਾਇਆ

by Admin - 2022-09-19 22:04:14 0 Views 0 Comment
IMG
ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਮੌੜ ਮੰਡੀ - ਪਿੰਡ ਮੌੜ ਚੜ੍ਹਤ ਸਿੰਘ ਵਿੱਚ ਬੀਤੇ ਦਿਨੀਂ ਖੇਤਾਂ ਵਿੱਚੋਂ ਮਿੱਟੀ ਚੁੱਕਣ ’ਤੇ ਕਿਸਾਨਾਂ ਖ਼ਿਲਾਫ਼ ਦਰਜ ਕੇਸ ਰੱਦ ਕਰਵਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਨੇ ਥਾਣਾ ਮੌੜ ਅੱਗੇ ਪੁਲੀਸ ਤੇ ਵਿਧਾਇਕ ਸੁਖਬੀਰ ਮਾਈਸਰਖਾਨਾ ਖ਼ਿਲਾਫ਼ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਧਰਨੇ ’ਚ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਭਗਵੰਤ ਮਾਨ ਸਰਕਾਰ ’ਤੇ ਕੇਂਦਰ ਦੀ ਮੋਦੀ ਸਰਕਾਰ ਦੇ ਕਦਮਾਂ ’ਤੇ ਚੱਲਣ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੁਣ ਕਿਸਾਨਾਂ ਤੇ ਮਜ਼ਦੁੂਰਾਂ ਦੇ ਹੱਕ ਖੋਹ ਕੇ ਨਿੱਜੀ ਰੰਜਿਸ਼ਾਂ ਕੱਢਣ ਅਤੇ ਕਿਸਾਨਾਂ ’ਤੇ ਪਰਚੇ ਦਰਜ ਕਰਵਾਉਣ ਲੱਗੀ ਹੋਈ ਹੈ। ਉਨ੍ਹਾਂ ਹਲਕਾ ਵਿਧਾਇਕ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਕਿਸਾਨਾਂ ਨੂੰ ਨਿਸ਼ਾਨਾ ਬਣਾ ਕੇ ਨਿੱਜੀ ਰੰਜ਼ਿਸ਼ ਕੱਢਣੀ ਬੰਦ ਕਰ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇ ਨਾ ਕਿ ਪੁਰਾਣੀਆਂ ਸਰਕਾਰਾਂ ਵਾਂਗ ‘ਪਰਚਾ ਵਿਧਾਇਕ’ ਬਣ ਕੇ ਆਮ ਲੋਕਾਂ ਨੂੰ ਤੰਗ ਕੀਤਾ ਜਾਵੇ। ਜੋਗਿੰਦਰ ਸਿੰਘ ਉਗਰਾਹਾਂ ਨੇ ਪੰਜਾਬ ਸਰਕਾਰ ਨੂੰ ਇਹ ਵੀ ਕਿਹਾ ਕਿ ਪੰਜਾਬ ਵਿੱਚ ਚੱਲਦੀ ਮਾਈਨਿੰਗ ਅਤੇ ਸ਼ਰੇਆਮ ਵਿਕਦਾ ਚਿੱਟਾ ਉਹ ਦਿਖਾਉਣ ਲਈ ਤਿਆਰ ਹਨ। ਜੇਕਰ ਮਾਨ ਸਰਕਾਰ ਨਸ਼ਾ ਤੇ ਮਾਈਨਿੰਗ ਖ਼ਤਮ ਕਰਨਾ ਚਾਹੁੰਦੀ ਹੈ ਤਾਂ ਅਸਲ ਮਾਫ਼ੀਆ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਪਰ ਕਾਰਵਾਈ ਦੇ ਨਾਮ ’ਤੇ ਕਿਸਾਨਾਂ ਤੋਂ ਪੈਸੇ ਨਾ ਉਗਰਾਹੇ ਜਾਣ। ਉਨ੍ਹਾਂ ਕਿਹਾ ਕਿ ਸਿਰਫ਼ ਭਗਤ ਸਿੰਘ ਦੇ ਨਾਅਰੇ ਲਾ ਕੇ ਇਨਕਲਾਬ ਜਾਂ ਬਦਲਾਅ ਨਹੀਂ ਲਿਆਂਦਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਵੱਡੇ ਲੋਕਾਂ ਵੱਲੋਂ ਕੀਤੀ ਜਾ ਰਹੀ ਮਾਈਨਿੰਗ ਪਹਿਲਾਂ ਦੀ ਤਰ੍ਹਾਂ ਜਾਰੀ ਹੈ ਪਰ ਕਿਸਾਨਾਂ ਖ਼ਿਲਾਫ਼ ਆਪਣੇ ਖੇਤਾਂ ਵਿੱਚੋਂ ਮਿੱਟੀ ਚੁੱਕਣ ’ਤੇ ਵੀ ਪਰਚੇ ਦਰਜ ਕੀਤੇ ਜਾ ਰਹੇ ਹਨ। ਇਸ ਦੌਰਾਨ ਕਿਸਾਨ ਆਗੂ ਨੇ ਧਰਨੇ ’ਚ ਇਕੱਤਰ ਕਿਸਾਨਾਂ ਨੂੰ ਭਗਤ ਸਿੰਘ ਦੇ ਜਨਮ ਦਿਨ ਮੌਕੇ 28 ਸਤੰਬਰ ਨੂੰ ਬਰਨਾਲਾ ਵਿੱਚ ਵੱਧ ਤੋਂ ਵੱਧ ਗਿਣਤੀ ’ਚ ਪਹੁੰਚਣ ਦਾ ਸੱਦਾ ਦਿੱਤਾ। ਸੂਬਾਈ ਆਗੂ ਝੰਡਾ ਸਿੰਘ ਜੇਠੂਕੇ, ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਸਮੇਤ ਹੋਰਨਾਂ ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਹਲਕਾ ਵਿਧਾਇਕ ਮਾਈਸਰਖਾਨਾ ਵੱਲੋਂ ਕਿਸਾਨਾਂ ’ਤੇ ਦਰਜ ਕਰਵਾਏ ਗਏ ਕੇਸਾਂ ਦੇ ਰੱਦ ਹੋਣ ਤੱਕ ਥਾਣੇ ਅੱਗੇ ਲਗਾਏ ਇਸ ਪੱਕੇ ਮੋਰਚੇ ਵਿੱਚ ਡੱਟ ਕੇ ਸੰਘਰਸ਼ ਦਾ ਸਾਥ ਦੇਣ। ਇਸ ਮੌਕੇ ਹਰਜਿੰਦਰ ਸਿੰਘ ਬੱਗੀ, ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ, ਰਾਜਵਿੰਦਰ ਸਿੰਘ ਤੇ ਸੁਖਦੇਵ ਸਿੰਘ ਰਾਮਪੁਰਾ ਆਦਿ ਨੇ ਵੀ ਸੰਬੋਧਨ ਕੀਤਾ। ਜਾਣਕਾਰੀ ਮੁਤਾਬਿਕ ਕਿਸਾਨਾਂ ਦੇ ਇਸ ਧਰਨੇ ਵਿੱਚ ਸ਼ਾਮ ਤੱਕ ਪ੍ਰਸ਼ਾਸਨ ਵੱਲੋਂ ਕਿਸੇ ਵੀ ਅਧਿਕਾਰੀ ਨੇ ਗੱਲਬਾਤ ਲਈ ਪਹੁੰਚ ਨਹੀਂ ਕੀਤੀ ਸੀ।

Leave a Comment

Your email address will not be published. Required fields are marked *