IMG-LOGO
Home News index.html
ਖੇਡ

ਲਾਅਨ ਟੈਨਿਸ ਦੀ ਮਹਾਰਾਣੀ ਸੇਰੇਨਾ ਵਿਲੀਅਮਜ਼

by Admin - 2022-09-09 22:57:43 0 Views 0 Comment
IMG
ਨਵਦੀਪ ਸਿੰਘ ਗਿੱਲ ਸੇਰੇਨਾ ਵਿਲੀਅਮਜ਼ ਲਾਅਨ ਟੈਨਿਸ ਖੇਡ ਦੀ ਮਹਾਨ ਖਿਡਾਰਨ ਹੈ ਜਿਸ ਨੇ ਯੂ.ਐੱਸ.ਓਪਨ ਦੇ ਤੀਜੇ ਰਾਊਂਡ ਤੋਂ ਬਾਹਰ ਹੋਣ ਤੋਂ ਬਾਅਦ ਆਪਣੇ ਸ਼ਾਨਦਾਰ ਢਾਈ ਦਹਾਕੇ ਦੇ ਕੌਮਾਂਤਰੀ ਟੈਨਿਸ ਜੀਵਨ ਨੂੰ ਅਲਵਿਦਾ ਆਖ ਦਿੱਤੀ। ਸੇਰੇਨਾ ਨੂੰ ਲਾਅਨ ਟੈਨਿਸ ਦੀ ਸ਼ਾਹ ਅਸਵਾਰ ਜਾਂ ਮਹਾਰਾਣੀ ਕਹੀਏ ਤਾਂ ਅਤਿਕਥਨੀ ਨਹੀਂ ਹੋਵੇਗੀ। ਓਪਨ ਇਰਾ (1968 ਤੋਂ ਬਾਅਦ ਦਾ ਸਮਾਂ) ਵਿੱਚ ਪੁਰਸ਼ ਤੇ ਮਹਿਲਾ ਵਰਗ ਦੋਵਾਂ ਨੂੰ ਮਿਲਾ ਕੇ ਉਹ ਸਭ ਤੋਂ ਵੱਧ ਗਰੈਂਡ ਸਲੈਮ ਜਿੱਤਣ ਵਾਲੀ ਖਿਡਾਰਨ ਹੈ ਜਿਸ ਨੇ ਸਿੰਗਲਜ਼ ਵਰਗ ਵਿੱਚ 23 ਗਰੈਂਡ ਸਲੈਮ ਖਿਤਾਬ ਜਿੱਤੇ ਹਨ। ਮਹਿਲਾ ਵਰਗ ਵਿੱਚ ਸੇਰੇਨਾ ਤੋਂ ਬਾਅਦ ਸਟੈਫੀ ਗਰਾਫ਼ ਨੇ 22 ਗਰੈਂਡ ਸਲੈਮ ਜਿੱਤੇ ਸਨ ਜਿਸ ਦਾ ਰਿਕਾਰਡ ਸੇਰੇਨਾ ਨੇ ਤੋੜਿਆ। ਹਾਲਾਂਕਿ ਓਪਨ ਇਰਾ ਤੋਂ ਪਹਿਲਾਂ ਦੇ ਸਮੇਂ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ਆਸਟਰੇਲੀਆ ਦੀ ਮਾਰਗਰੇਟ ਕੋਰਟ ਨੇ ਸਭ ਤੋਂ ਵੱਧ 24 ਖਿਤਾਬ ਜਿੱਤੇ ਹਨ, ਪਰ ਓਪਨ ਇਰਾ ਵਿੱਚ ਇਹ ਰਿਕਾਰਡ ਸੇਰੇਨਾ ਦੇ ਨਾਮ ਦਰਜ ਹੈ। ਪੁਰਸ਼ ਵਰਗ ਵਿੱਚ ਵੀ ਸਭ ਤੋਂ ਵੱਧ ਗਰੈਂਡ ਸਲੈਮ ਸਪੇਨ ਦੇ ਰਾਫੇਲ ਨਡਾਲ ਨੇ 22 ਜਿੱਤੇ ਹਨ। ਸੇਰੇਨਾ ਵਿਲੀਅਮਜ਼ ਦਾ ਜਨਮ 26 ਸਤੰਬਰ 1981 ਨੂੰ ਅਮਰੀਕਾ ਦੇ ਮਿਸ਼ੀਗਨ ਸੂਬੇ ਦੇ ਸ਼ਹਿਰ ਸਾਗਿਨਾਅ ਵਿਖੇ ਰਿਚਰਡ ਵਿਲੀਅਮਜ਼ ਤੇ ਮਾਤਾ ਔਰਾਸੀਨ ਪ੍ਰਾਈਸ ਦੇ ਘਰ ਹੋਇਆ। ਉਹ ਔਰਾਸੀਨ ਪ੍ਰਾਈਸ ਦੀਆਂ ਪੰਜ ਕੁੜੀਆਂ ਵਿੱਚੋਂ ਸਭ ਤੋਂ ਛੋਟੀ ਹੈ। ਯੂਤੈਂਦੀ, ਲੈਂਡਰੀਆ ਅਤੇ ਈਸ਼ਾ ਪ੍ਰਾਈਸ ਉਸ ਦੀਆਂ ਮਤਰੇਈਆਂ ਭੈਣਾਂ ਹਨ। ਚੌਥੀ ਵੀਨਸ ਉਸ ਦੀ ਸਕੀ ਭੈਣ ਹੈ ਜੋ ਸੇਰੇਨਾ ਤੋਂ ਸਵਾ ਸਾਲ ਵੱਡੀ ਹੈ। ਉਸ ਦੇ ਪਿਤਾ ਵੱਲੋਂ ਸੱਤ ਮਤਰੇਏ ਭੈਣ-ਭਰਾ ਹਨ। ਸੇਰੇਨਾ ਨੇ ਚਾਰ ਵਰ੍ਹਿਆਂ ਦੀ ਨਿੱਕੀ ਉਮਰੇ ਟੈਨਿਸ ਖੇਡਣੀ ਸ਼ੁਰੂ ਕੀਤੀ। ਸ਼ੁਰੂਆਤੀ ਸਮੇਂ ਵਿੱਚ ਉਸ ਦੇ ਮਾਤਾ-ਪਿਤਾ ਹੀ ਕੋਚ ਸਨ। ਸੇਰੇਨਾ ਉਦੋਂ 10 ਵਰ੍ਹਿਆਂ ਦੀ ਸੀ ਜਦੋਂ ਉਸ ਦੇ ਪਿਤਾ ਨੇ ਦੋਵੇਂ ਭੈਣਾਂ ਨੂੰ ਨੈਸ਼ਨਲ ਜੂਨੀਅਰ ਟੈਨਿਸ ਟੂਰਨਾਮੈਂਟ ਵਿੱਚ ਭੇਜਣ ਤੋਂ ਇਨਕਾਰ ਕਰ ਦਿੱਤਾ। ਉਹ ਚਾਹੁੰਦਾ ਸੀ ਕਿ ਸੇਰੇਨਾ ਤੇ ਵੀਨਸ ਦੋਵੇਂ ਆਪਣੀ ਪੜ੍ਹਾਈ ਉਤੇ ਧਿਆਨ ਦੇਣ। ਉਸ ਦੇ ਇਸ ਫ਼ੈਸਲੇ ਉਤੇ ਨਸਲਵਾਦ ਦਾ ਵੀ ਅਸਰ ਸੀ ਕਿਉਂਕਿ ਟੂਰਨਾਮੈਂਟ ਦੌਰਾਨ ਉਸ ਨੇ ਗੋਰੇ ਬੱਚਿਆਂ ਦੇ ਮਾਪਿਆਂ ਨੂੰ ਅਕਸਰ ਵੀਨਸ ਅਤੇ ਸੇਰੇਨਾ ਬਾਰੇ ਮਾੜੇ ਸ਼ਬਦ ਬੋਲਦੇ ਸੁਣਿਆ ਸੀ। ਹਾਲਾਂਕਿ ਉਸ ਸਮੇਂ ਸੇਰੇਨਾ 10 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਵਿੱਚ ਫਲੋਰਿਡਾ ਵਿੱਚ ਪਹਿਲੇ ਰੈਂਕ ’ਤੇ ਸੀ। 17 ਵਰ੍ਹਿਆਂ ਤੋਂ ਘੱਟ ਉਮਰੇ ਸੇਰੇਨਾ ਨੇ 1998 ਵਿੱਚ ਆਪਣਾ ਪਹਿਲਾ ਗਰੈਂਡ ਸਲੈਮ ਆਸਟਰੇਲੀਅਨ ਓਪਨ ਖੇਡਿਆ। 18 ਵਰ੍ਹਿਆਂ ਦੀ ਉਮਰੇ ਉਸ ਨੇ 1999 ਵਿੱਚ ਯੂ.ਐੱਸ.ਓਪਨ ਖੇਡਦਿਆਂ ਕਿਮ ਕਲਾਈਸਟਰਜ਼, ਮਾਰਟੀਨਜ਼, ਮੋਨਿਕਾ ਸੈਲੇਸ ਤੇ ਪਿਛਲੀ ਚੈਂਪੀਅਨ ਲਿੰਡਸੇ ਡੈਵਨਪੋਰਟ ਵਰਗੀਆਂ ਵੱਡੀਆਂ ਖਿਡਾਰਨਾਂ ਨੂੰ ਹਰਾ ਕੇ ਪਹਿਲੀ ਵਾਰ ਸਿੰਗਲਜ਼ ਗਰੈਂਡ ਸਲੈਮ ਦੇ ਫਾਈਨਲ ਵਿੱਚ ਦਾਖਲਾ ਪਾਇਆ। ਫਾਈਨਲ ਵਿੱਚ ਸੇਰੇਨਾ ਨੇ ਸਵਿਟਰਜ਼ਰਲੈਂਡ ਦੀ ਮਾਰਟੀਨਾ ਹਿੰਗਿਸ ਨੂੰ ਸਿੱਧੇ ਸੈਟਾਂ 6-3 ਤੇ 7-6 ਨਾਲ ਹਰਾ ਕੇ ਆਪਣਾ ਪਹਿਲਾ ਸਿੰਗਲਜ਼ ਗਰੈਂਡ ਸਲੈਮ ਖਿਤਾਬ ਜਿੱਤਿਆ। ਯੂ.ਐੱਸ. ਓਪਨ ਜਿੱਤਣ ਵਾਲੀ ਉਹ ਦੂਸਰੀ ਅਫ਼ਰੀਕਨ ਅਮਰੀਕਨ ਮਹਿਲਾ ਬਣ ਗਈ। ਇਸ ਤੋਂ ਬਾਅਦ ਸੇਰੇਨਾ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਫੇਰ 20 ਸਾਲ ਟੈਨਿਸ ਖੇਡ ’ਤੇ ਰਾਜ ਕੀਤਾ। ਸੇਰੇਨਾ ਨੇ ਆਪਣੇ ਖੇਡ ਜੀਵਨ ਵਿੱਚ ਆਸਟਰੇਲੀਅਨ ਓਪਨ ਤੇ ਵਿੰਬਲਡਨ 7-7 ਵਾਰ, ਯੂ.ਐੱਸ.ਓਪਨ 6 ਵਾਰ ਅਤੇ ਫਰੈਂਚ ਓਪਨ 3 ਵਾਰ ਜਿੱਤਿਆ ਹੈ। ਹਾਰਡ ਕੋਰਟ (ਆਸਟਰੇਲੀਅਨ ਤੇ ਯੂ.ਐੱਸ.ਓਪਨ) ਉੱਪਰ ਸੇਰੇਨਾ ਸਭ ਤੋਂ ਵੱਧ 13 ਗਰੈਂਡ ਸਲੈਮ ਜਿੱਤਣ ਵਾਲੀ ਖਿਡਾਰਨ ਹੈ। 30 ਸਾਲ ਤੋਂ ਵੱਧ ਉਮਰ ਵਿੱਚ 10 ਗਰੈਂਡ ਸਲੈਮ ਨਾਲ ਉਹ ਸਭ ਤੋਂ ਵੱਧ ਖਿਤਾਬ ਜਿੱਤਣ ਵਾਲੀ ਖਿਡਾਰਨ ਵੀ ਹੈ। ਪੁਰਸ਼ ਤੇ ਮਹਿਲਾ ਵਰਗ ਵਿੱਚ ਉਹ ਇਕਲੌਤੀ ਖਿਡਾਰਨ ਹੈ ਜਿਸ ਨੇ 6 ਵਾਰ ਘੱਟੋ-ਘੱਟ ਤਿੰਨ ਗਰੈਂਡ ਸਲੈਮ ਜਿੱਤੇ ਹਨ। 2016 ਵਿੱਚ ਉਹ ਪਹਿਲੀ ਖਿਡਾਰਨ ਬਣੀ ਜਿਸ ਨੇ ਗਰੈਂਡ ਸਲੈਮ ਮੁਕਾਬਲਿਆਂ ਵਿੱਚ 60 ਤੋਂ ਵੱਧ ਮੈਚ ਜਿੱਤੇ ਹੋਣ। 35 ਸਾਲ ਤੋਂ ਵੱਧ ਉਮਰ ਵਿੱਚ ਗਰੈਂਡ ਸਲੈਮ ਜਿੱਤਣ ਅਤੇ ਪਹਿਲੀ ਰੈਂਕਿੰਗ ਹਾਸਲ ਕਰਨ ਵਾਲੀ ਵੀ ਉਹ ਪਹਿਲੀ ਖਿਡਾਰਨ ਹੈ। ਉਹ ਪਹਿਲੀ ਖਿਡਾਰਨ ਹੈ ਜੋ ਚਾਰ ਦਹਾਕਿਆਂ ਵਿੱਚ ਗਰੈਂਡ ਸਲੈਮ ਅਤੇ ਯੂ.ਐੱਸ. ਓਪਨ ਦੇ ਸੈਮੀ ਫਾਈਨਲ ਵਿੱਚ ਪੁੱਜੀ ਹੋਵੇ ਅਤੇ ਚਾਰ ਦਹਾਕਿਆਂ (1990ਵਿਆਂ, 2000ਵਿਆਂ, 2010ਵਿਆਂ ਤੇ 2020ਵਿਆਂ) ਵਿੱਚ ਸਿੰਗਲਜ਼ ਦੇ ਟਾਈਟਲ ਜਿੱਤਣ ਵਾਲੀ ਵੀ ਉਹ ਟੈਨਿਸ ਦੀ ਇਕਲੌਤੀ ਖਿਡਾਰਨ ਹੈ। ਸਿੰਗਲਜ਼ ਦੇ 23 ਖਿਤਾਬਾਂ ਤੋਂ ਇਲਾਵਾ ਮਹਿਲਾ ਡਬਲਜ਼ ਵਿੱਚ 14 ਤੇ ਮਿਕਸਡ ਡਬਲਜ਼ ਵਿੱਚ 2 ਖਿਤਾਬ ਜਿੱਤੇ ਹਨ। ਇਸ ਤਰ੍ਹਾਂ ਸੇਰੇਨਾ ਨੇ ਕੁੱਲ 39 ਗਰੈਂਡ ਸਲੈਮ ਟਾਈਟਲ ਜਿੱਤੇ ਹਨ। ਪ੍ਰੋਫੈਸ਼ਨਲ ਕਰੀਅਰ ਦੇ ਨਾਲ ਉਸ ਨੇ ਅਮਰੀਕਾ ਵੱਲੋਂ ਓਲੰਪਿਕ ਖੇਡਾਂ ਵਿੱਚ ਚਾਰ ਸੋਨੇ ਦੇ ਤਮਗ਼ੇ ਜਿੱਤੇ ਜਿਨ੍ਹਾਂ ਵਿੱਚੋਂ ਇੱਕ ਸਿੰਗਲਜ਼ ਅਤੇ ਤਿੰਨ ਡਬਲਜ਼ ਵਿੱਚ ਜਿੱਤੇ ਹਨ। ਸੇਰੇਨਾ ਨੇ ਆਪਣੇ ਕਰੀਅਰ ਵਿੱਚ ਦੋ ਵਾਰ ਲਗਾਤਾਰ ਚਾਰੇ ਗਰੈਂਡ ਸਲੈਮ ਜਿੱਤੇ ਹਨ ਜਿਸ ਨੂੰ ਸੇਰੇਨਾ ਸਲੈਮ ਨਾਲ ਪੁਕਾਰਿਆ ਜਾਂਦਾ ਰਿਹਾ ਹੈ। ਇੱਕ ਵਾਰ ਡਬਲਜ਼ ਵਿੱਚ ਚਾਰੇ ਗਰੈਂਡ ਸਲੈਮ ਜਿੱਤੇ ਹਨ। ਓਪਨ ਇਰਾ ਵਿੱਚ ਉਹ ਓਲੰਪਿਕਸ ਦੇ ਸਿੰਗਲਜ਼ ਤੇ ਡਬਲਜ਼ ਦੋਵਾਂ ਦੇ ਸੋਨ ਤਮਗ਼ੇ ਜਿੱਤਣ ਵਾਲੀ ਪਹਿਲੀ ਖਿਡਾਰਨ ਹੈ। ਵੀਨਸ ਵਿਲੀਅਮਜ਼ ਨੇ ਵੀ 7 ਸਿੰਗਲਜ਼ ਗਰੈਂਡ ਸਲੈਮ ਜਿੱਤੇ ਹਨ। ਇਸ ਤੋਂ ਇਲਾਵਾ ਵਿਲੀਅਮ ਭੈਣਾਂ ਨੇ ਮਿਲ ਕੇ 14 ਡਬਲਜ਼ ਗਰੈਂਡ ਸਲੈਮ ਅਤੇ ਤਿੰਨ ਓਲੰਪਿਕਸ ਸੋਨੇ ਦੇ ਤਮਗ਼ੇ ਜਿੱਤੇ ਹਨ। ਟੈਨਿਸ ਵਿੱਚ ਵਿਲੀਅਮਜ਼ ਭੈਣਾਂ ਪੂਰੀ ਤਰ੍ਹਾਂ ਛਾਈਆਂ ਰਹੀਆਂ। ਸੇਰੇਨਾ ਮਹਿਲਾ ਟੈਨਿਸ ਵਿੱਚ 319 ਹਫ਼ਤੇ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਰਹੀ ਜਿਸ ਵਿੱਚੋਂ 186 ਹਫ਼ਤੇ ਲਗਾਤਾਰ ਇਸ ਪੁਜੀਸ਼ਨ ਉਤੇ ਰਹੀ। ਆਪਣੇ ਕਰੀਅਰ ਵਿੱਚ ਪੰਜ ਵਾਰ ਉਹ ਸਾਲ ਦੇ ਅੰਤ ਉਤੇ ਵਿਸ਼ਵ ਦੇ ਪਹਿਲੇ ਰੈਂਕ ਦੀ ਖਿਡਾਰਨ ਰਹੀ ਹੈ। ਉਸ ਦੀ ਖੇਡ ਦੇ ਨਾਲ ਖੇਡ ਦਾ ਸਟਾਈਲ ਵੀ ਬਹੁਤ ਮਕਬੂਲ ਹੋਇਆ ਹੈ। ਉਹ ਅਦੁੱਤੀ ਅਥਲੀਟ ਹੈ ਜਿਸ ਨੂੰ ਉਸ ਦੀ ਫੁਰਤੀ, ਸਪੀਡ, ਕੋਰਟ ਕਵਰੇਜ਼, ਚੁਸਤੀ, ਲਚਕ, ਸੰਤੁਲਨ ਅਤੇ ਫੁਟਵਰਕ ਲਈ ਜਾਣਿਆ ਜਾਂਦਾ ਹੈ। ਉਸ ਦੀ ਖੇਡ ਮੈਦਾਨ ਵਿੱਚ ਲਿਆਕਤ, ਸ਼ਾਟ ਦੀ ਚੋਣ ਉਸ ਨੂੰ ਆਪਣੀ ਖੇਡ ਦੀ ਦਸ਼ਾ ਅਤੇ ਦਿਸ਼ਾ ਨੂੰ ਨਿਰਦੇਸ਼ਨ ਦੇਣ ਦੇ ਯੋਗ ਬਣਾਉਂਦੇ ਹਨ। ਉਹ ਕੋਰਟ ਅੰਦਰ ਪੂਰੀ ਮਾਨਸਿਕ ਦ੍ਰਿੜਤਾ ਨਾਲ ਖੇਡਦੀ ਹੋਈ ਵਿਰੋਧੀ ਉਤੇ ਆਸਾਨੀ ਨਾਲ ਹਾਵੀ ਹੋਣ ਦਾ ਫ਼ਨ ਰੱਖਦੀ ਹੈ। ਪਾਵਰ ਗੇਮ ਖੇਡਣ ਵਾਲੀ ਸੇਰੇਨਾ ਕੋਰਟ ਉੱਪਰ ਦਰਸ਼ਨੀ ਖੇਡ ਦਾ ਪ੍ਰਦਰਸ਼ਨ ਕਰਦੀ ਰਹੀ ਹੈ ਜਿਸ ਦੇ ਪ੍ਰਸੰਸਕ ਬਹੁਤ ਦੀਵਾਨੇ ਸਨ। ਉਹ ਫੋਰਹੈਂਡ ਤੇ ਬੈਕਹੈਂਡ ਦੋਵਾਂ ਵਿੱਚ ਮਾਹਿਰ ਰਹੀ ਹੈ ਅਤੇ ਉਸ ਦੀ ਤੇਜ਼ ਤਰਾਰ ਸਰਵਿਸ ਸਭ ਤੋਂ ਕਾਰਗਾਰ ਹਥਿਆਰ ਹੁੰਦੀ ਸੀ। ਇਕੇਰਾਂ ਉਸ ਨੇ ਆਸਟਰੇਲੀਅਨ ਓਪਨ ਵਿੱਚ 207 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਸਰਵਿਸ ਕੀਤੀ। ਲੰਬੀਆਂ ਗੇਮਾਂ ਵਿੱਚ ਅੰਕ ਬਟੋਰਨ ਵਾਲੀ ਸੇਰੇਨਾ ਏਸ ਪੁਆਇੰਟ ਅਤੇ ਮੋੜਵੀਂ ਸਰਵਿਸ ਨਾਲ ਵੀ ਵਿਰੋਧੀ ਖਿਡਾਰਨਾਂ ਉਤੇ ਭਾਰੂ ਪੈਂਦੀ ਰਹੀ ਹੈ। ਆਪਣੇ ਜੁਝਾਰੂ ਜਜ਼ਬੇ ਕਾਰਨ ਉਹ ਤਿੰਨ ਸੈਟ ਤੱਕ ਚੱਲਣ ਵਾਲੇ ਮੈਚ ਜਿੱਤਣ ਦੀ ਮੁਹਾਰਤ ਰੱਖਦੀ ਸੀ। ਸਾਲ 2017 ਵਿੱਚ ਸੇਰੇਨਾ ਨੇ ਆਸਟਰੇਲੀਅਨ ਓਪਨ ਦੇ ਫਾਈਨਲ ਵਿੱਚ ਵੀਨਸ ਨੂੰ ਹਰਾ ਕੇ ਸੱਤਵਾਂ ਆਸਟਰੇਲੀਅਨ ਓਪਨ ਤੇ 23ਵਾਂ ਕਰੀਅਰ ਰਿਕਾਰਡ ਗਰੈਂਡ ਸਲੈਮ ਖਿਤਾਬ ਜਿੱਤਿਆ। ਗਰੈਂਡ ਸਲੈਮ ਦੇ ਇਤਿਹਾਸ ਵਿੱਚ ਫਾਈਨਲ ਵਿੱਚ ਦੋਵੇਂ ਭੈਣਾਂ ਵਿਚਾਲੇ ਨੌਂ ਵਾਰ ਮੁਕਾਬਲਾ ਹੋਇਆ ਜਿਨ੍ਹਾਂ ਵਿੱਚੋਂ ਸੇਰੇਨਾ ਸੱਤ ਵਾਰ ਅਤੇ ਵੀਨਸ ਦੋ ਵਾਰ ਜਿੱਤੀ ਹੈ। ਆਸਟਰੇਲੀਅਨ ਓਪਨ ਖੇਡਣ ਸਮੇਂ ਸੇਰੇਨਾ ਦੋ ਮਹੀਨਿਆਂ ਦੀ ਗਰਭਵਤੀ ਸੀ। ਸਾਲ 2019 ਵਿੱਚ ਮਾਂ ਬਣਨ ਤੋਂ ਬਾਅਦ ਯੂ.ਐੱਸ.ਓਪਨ ਦੇ ਫਾਈਨਲ ਵਿੱਚ ਪੁੱਜੀ ਜਿਸ ਵਿੱਚ ਉਹ ਉਪ ਜੇਤੂ ਰਹੀ। ਇਹ ਉਸ ਦੇ ਜੀਵਨ ਦਾ ਆਖ਼ਰੀ ਗਰੈਂਡ ਸਲੈਮ ਫਾਈਨਲ ਸੀ। 24 ਸਾਲ ਦੇ ਖੇਡ ਜੀਵਨ ਵਿੱਚ ਸੇਰੇਨਾ ਨੇ 33 ਗਰੈਂਡ ਸਲੈਮ ਫਾਈਨਲ ਖੇਡੇ ਜਿਨ੍ਹਾਂ ਵਿੱਚੋਂ 23 ਜਿੱਤੇ ਅਤੇ 10 ਵਾਰ ਉਪ ਜੇਤੂ ਬਣੀ। ਮਾਂ ਬਣਨ ਤੋਂ ਬਾਅਦ ਸੇਰੇਨਾ ਨੇ ਜੈਸਿਕਾ ਪੇਗੁਲਾ ਨੂੰ ਫਾਈਨਲ ਵਿੱਚ ਹਰਾ ਕੇ ਏ.ਐੱਸ.ਬੀ. ਕਲਾਸਿਕ ਟਾਈਟਲ ਵੀ ਜਿੱਤਿਆ। ਉਹ ਸਾਲ 2016 ਵਿੱਚ 29 ਮਿਲੀਅਨ ਡਾਲਰ ਇਨਾਮ ਰਾਸ਼ੀ ਨਾਲ ਸਭ ਤੋਂ ਵੱਧ ਇਨਾਮ ਜਿੱਤਣ ਵਾਲੀ ਵਿਸ਼ਵ ਦੀ ਮਹਿਲਾ ਖਿਡਾਰਨ ਬਣੀ। 2017 ਵਿੱਚ ਉਹ ‘ਫੋਰਬਸ’ ਦੀ 100 ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੋਣ ਵਾਲੀ ਇਕਲੌਤੀ ਮਹਿਲਾ ਖਿਡਾਰਨ ਬਣੀ। ਲੌਰੈਸ ਨੇ ਸੇਰੇਨਾ ਨੂੰ ਚਾਰ ਵਾਰ 2003, 2010, 2016 ਤੇ 2018 ਵਿੱਚ ‘ਸਪੋਰਟਸ ਵੁਮੈਨ ਆਫ਼ ਦਾ ਯੀਅਰ’ ਚੁਣਿਆ ਗਿਆ। 2015 ਵਿੱਚ ‘ਇਲੱਸਟਰੇਟਿਡ’ ਮੈਗਜ਼ੀਨ ਨੇ ਉਸ ਨੂੰ ‘ਸਪੋਰਟਸ ਪਰਸਨ ਆਫ਼ ਦਾ ਯੀਅਰ’ ਚੁਣਿਆ।

Leave a Comment

Your email address will not be published. Required fields are marked *