IMG-LOGO
Home News blog-list-01.html
ਸੰਸਾਰ

ਪੂਰਬ ਤੋਂ ਪੱਛਮ ਤੱਕ ਦਾ ਸਫ਼ਰ ਤਹਿ ਕਰਦੇ ਪੰਜਾਬੀਆਂ ਦੇ ਦੂਰਗਾਮੀ ਪ੍ਰਭਾਵਾਂ ਦੀ ਪੇਸ਼ਕਾਰੀ- ਲੇਖਕ ਸੁਰਿੰਦਰ ਸਿੰਘ ਸੀਰਤ ਦਾ ਕਹਾਣੀ ਸੰਗ੍ਰਹਿ ‘ਪੂਰਬ ਪੱਛਮ ਤੇ ਪਰਵਾਸ’

by Admin - 2022-08-10 20:05:20 0 Views 0 Comment
IMG
ਹੇਵਰਡ: ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੀ ਮਾਸਿਕ ਮਿਲਣੀ ਮਹਿਰਾਨ ਰੈਸਟੋਰੈਂਟ ਨਿਊਵਾਰਕ ਵਿਖੇ ਡਾ. ਸੁਖਵਿੰਦਰ ਕੰਬੋਜ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਅਕੈਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਸੁਰਿੰਦਰ ਸੀਰਤ ਦਾ ਕਹਾਣੀ ਸੰਗ੍ਰਹਿ ਲੋਕ ਅਰਪਣ ਕੀਤਾ ਗਿਆ। ਮਿਲਣੀ ਦੇ ਅਰੰਭ ਵਿਚ ਜਨਰਲ ਸਕੱਤਰ ਕੁਲਵਿੰਦਰ ਨੇ ਸਭ ਨੂੰ ਜੀਅ ਆਇਆਂ ਕਹਿੰਦੇ ਹੋਏ ਪੰਜਾਬੀ ਯੂਨੀਵਰਸਿਟੀ ਦੇ ਅੰਗ਼ਰੇਜ਼ੀ ਵਿਭਾਗ ਦੇ ਮੁਖੀ ਡਾ. ਰਜੇਸ਼ ਸ਼ਰਮਾ, ਡਾ. ਸੁਖਵਿੰਦਰ ਕੰਬੋਜ ਅਤੇ ਪ੍ਰੋ. ਸੁਰਿੰਦਰ ਸਿੰਘ ਸੀਰਤ ਨੂੰ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਕੀਤਾ। ਇਸ ਉਪਰੰਤ ਸੁਰਜੀਤ ਸਖੀ ਨੇ ਡਾ. ਪੁਸ਼ਪਿੰਦਰ ਕੌਰ ਖਾਲਸਾ ਕਾਲਜ ਪਟਿਆਲਾ ਦਾ ਲਿਖਿਆ ਪਰਚਾ ਭਾਵ ਪੂਰਤ ਢੰਗ ਨਾਲ਼ ਪੜ੍ਹਿਆ। ਡਾ. ਪੁਸ਼ਪਿੰਦਰ ਕੌਰ ਦੇ ਪਰਚੇ ਅਨੁਸਾਰ ਪ੍ਰੋ. ਸੁਰਿੰਦਰ ਸਿੰਘ ਸੀਰਤ ਇਕ ਚਰਚਿਤ ਗ਼ਜ਼ਲਕਾਰ ਹੈ। ਪੰਜਾਬੀ ਸਾਹਿਤ ਵਿੱਚ ਉਸਦਾ ਨਾਵਲ ‘ਭਰਮ ਭੁੱਲਈਆਂ’ ਵਿਲੱਖਣ ਸਥਾਨ ਰੱਖਦਾ ਹੈ। ‘ਪੂਰਬ, ਪੱਛਮ ਤੇ ਪਰਵਾਸ’ ਉਸ ਦਾ ਨਵ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ਹੈ। ਇਸ ਵਿਚ ਦਰਜ 11 ਕਹਾਣੀਆਂ ਅਤੇ 9 ਮਿੰਨੀ ਕਹਾਣੀਆਂ ਦੇ ਸ਼ੇਡਜ਼ ਬਿਲਕੁਲ ਵੱਖਰੇ ਹਨ। ਇਹ ਕਹਾਣੀਆਂ ਪੂਰਬ ਤੋਂ ਪੱਛਮ ਅਤੇ ਪੱਛਮ ਤੋਂ ਪੂਰਬ ਤੱਕ ਦਾ ਸਫ਼ਰ ਤਹਿ ਕਰਦੇ ਪੰਜਾਬੀਆਂ ਦੇ ਦੂਰਗਾਮੀ ਪ੍ਰਭਾਵਾਂ ਦੀ ਪੇਸ਼ਕਾਰੀ ਹਨ। ਡਾ. ਪੁਸ਼ਪਿੰਦਰ ਇਸ ਮੌਕੇ ਫੇਸ ਟਾਈਮ ਰਾਹੀਂ ਹਾਜ਼ਰ ਹੋਏ। ਦੂਜਾ ਪਰਚਾ ਜੰਮੂ ਕਸ਼ਮੀਰ ਤੋਂ ਰਤਨ ਸਿੰਘ ਕੰਵਲ (ਨਾਵਲਿਸਟ) ਦਾ ਲਿਖਿਆ ਹੋਇਆ ਸੀ। ਇਸ ਪਰਚੇ ਨੂੰ ਸੀਨੀਅਰ ਲੇਖਕ ਚਰਨਜੀਤ ਸਿੰਘ ਪੰਨੂੰ ਨੇ ਪ੍ਰਭਾਵਸ਼ਾਲੀ ਢੰਗ ਨਾਲ਼ ਪੜ੍ਹਿਆ। ਇਸ ਪਰਚੇ ਮੁਤਾਬਿਕ ਸਾਰੀਆਂ ਕਹਾਣੀਆਂ ਪਾਠਕ ਨੂੰ ਕਿਸੇ ਨਾ ਕਿਸੇ ਦਿ੍ਰਸ਼ਟੀਕੋਣ ਤੋਂ ਪ੍ਰਭਾਵਿਤ ਕਰਦੀਆਂ ਹਨ। ਕਹਾਣੀਕਾਰ ਦੀ ਸ਼ੈਲੀ ਨਿਵੇਕਲੀ ਹੈ। ਇਨ੍ਹਾਂ ਕਹਾਣੀਆਂ ਵਿੱਚ ਪਰਵਾਸੀ ਜੀਵਨ ਦੀਆਂ ਸੰਗਤੀਆਂ ਵਿਸੰਗਤੀਆਂ, ਬੇਗਾਨਗੀ, ਜਿਨਸੀ ਤੇ ਨਸਲੀ ਵਿਤਕਰੇ, ਵਿਗੋਚਾ, ਸੱਭਿਆਚਾਰ ਟਕਰਾਓ, ਪੀੜ੍ਹੀ ਪਾੜਾ, ਪਛਾਣ ਪਰਵਾਹ ਅਤੇ ਹੋਰ ਨਵੀਨ ਵਿਸ਼ੇ ਸ਼ਾਮਿਲ ਹਨ। ਕਹਾਣੀ ਸੰਗ੍ਰਹਿ ਦਾ ਨਾਂ ਹੀ ਕਹਾਣੀ ਵਸਤੂ ਵੱਲ ਇਸ਼ਾਰਾ ਕਰਦਾ ਹੈ ਅਤੇ ਪੜ੍ਹਨ, ਜਾਣਨ ਲਈ ਉਤਸੁਕਤ ਕਰ ਦਿੰਦਾ ਹੈ। ਚਰਨਜੀਤ ਸਿੰਘ ਪੰਨੂੰ ਨੇ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਕਿਹਾ ਕਿ ਇਨ੍ਹਾਂ ਕਹਾਣੀਆਂ ਦੇੇ ਪਤਾਰ ਪੂਰਬ ਪੱਛਮ ਤੇ ਪਰਵਾਸ ਰਾਹੀਂ ਪਾਕਿਸਤਾਨੀ ਵਿਰਸੇ ਨਾਲ਼ ਲਗਾਓ ਰੱਖਦੇ ਪ੍ਰਤੀਤ ਹੁੰਦੇ ਹਨ। ਡਾ. ਸੁਖਵਿੰਦਰ ਕੰਬੋਜ ਨੇ ਕਿਹਾ ਕਿ ਪ੍ਰੋ. ਸੁਰਿੰਦਰ ਸਿੰਘ ਸੀਰਤ ਇਕ ਸਰਬਾਂਗੀ ਲੇਖਕ ਹੈ, ਇਸਨੇ ਗ਼ਜਲ, ਕਵਿਤਾ ਅਤੇ ਨਾਵਲ ਤੋਂ ਬਾਅਦ ਇਸ ਕਹਾਣੀ ਸੰਗ੍ਰਹਿ ਨਾਲ਼ ਪੰਜਾਬੀ ਸਾਹਿਤ ਦੇ ਬੂਹੇ ਦਸਤਕ ਦਿੱਤੀ ਹੈ। ਇਸ ਸੰਗ੍ਰਹਿ ਦੀਆਂ ਕਹਾਣੀਆਂ ਮਨੁੱਖੀ ਮਨ ਦੀਆਂ ਕਹਾਣੀਆਂ ਹਨ। ਇਨ੍ਹਾਂ ਵਿੱਚ ਸਮਾਜਿਕ ਰਿਸ਼ਤਿਆਂ ਦੀ ਮੁੱਲਵਾਨ ਦਿ੍ਰਸ਼ਟੀ ਹਮੇਸ਼ਾਂ ਕਾਇਮ ਰਹਿੰਦੀ ਹੈ। ਜੀਵਨ ਮੁੱਲਾਂ ਤੇ ਭੇੜ ਦਾ ਦਵੰਦ ਵਾਰ-ਵਾਰ ਪ੍ਰਗਟ ਹੁੰਦਾ ਹੈ। ‘ਅਪਾਹਜ ਕੌਣ’ ਇਕ ਵਿਅੰਗਮਈ ਕਹਾਣੀ ਹੈ। ਇਸੇ ਤਰ੍ਹਾਂ ‘ਮਰੇ ਬੰਦੇ ਦੀ ਕਹਾਣੀ’ ਸਥਿਤੀ ਉੱਪਰ ਵਿਅੰਗ ਹੈ। ‘ਚੈਸ ਦੀ ਖੇਡ’ ਮਨੁੱਖੀ ਮਨ ਦੇ ਮੂਲ ਪ੍ਰਸ਼ਨਾਂ ਨੂੰ ਮੁਖਾਤਿਬ ਹੈ। ਅਮਰਜੀਤ ਪੰਨੂ ਨੇ ‘ਮਖੌਟੇ’ ਕਹਾਣੀ ਦੀ ਭਰਵੀਂ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਬਹੁਤ ਦਿਲਚਸਪ ਕਹਾਣੀ ਹੈ ਅਤੇ ਬਨਾਵਟੀ ਚਿਹਰਿਆਂ ਨੂੰ ਪ੍ਰਗਟਾਉਂਦੀ ਹੈ। ‘ਪੱਗ’ ਕਹਾਣੀ 1984 ਦੇ ਘੱਲੂਕਾਰੇ ਤੇ ਦਿੱਲੀ ਦੇ ਕਤਲੇਆਮ ਦੀ ਗੱਲ ਹੈ। ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਨੇ ਪ੍ਰੋ. ਸੀਰਤ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦੇ ਪ੍ਰੋਗਰਾਮ ਵਿਚ ਕਹਾਣੀਆਂ ’ਤੇ ਖੁੱਲ ਕੇ ਹੋਈ ਵਿਚਾਰ ਚਰਚਾ ਤੋਂ ਉਹ ਪ੍ਰਭਾਵਿਤ ਹੋਏ ਹਨ। ਅੰਤ ਵਿਚ ਡਾ. ਰਜੇਸ਼ ਸ਼ਰਮਾ ਨੇ ਪ੍ਰੋਗਰਾਮ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਇਨ੍ਹਾਂ ਕਹਾਣੀਆਂ ਵਿੱਚ ਪ੍ਰੋ. ਸੁਰਿੰਦਰ ਸਿੰਘ ਸੀਰਤ ਨੇ ਤਜ਼ਰਬੇ ਕੀਤੇ ਹਨ ਅਤੇ ਉਸਦੇ ਤਜ਼ਰਬੇ ਸਫ਼ਲ ਹੋਏ ਹਨ।‘ਮਰੇ ਬੰਦੇ ਦੀ ਕਹਾਣੀ’ ਇਸ ਸੰਦਰਭ ਵਿੱਚ ਵਿਚਾਰਯੋਗ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰੋ. ਸੀਰਤ ਦੀਆਂ ਕਹਾਣੀਆਂ ਵਿੱਜ਼ ਜਜ਼ਬੇ ਦੇ ਸਿਖਰ ਦਾ ਅੰਤ ਹੈ। ਅਕੈਡਮੀ ਵਲੋਂ ਡਾ. ਰਜੇਸ਼ ਸ਼ਰਮਾ ਦਾ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਕੁਲਵਿੰਦਰ ਬਾਖੂਬੀ ਕੀਤਾ। ਲਾਜ ਨੀਲਮ ਸੈਣੀ 510-502-0551 ਸਹਾਇਕ ਸਕੱਤਰ (ਵਿਪਸਾ)

Leave a Comment

Your email address will not be published. Required fields are marked *