IMG-LOGO
Home News blog-detail-01.html
ਰਾਜਨੀਤੀ

15 ਅਗਸਤ-ਅਜ਼ਾਦੀ ਦੀ ਸਵੇਰ ਜਾਂ ਗੁਲਾਮੀ ਦੀ ਇਬਤਦਾ?

by Admin - 2022-08-10 20:08:02 0 Views 0 Comment
IMG
ਸ੍ਰ. ਗੁਰਚਰਨਜੀਤ ਸਿੰਘ ਲਾਂਬਾ ਮਾਰਚ 147 - ‘ਮੁਸਲਿਮ ਲੀਗ’ ਅਤੇ ‘ਹਿੰਦੂ ਕਾਂਗਰਸ’ ਦੀ ਸਾਂਝੀ ਕੁਟਲਨੀਤੀ ਨਾਲ ਭਾਰਤ ਦੀ ਅਜ਼ਾਦੀ ਦੇ ਨਾਮ ਹੇਠ ‘ਗੁਰਾਂ ਦੇ ਨਾਮ ’ਤੇ ਜੀ ਰਹੇ ਪੰਜਾਬ’ ਨੂੰ ਸਦੀਵੀ ਤੌਰ ’ਤੇ ਪਾਕਿਸਤਾਨ ਦੀ ਗੁਲਾਮੀ ਦੇ ਅਧੀਨ ਕਰ ਦੇਣ ਦੇ ਅਮਲ ਨੂੰ ਅੰਤਿਮ ਛੋਹ ਦਿੱਤੀ ਜਾ ਰਹੀ ਸੀ। ‘ਲੀਗ’ ਦੀ ਮੰਗ ਦੀ ਵਿਰੋਧਤਾ ਕਾਰਨ ਸਿੱਖ ਦੰਗਿਆਂ ਦੇ ਅਜ਼ਾਬ ਨੂੰ ਝੇਲ ਚੁੱਕੇ ਸਨ। ਪੰਜਾਬ ਵਿਚ ਯੂਨੀਅਨਿਸਟ ਵਜ਼ਾਰਤ ਅਸਤੀਫ਼ਾ ਦੇ ਚੁੱਕੀ ਸੀ। ਮੁਸਲਿਮ ਲੀਗ ਦੀ ਸਰਕਾਰ ਆਸੀਨ ਹੋਣ ਦੇ ਪ੍ਰਬੰਧ ਮੁਕੰਮਲ ਹੋ ਚੁੱਕੇ ਸਨ। ਰਾਸ਼ਟਰੀ ਏਕਤਾ ਦੇ ਕਰਣਧਾਰ, ਭਾਰਤਵਰਸ਼ ਦੇ ਮਹਾਨ ਨੇਤਾ ਨਹਿਰੂ-ਗਾਂਧੀ ਦੀ ਭਾਰਤ ਦੀ ਅਜ਼ਾਦੀ ਹਾਸਲ ਕਰਨ ਦੀ ਤਤਪਰਤਾ ਨੇ ਪੰਜਾਬ ਅਤੇ ਸਿੱਖਾਂ ਨਾਲ ਕੀਤੇ ਸਾਰੇ ਵਾਅਦੇ ਦਰਕਿਨਾਰ ਕਰਦਿਆਂ ਸਾਰੇ ਪੰਜਾਬ ਨੂੰ ਹੀ ਭਾਰਤ ਦੀ ਬਜਾਏ ਪਾਕਿਸਤਾਨ ਦੇ ਅਧੀਨ ਇਕ ਸੂਬਾ ਹੋਣਾ ਤਸਲੀਮ ਕਰ ਲਿਆ। ਗਾਂਧੀ ਜੀ ਇਹ ਭੁੱਲ ਚੁੱਕੇ ਸਨ ਕਿ ਭਾਰਤ ਦੇ ਟੁਕੜੇ ਹੋਣ ਦੀ ਤੁਲਨਾ ਉਹ ‘ਗਾਂ’ ਦੇ ਟੁਕੜੇ ਹੋਣ ਨਾਲ ਕਰ ਚੁੱਕੇ ਸਨ। ‘ਮੁਸਲਿਮ ਲੀਗ’ ਦੇ ਕਾਰਕੁੰਨ ‘ਮਾਂਗ ਕੇ ਲੀਆ ਹੈ ਪਾਕਿਸਤਾਨ, ਲੜ ਕੇ ਲੇਂਗੇ ਹਿੰਦੁਸਤਾਨ’ ਦੇ ਨਾਅਰਿਆਂ ਨਾਲ ਅੰਗਰੇਜ਼ਾਂ ਅਤੇ ਹਿੰਦੂਆਂ ਦੀ ਗੁਲਾਮੀ ਦੇ ਅੰਤ ਦਾ ਖ਼ੈਰਮਕਦਮ ਕਰ ਰਹੇ ਸਨ। ਕਾਂਗਰਸ ਦੇ ਆਗੂ ਪੰਜਾਬ ਅਤੇ ਬੰਗਾਲ ਦੇ ਕ੍ਰਾਂਤੀਕਾਰੀਆਂ ਦੀਆਂ ਮਹਾਨ ਕੁਰਬਾਨੀਆਂ ਅਤੇ ਇਨ੍ਹਾਂ ਦੋਹਾਂ ਸੂਬਿਆਂ ਦੇ ਪਾਕਿਸਤਾਨ ਹੇਠ ਜਾਣ ਦੀ ਤਲਖ਼ ਸੱਚਾਈ ਤੋਂ ਮੂੰਹ ਮੋੜ ਕੇ ‘ਦੇ ਦੀ ਹਮੇਂ ਅਜ਼ਾਦੀ ਬਿਨਾਂ ਖੜਗ ਬਿਨਾਂ ਢਾਲ, ਸਾਬਰਮਤੀ ਕੇ ਸੰਤ ਤੂਨੇ ਕਰ ਦੀਆ ਕਮਾਲ’ ਦਾ ਰਾਗ ਅਲਾਪ ਰਹੇ ਸਨ। ਹੋਰ ਕੋਈ ਰਾਹ ਨਜ਼ਰ ਨਹੀਂ ਸੀ ਆ ਰਿਹਾ। ਸਿੱਖਾਂ ਨਾਲ ਖ਼ਾਸ ਤੌਰ ’ਤੇ ਇਹ ਕਾਲ ਕੂਕ ਦੀ ਚੀਤਕਾਰ ਸੀ। ਇਹ ਹਿੰਦੁਸਤਾਨ ਦਾ ਬਟਵਾਰਾ ਨਹੀਂ ਬਲਕਿ ਸਿੱਖਾਂ ਦਾ ਬਟਵਾਰਾ ਸੀ। ਅਜ਼ਾਦੀ ਦੇ ਇਸ ਸਿਰਜੇ ਪ੍ਰਬੰਧ ਨਾਲ ਅੱਧੇ ਸਿੱਖ ਭਾਰਤ ਵਿਚ ਅਤੇ ਅੱਧੇ ਪਾਕਿਸਤਾਨ ਅਧੀਨ ਹੋ ਜਾਣੇ ਸਨ। ਇਸਦੇ ਨਾਲ ਹੀ ਰਾਸ਼ਟਰੀ ਲੀਡਰਸ਼ਿਪ ਅਬਾਦੀ ਦੇ ਨੇਮ ਬੱਧ ਤਬਾਦਲੇ ਦੇ ਪ੍ਰਬੰਧ ਦੀ ਮੰਗ ਨੂੰ ਵੀ ਨਜ਼ਰਅੰਦਾਜ਼ ਕਰ ਚੁੱਕੀ ਸੀ। ਪੰਜਾਬ ਦੇ ਹਰ ਹਿੰਦੂ ਸਿੱਖ ਆਗੂ ਗੰਭੀਰ ਤੌਰ ’ਤੇ ਇਸ ਖ਼ਤਰੇ ਨਾਲ ਚਿੰਤਨ ਸਨ ਅਤੇ ਇਸ ਹਾਲਤ ਵਿਚ ਸਾਂਝੇ ਤੌਰ ’ਤੇ ਸਾਰਿਆਂ ਨੇ ਸ਼ੋ੍ਰਮਣੀ ਅਕਾਲੀ ਦਲ ਅਤੇ ਇਸ ਦੇ ਆਗੂ ਮਾਸਟਰ ਤਾਰਾ ਸਿੰਘ ਨੂੰ ਆਪਣਾ ਵਾਹਿਦ ਆਗੂ ਤਸਲੀਮ ਕਰ ਲਿਆ। ਫਿਰ ਉਹ ਇਤਿਹਾਸਕ ਘਟਨਾ ਵਾਪਰੀ ਜਦੋਂ 3 ਮਾਰਚ, 1947 ਨੂੰ ਮਾਸਟਰ ਤਾਰਾ ਸਿੰਘ ਨੇ ਲਾਹੌਰ ਕਿਲ੍ਹੇ ਦੇ ਸਾਹਮਣੇ ਹੱਥ ਵਿਚ ਫੜੀ ਸ੍ਰੀ ਸਾਹਿਬ ਨੂੰ ਉੱਤੇ ਚੁੱਕ ਕੇ ‘ਪਾਕਿਸਤਾਨ ਮੁਰਦਾਬਾਦ’ ਦਾ ਨਾਅਰਾ ਮਾਰਿਾ। ਮਾਸਟਰ ਤਾਰਾ ਸਿੰਘ ਦੇ ਇਸ ਅਦੁੱਤੀ ਦਲੇਰੀ ਦੇ ਕਦਮ ਨਾਲ ਮੁਸਲਿਮ ਲੀਗ ਦੀ ਵਜ਼ਾਰਤ ਬਣਦਿਆਂ ਬਣਦਿਆਂ ਰਹਿ ਗਈ ਅਤੇ ਪੰਜਾਬ ਅਤੇ ਬੰਗਾਲ ਦੇ ਬਟਵਾਰੇ ਦੀ ਗੱਲ ਅਰੰਭ ਹੋ ਗਈ। ਮੁਸਲਿਮ ਲੀਗ ਲਈ ਇਹ ਅਸਹਿ ਸੀ ਅਤੇ ਇਸ ਦਾ ਖਮਿਆਜ਼ਾ ਪੰਜਾਬ ਅਤੇ ਬੰਗਾਲ ਨੂੰ ਭੁਗਤਣਾ ਪਿਆ। ਪੂਰਬੀ ਪੰਜਾਬ ਅਤੇ ਪੱਛਮੀ ਬੰਗਾਲ ਦੇ ਇਹ ਹਿੱਸੇ ਹਿੰਦੁਸਤਾਨ ਵਿਚ ਸ਼ਾਮਲ ਹੋਣਾ ਦਰਅਸਲ ਸਿੱਖਾਂ ਅਤੇ ਸ਼ੋ੍ਰਮਣੀ ਅਕਾਲੀ ਦਲ ਦੀ ਭਾਰਤਵਰਸ਼ ਨੂੰ ਦੇਣ ਹੈ। ਪਰ ਇਸ ਇਤਿਹਾਸਕ ਤੱਥ ਅਤੇ ਸਿੱਖ ਸੂਰਮਗਤੀ ਨੂੰ ਭਾਰਤ ਸਰਕਾਰ ਅਤੇ ਦੇਸ਼ ਵਾਸੀਆਂ ਨੇ ਪੂਰੀ ਤਰ੍ਹਾਂ ਅਣਗੌਲਿਆ ਹੈ। ਇਸ ਦੇ ਨਾਲ ਹੀ ਭਵਿੱਖ ਵਿਚ ਵੋਟਾਂ ਦੀ ਰਾਜਨੀਤੀ ਨਾਲ ਚੁਣੀ ਜਾਣ ਵਾਲੀ ਸਰਕਾਰ ਅਤੇ ਢਾਂਚੇ ਦੀ ਬਣਤਰ ਦੀ ਸੋਚ ਨੇ ਸਿੱਖਾਂ ਵਰਗੀ ਘੱਟ ਗਿਣਤੀ ਕੌਮ ਨੂੰ ਚਿੰਤਾਤੁਰ ਕਰ ਦਿੱਤਾ। ਮਾਸਟਰ ਤਾਰਾ ਸਿੰਘ ਨੇ ਭਵਿੱਖ ਨੂੰ ਮਹਿਸੂਸ ਕਰਦਿਆਂ ਲਿਖਿਆ ਕਿ ਅੰਗਰੇਜ਼ ਜਾ ਰਹੇ ਹਨ ਪਰ ਮੈਨੂੰ ਡਰ ਲੱਗ ਰਿਹਾ ਹੈ। ਅੱਜ ਤੋਂ ਪਹਿਲਾਂ ਕੋਈ ਸਿੱਖ ਜਿੰਨਾ ਮਰਜ਼ੀ ਬੇਈਮਾਨ ਜਾਂ ਝੋਲੀਚੁੱਕ ਹੋ ਜਾਏ ਪਰ ਅੰਗਰੇਜ਼ ਨਹੀਂ ਬਣ ਸਕਦਾ ਸੀ। ਪਰ ਹੁਣ ਆਉਣ ਵਾਲੇ ਸਮੇਂ ਵਿਚ ਹਾਕਮ ਕੌਮ ਦੀ ਸ਼ੇ੍ਰਣੀ ਵਿਚ ਸ਼ਾਮਲ ਹੋਣ ਲਈ ਕੇਵਲ ਪੰਜ ਮਿੰਟ ਦਾ ਸਮਾਂ ਲੱਗੇਗਾ। ਪਤਿਤਪੁਣੇ ਦੇ ਮੁੱਖ ਕਾਰਨ ਦੀ ਇਹ ਕਿੰਨੀ ਤਲਖ ਸੱਚਾਈ ਹੋ ਨਿਬੜੀ ਹੈ। ਪਰ ਇਹ ਵਰਤਾਰਾ ਇਥੇ ਹੀ ਬੰਦ ਨਹੀਂ ਹੋਇਆ ਬਲਕਿ ਪੱਛਮੀ ਪੰਜਾਬ ਵਿਚ ਹਿੰਦੂ ਸਿੱਖਾਂ ਦੇ ਕਤਲੇਆਮ ਨੂੰ ਰੋਕਣ ਦੀ ਗੱਲ ਤਾਂ ਦਰਕਿਨਾਰ, ਉਲਟਾ ਸਰਕਾਰੀ ਰੇਡੀਓ ਤੋਂ ਗਾਂਧੀ ਜੀ ਦੇ ਸਿੱਖ ਵਿਰੋਧੀ ਵਿਚਾਰਾਂ ਦਾ ਪਰਸਾਰ ਅਤੇ ਸਿੱਖਾਂ ਨੂੰ ਸਰਕਾਰੀ ਤੌਰ ’ਤੇ ‘ਜਰਾਇਮਪੇਜ਼ਾ’ ਤੱਕ ਗਰਦਾਨਿਆ ਗਿਆ। ਹੱਕ ਅਤੇ ਇਨਸਾਫ਼ ਦੀ ਅਵਾਜ਼ ਨੂੰ ਬੰਦ ਕਰਨ ਲਈ ਅਜ਼ਾਦ ਹਿੰਦੁਸਤਾਨ ਵਿਚ ਮਾਸਟਰ ਤਾਰਾ ਸਿੰਘ ਨੂੰ ਹੀ ਕੈਦ ਕਰ ਲਿਆ ਗਿਆ। ਉਸ ਸਮੇਂ ਦੀ ਕੁਟਲਨੀਤੀ ਅਤੇ ਕੌਮੀ ਆਗੂਆਂ ਦੀ ਸਿੱਖ ਵਿਰੋਧੀ ਸੋਚ ਨੂੰ ਜੱਗ ਜ਼ਾਹਿਰ ਕਰਦੇ ਦਸਤਾਵੇਜ਼ ਹੁਣ ਸਰਕਾਰੀ ਤੌਰ ’ਤੇ ਜਾਰੀ ਹੋ ਚੁੱਕੇ ਸਨ। ਇਨ੍ਹਾਂ ਵਿਚ ਗਾਂਧੀ ਜੀ ਨੇ ਜੋ ਕੁਝ ਕਿਹਾ ਅਤੇ ਲਿਖਿਆ ਉਸ ਦੀਆਂ 95 ਜਿਲਦਾਂ ਅਤੇ ਸਰਦਾਰ ਪਟੇਲ ਦੀ ਖਤੋਖਿਤਾਬਤ ਦੀਆਂ ਦਸ ਜਿਲਦਾਂ ਸ਼ਾਮਲ ਹਨ। ਇਨ੍ਹਾਂ ਵਿਚ ਸਰਦਾਰ ਪਟੇਲ ਅਤੇ ਪੰਡਿਤ ਨਹਿਰੂ ਵਿਚਕਾਰ ਲਿਖੀਆਂ ਚਿੱਠੀਆਂ ਵਿਚ ਸਪਸ਼ਟ ਹੁੰਦਾ ਹੈ ਕਿ ਕਿਸ ਤਰ੍ਹਾਂ ਸ਼ੋ੍ਰਮਣੀ ਅਕਾਲੀ ਦਲ ਅਤੇ ਮਾਸਟਰ ਤਾਰਾ ਸਿੰਘ ਨੂੰ ਕਮਜ਼ੋਰ ਅਤੇ ਨਿਰਸਤ ਕਰਨ ਲਈ ਮੁਕਾਬਲੇ ’ਤੇ ਸਰਕਾਰੀ ਆਗੂ ਉਭਾਰਨ ਦੀ ਕੋਸ਼ਿਸ਼ ਅਤੇ ਇਸ ਲਈ ਅਕਾਲੀ ਨਾਮਜ਼ਦ ਸਰਦਾਰ ਬਲਦੇਵ ਸਿੰਘ ਵਲੋਂ ਨਹਿਰੂ-ਪਟੇਲ ਨੂੰ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ ਗਈ ਸੀ। ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ॥ (ਅੰਗ ੪੭੦) ਕਹਿ ਕੇ ਗੁਰੂ ਨਾਨਕ ਸਾਹਿਬ ਨੇ ਆਤਮਾ ਦੇ ਮੰਜ਼ਲੇ-ਮਕਸੂਦ ਤੱਕ ਪਹੁੰਚਣ ਲਈ ਸਰੀਰ ਅਤੇ ਆਤਮਾ ਦੇ ਸੁਮੇਲ ਦਾ ਪੈਗਾਮ ਦਿੱਤਾ। ਗੁਰੂ ਨਾਨਕ ਪਾਤਸ਼ਾਹ ਨੇ ਮੁਗ਼ਲਾਂ ਦੀ ਗੁਲਾਮੀ ਕਰ ਰਹੇ ਪੰਡਿਤ ਦੇ ਹਵਾਲੇ ਨਾਲ ਧਾਰਮਿਕ ਗੁਲਾਮੀ ਦੇ ਰਾਜਨੀਤਕ ਗੁਲਾਮੀ ਵਿਚ ਤਬਦੀਲ ਹੋਣ ਦੇ ਕਾਰਨ ਨੂੰ ਚਿਤ੍ਰਣ ਕੀਤਾ : ਗਊ ਬਿਰਾਹਮਣ ਕਉਕ ਰੁ ਲਾਵਹੁ ਗੋਬਰਿ ਤਰਣੁ ਨ ਜਾਈ॥ ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ॥ ਅੰਤਰਿ ਪੂਜਾ ਪੜਤਿ ਕਤੇਬਾ ਸੰਜਮੁ ਤੁਰਕਾ ਭਾਈ॥ ਛੋਡੀਲੇ ਪਾਖੰਡਾ॥ ਨਾਮਿ ਲਇਐ ਜਾਹਿ ਤਰੰਦਾ॥ (ਅੰਗ ੪੭੧) ਇਸ ਨਾਲ ਗੁਰੂ ਸਾਹਿਬ ਨੇ ਆਉਣ ਵਾਲੇ ਸਮੇਂ ਵਿਚ ਸਿੱਖ ਇਤਿਹਾਸ ਦੇ ਵਹਿਣ ਦੀ ਵਿਉਤ ਅਤੇ ਮੀਰੀ-ਪੀਰੀ ਦੇ ਸੰਕਲਪ ਨੂੰ ਉਜਾਗਰ ਕੀਤਾ। ਸਿੱਖ ਆਪਣੀ ਜ਼ਿੰਦਗੀ ਅਤੇ ਜੀਵਨ ਜਾਚ ਨੂੰ ਵੱਖ-ਵੱਖ ਡੱਬਿਆਂ ਵਿਚ ਬੰਦ ਕਰਕੇ ਨਹੀਂ ਜੀ ਸਕਦਾ। ਧਾਰਮਿਕ ਅਜ਼ਾਦੀ ਬਿਨਾਂ ਰਾਜਨੀਤਕ ਅਜ਼ਾਦੀ ਅਤੇ ਰਾਜਨੀਤਕ ਅਜ਼ਾਦੀ ਬਿਨਾਂ ਧਾਰਮਿਕ ਅਜ਼ਾਦੀ ਬੇ-ਮਾਅਨੀ ਹੈ। ਇਸ ਲਈ : ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ (ਅੰਗ ੧੪੨) ਦੇ ਗੁਰਵਾਕ ਤੋਂ ਸੇਧ ਲੈਂਦਿਆਂ ਸਿੱਖ ਧਾਰਮਿਕ ਗੁਲਾਮੀ ਤੋਂ ਨਿਜਾਤ ਪਾਉਣ ਲਈ ਮੁਗਲਾਂ, ਦੁਰਾਨੀਆਂ, ਅਫ਼ਗਾਨਾਂ, ਰੰਘੜਾਂ, ਫਿਰੰਗੀਆਂ ਦੀ ਰਾਜਨੀਤਕ ਗੁਲਾਮੀ ਦੇ ਵਿਰੁੱਧ ਲਾਮਬੱਧ ਹੋਏ। ਇਸੇ ਲਈ ਗੁਰਦੁਆਰਾ ਸੁਧਾਰ ਲਹਿਰ ਦੇ ਦੌਰਾਨ ਧਾਰਮਿਕ ਅਜ਼ਾਦੀ ਦੀ ਜਦੋ ਜਹਿਦ ਨੂੰ ਮਹਾਤਮਾ ਗਾਂਧੀ ਨੇ ਸਹੀ ਤੌਰ ’ਤੇ ਦੇਸ਼ ਦੀ ਅਜ਼ਾਦੀ ਦੀ ਪਹਿਲੀ ਵੱਡੀ ਜਿੱਤ ਕਰਾਰ ਦਿੱਤਾ। ਸਿੱਖ ਲਈ ਦੇਸ਼ ਦੀ ਅਜ਼ਾਦੀ ਦੀ ਜੰਗ ਵੀ ਧਰਮ ਯੁੱਧ ਹੀ ਸੀ। ਦੇਸ਼ ਦੀ ਅਜ਼ਾਦੀ ਦੀ ਜਦੋ ਜਹਿਦ ਦੇ ਦੌਰਾਨ ਗੁਰੂ ਪੰਥ ਅਤੇ ਪੰਥਕ ਹਿੱਤਾਂ ਦੀ ਰਾਖੀ ਦੀ ਤਰਜਮਾਨੀ ਕਰਨ ਲਈ ਸ਼ੋ੍ਰਮਣੀ ਅਕਾਲੀ ਦਲ ਸੀ। ਹੁਣ ਦੇਸ਼ ਤਾਂ ਅਜ਼ਾਦ ਹੋ ਗਿਆ ਹੈ ਪਰ ਕੀ ਪੰਥ ਅਜ਼ਾਦ ਹੈ? ਕੀ ਪੰਥ ਦੇ ਤਖਤ ਅਤੇ ਗੁਰਧਾਮ ਅਜ਼ਾਦ ਹਨ? ਕੀ ਪੰਥਕ ਸੰਸਥਾਵਾਂ ਅਜ਼ਾਦ ਹਨ? ਕੀ ਪੰਥ ਦੀ ਤਰਜਮਾਨੀ ਕਰਨ ਵਾਲੀ ਕੋਈ ਅਜ਼ਾਦ ਅਤੇ ਦੁਖਮੁਖਤਿਆਰ ਜਥੇਬੰਦੀ ਹੈ? ਸ਼ਾਇਰੇ-ਮਸ਼ਰਕ ਅਲਾਮਾ ਇਕਬਾਲ ਦੀ ਕਲਮ ਤੋਂ ਤਿੱਖੀ ਹੂਕ ਨਿਕਲੀ ਸੀ : ਮੁਲਾ ਕੋ ਜੋ ਹੈ ਮਸਜਿਦ ਮੇਂ ਜਾਨੇ ਕੀ ਇਜਾਜ਼ਤ॥ ਨਾਦਾਂ ਯੇਹ ਸਮਝਤਾ ਹੈ ਕੇ ਇਸਲਾਮ ਹੈ ਅਜ਼ਾਦ॥ ਜਾਪਦਾ ਹੈ ਇਹ ਜਗ ਬੀਤੀ ਨਹੀਂ ਬਲਕਿ ਹੱਡ ਬੀਤੀ ਗਾਥਾ ਹੈ। ਕੀ 15 ਅਗਸਤ ਦੀ ਅਜ਼ਾਦੀ ਨੇ ਸਦੀਵੀ ਗੁਲਾਮੀ ਦਾ ਮੁੱਢ ਬੰਨ੍ਹਿਆ ਹੈ? ਸੰਵਿਧਾਨਕ ਤੌਰ ’ਤੇ ਸਿੱਖ ਹਿੰਦੂਆਂ ਦਾ ਇਕ ਹਿੱਸਾ ਹੈ। ਵਿਆਹ, ਵਿਰਾਸਤ ਅਤੇ ਹੋਰ ਕਾਨੂੰਨ ਹੁਣ ਹਿੰਦੂ ਕਾਨੂੰਨ ਅਧੀਨ ਹਨ। ਸ਼ੋ੍ਰਮਣੀ ਕਮੇਟੀ ਇਕ ਸਰਕਾਰੀ ਕਾਰਪੋਰੇਸ਼ਨ ਹੈ। ਗੁਰਦੁਆਰਾ ਪ੍ਰਬੰਧ ਲਈ ਬਣੇ ਐਕਟ ਨੂੰ ਸਰਕਾਰੀ ਨੋਟੀਫਿਕੇਸ਼ਨ ਰਾਹੀਂ ਜਦ ਮਰਜ਼ੀ ਅਤੇ ਜਿਸ ਤਰ੍ਹਾਂ ਮਰਜ਼ੀ ਤਬਦੀਲ ਕੀਤਾ ਜਾ ਸਕਦਾ ਹੈ। ਸਿੱਖ ਹਿੱਤਾਂ ਨੂੰ ਐਲਾਨਦਾ ਕੋਈ ਰਾਜਨੀਤਕ ਦਲ ਕਾਇਮ ਨਹੀਂ ਕੀਤਾ ਜਾ ਸਕਦਾ। ਅੰਗਰੇਜ਼ੀ ਰਾਜ ਦੌਰਾਨ ਫੌਜ ਵਿਚ ਸਿੱਖ ਫੌਜੀਆਂ ਦੇ ਕਛਹਿਰੇ ਤੱਕ ਦੇਖੇ ਜਾਂਦੇ ਸੀ। ਪਰ ਹੁਣ ਤਾਂ ਸਿੱਖ ਰੈਜਮੈਂਟ ਵਿਚ ਵੀ ਕੇਸਾਂ ਦੀ ਸੰਭਾਲ ਲਾਜ਼ਮੀ ਨਹੀਂ ਜਾਪਦੀ। ਅਕਾਲੀ ਦਲ ਵਲੋਂ ਮਤਿਆਂ ਰਾਹੀਂ ਸਿੱਖ ਫੌਜੀਆਂ ਦੀ ਰਹਿਤ ਦੀ ਮੰਗ ਕੀਤੀ ਜਾਂਦੀ ਹੈ ਪਰ ਆਪਣੀ ਸਰਕਾਰ ਦੇ ਦੌਰਾਨ ਕਿਸੇ ਵਿਰਲੇ-ਵਿਰਲੇ ਪੁਲਿਸ ਮੁਲਾਜ਼ਮ ਦਾ ਸਾਬਤ ਸੂਰਤ ਨਜ਼ਰ ਆਉਣਾ ਹਾਲਾਤ ਦੀ ਗੰਭੀਰਤਾ ਨੂੰ ਬਿਆਨ ਕਰਦਾ ਹੈ। ਇਹ ਧਾਰਮਿਕ ਅਤੇ ਮਾਨਸਿਕ ਗੁਲਾਮੀ ਦੇ ਚਿਨ੍ਹ ਹਨ। ਪਰ ਪੰਥਕ ਲੀਡਰਸ਼ਿਪ ਇਸ ਗੁਲਾਮੀ ਨੂੰ ਤਸਲੀਮ ਕਰ ਗਈ ਜਾਪਦੀ ਹੈ। ਜਾਪਦਾ ਹੈ ਇਹ ਮੁੱਦੇ ਹੁਣ ਇਨ੍ਹਾਂ ਲਈ ਕੋਈ ਅਹਿਮੀਅਤ ਹੀ ਨਹੀਂ ਰੱਖਦੇ। ਗੁਲਾਮ ਹੋ ਜਾਣ ਨਾਲੋਂ ਗੁਲਾਮੀ ਤਸਲੀਮ ਕਰ ਲੈਣੀ ਆਤਮਘਾਤੀ ਹੁੰਦੀ ਹੈ। ਹੁਣ ਤਾਂ ਬੰਦਿ ਖਲਾਸੀ ਭਾਣੈ ਹੋਇ॥ ਦੇ ਗੁਰਵਾਕ ਅਨੁਸਾਰ ਫਰਿਆਦ ਗੁਰ ਪਰਮੇਸਰ ਅੱਗੇ ਹੀ ਹੈ।

Leave a Comment

Your email address will not be published. Required fields are marked *