IMG-LOGO
Home News blog-detail-01.html
ਰਾਜਨੀਤੀ

ਸਿੱਖੀ ਸਿਦਕ ਦੀ ਮਿਸਾਲ: ਮੋਰਚਾ ਗੁਰੂ ਕਾ ਬਾਗ

by Admin - 2022-08-07 23:50:54 0 Views 0 Comment
IMG
ਐਡਵੋਕੇਟ ਹਰਜਿੰਦਰ ਸਿੰਘ ਧਾਮੀ * ਗੁਰੂ ਦੇ ਸਿੱਖ ਜਿੱਥੇ ਵੀ ਵਸੇ, ਉਨ੍ਹਾਂ ਨੇ ਉੱਥੇ ਹੀ ਗੁਰਦੁਆਰਾ ਸਥਾਪਤ ਕਰ ਕੇ ਸਮਰਪਣ ਭਾਵਨਾ ਦਾ ਪ੍ਰਗਟਾਵਾ ਕੀਤਾ। ਉਂਜ, ਗੁਰਦੁਆਰਿਆਂ ਦੇ ਸਰੋਕਾਰ ਸਿੱਖਾਂ ਦੇ ਨਾਲ ਨਾਲ ਪੂਰੀ ਮਨੁੱਖਤਾ ਨਾਲ ਜੁੜੇ ਹੋਏ ਹਨ ਕਿਉਂਕਿ ਇੱਥੇ ਕਿਸੇ ਵੀ ਧਰਮ, ਮਜ਼ਹਬ, ਫ਼ਿਰਕੇ ਦੇ ਲੋਕ ਬਿਨਾ ਕਿਸੇ ਭੇਦ-ਭਾਵ ਦੇ ਆ ਸਕਦੇ ਹਨ। ਭਾਈ ਕਾਨ੍ਹ ਸਿੰਘ ਨਾਭਾ ਦੇ ਸ਼ਬਦਾਂ ਵਿਚ, ‘‘ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮਿਕ ਜਗਿਆਸਾ ਵਾਲਿਆਂ ਲਈ ਗਯਾਨ ਉਪਦੇਸ਼ਕ ਆਚਾਰਯ, ਰੋਗੀਆਂ ਲਈ ਸ਼ਫ਼ਾਖਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤ੍ਰੀ ਜਾਤਿ ਦੀ ਪਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫ਼ਰਾਂ ਲਈ ਵਿਸ਼੍ਰਾਮ ਦਾ ਅਸਥਾਨ ਹੈ।’’ ਇਤਿਹਾਸਕ ਗੁਰਦੁਆਰਿਆਂ ਵਿੱਚ ਗੁਰੂ ਸਾਹਿਬਾਨ ਦੇ ਨਾਲ-ਨਾਲ ਸਿੱਖ ਇਤਿਹਾਸ ਦੇ ਸ਼ਹੀਦਾਂ ਅਤੇ ਘਟਨਾਵਾਂ ਆਦਿ ਨਾਲ ਸਬੰਧਿਤ ਅਸਥਾਨ ਸ਼ਾਮਲ ਹਨ। ਅਠਾਰ੍ਹਵੀਂ ਸਦੀ ਵਿੱਚ ਸਰਕਾਰਾਂ ਦੇ ਜ਼ੁਲਮਾਂ ਖ਼ਿਲਾਫ਼ ਲੜਦਿਆਂ ਘੋੜਿਆਂ ਦੀਆਂ ਕਾਠੀਆਂ ਹੀ ਸਿੰਘਾਂ ਦੇ ਘਰ ਬਣ ਗਈਆਂ। ਉਸ ਵੇਲੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਨਿਰਮਲੇ ਤੇ ਉਦਾਸੀ ਚਲਾਉਂਦੇ ਰਹੇ। ਇਸ ਮਗਰੋਂ ਅੰਗਰੇਜ਼ੀ ਰਾਜ ਸਮੇਂ ਗੁਰਦੁਆਰਿਆਂ ਦੇ ਪ੍ਰਬੰਧ ’ਤੇ ਕਾਬਜ਼ ਬਹੁਤੇ ਮਹੰਤ ਭ੍ਰਿਸ਼ਟ ਅਤੇ ਦੁਰਾਚਾਰੀ ਹੋ ਗਏ। ਇਨ੍ਹਾਂ ਨੇ ਗੁਰੂਘਰਾਂ ਅੰਦਰ ਮਨਮਤੀ ਕਾਰਵਾਈਆਂ ਆਰੰਭ ਦਿੱਤੀਆਂ। ਮਹੰਤਾਂ ਦੀਆਂ ਦੁਰਾਚਾਰੀ ਕਾਰਵਾਈਆਂ ਨਾਲ ਸੰਗਤਾਂ ਦੇ ਮਨਾਂ ਨੂੰ ਠੇਸ ਪੁੱਜਣੀ ਕੁਦਰਤੀ ਸੀ ਜਿਸ ਕਰਕੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਮਹੰਤਾਂ ਪਾਸੋਂ ਆਜ਼ਾਦ ਕਰਵਾਉਣ ਦੀ ਮੰਗ ਉੱਠਣ ਲੱਗੀ। ਸੰਗਤਾਂ ਦੀਆਂ ਇਨ੍ਹਾਂ ਭਾਵਨਾਵਾਂ ਵਿੱਚੋਂ ਗੁਰਦੁਆਰਾ ਸੁਧਾਰ ਲਹਿਰ ਨੇ ਜਨਮ ਲਿਆ। ਗ਼ੈਰ-ਇਖ਼ਲਾਕੀ ਆਚਰਣ ਵਾਲੇ ਮਹੰਤਾਂ ਦੇ ਕਬਜ਼ੇ ਵਿੱਚੋਂ ਪਾਵਨ ਇਤਿਹਾਸਕ ਗੁਰਧਾਮਾਂ ਦੇ ਪ੍ਰਬੰਧ ਨੂੰ ਆਜ਼ਾਦ ਕਰਾ ਕੇ ਮੁੜ ਪੰਥਕ ਮਰਿਯਾਦਾ ਬਹਾਲ ਕਰਨ ਦੇ ਉਦੇਸ਼ ਨਾਲ ਚੱਲੀ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਵਾਪਰੇ ‘ਗੁਰੂ ਕਾ ਬਾਗ’ ਦੇ ਮੋਰਚੇ ਦਾ ਇਤਿਹਾਸ ਬੇਹੱਦ ਮਹੱਤਵਪੂਰਨ ਹੈ। ਇਸ ਮੋਰਚੇ ਨੇ ਗੁਰਦੁਆਰਾ ਸੁਧਾਰ ਲਹਿਰ ਨੂੰ ਸਿਖਰ ’ਤੇ ਪਹੁੰਚਾਇਆ ਅਤੇ ਸਿੱਖ ਸ਼ਕਤੀ ਨੂੰ ਹੋਰ ਸੰਗਠਤ ਕੀਤਾ। ਇਸ ਦੇ ਨਾਲ ਹੀ ਹਿੰਦੋਸਤਾਨ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਵੀ ਇਸ ਮੋਰਚੇ ਦਾ ਖ਼ਾਸ ਮਹੱਤਵ ਹੈ। ਇਹ ਇਤਿਹਾਸਕ ਗੁਰਦੁਆਰਾ ਅੰਮ੍ਰਿਤਸਰ ਤੋਂ ਕੁਝ ਮੀਲ ਦੂਰ ਸਥਿਤ ਹੈ ਜਿੱਥੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ। ਇੱਥੋਂ ਦਾ ਮਹੰਤ ਸੁੰਦਰ ਦਾਸ ਉਦਾਸੀ ਬਹੁਤ ਹੀ ਘਟੀਆ ਆਚਰਣ ਵਾਲਾ ਸੀ, ਪਰ ਬਰਤਾਨਵੀ ਸਰਕਾਰ ਦੀ ਸ਼ਹਿ ਹੋਣ ਕਰਕੇ ਸਿੱਖ ਕੌਮ ਨੂੰ ਮਜਬੂਰਨ ਕੌੜਾ ਘੁੱਟ ਪੀਣਾ ਪੈ ਰਿਹਾ ਸੀ। ਗੁਰਦੁਆਰੇ ਨੂੰ ਮਹੰਤ ਤੋਂ ਆਜ਼ਾਦ ਕਰਵਾਉਣ ਲਈ 31 ਜਨਵਰੀ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਸ. ਕਰਤਾਰ ਸਿੰਘ ਝੱਬਰ ਤੇ ਸ. ਦਾਨ ਸਿੰਘ ਵਿਛੋਆ ਗੁਰੂ ਕਾ ਬਾਗ ਵਿਖੇ ਜਥਾ ਲੈ ਕੇ ਗਏ ਜਿੱਥੇ ਮਹੰਤ ਨੇ ਜਥੇ ਦੀਆਂ ਸ਼ਰਤਾਂ ਪ੍ਰਵਾਨ ਕਰਦਿਆਂ ਸੰਧੀ ਪੱਤਰ ’ਤੇ ਦਸਤਖ਼ਤ ਕੀਤੇ। ਫਿਰ ਅੰਗਰੇਜ਼ ਸਰਕਾਰ ਦੀ ਸ਼ਹਿ ’ਤੇ ਆਪਣੇ ਵਾਅਦੇ ਤੋਂ ਮੁੱਕਰਿਆ ਮਹੰਤ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਆਪਣੀ ਸੰਪਤੀ ਮੰਨਣ ਲੱਗਾ। ਅੱਠ ਅਗਸਤ 1922 ਨੂੰ ਗੁਰੂ ਕੇ ਲੰਗਰ ਲਈ ਖੇਤਾਂ ਵਿੱਚੋਂ ਬਾਲਣ ਲਈ ਲੱਕੜਾਂ ਕੱਟਣ ਗਏ ਸਿੰਘਾਂ ਨੂੰ ਮਹੰਤ ਦੀ ਸ਼ਹਿ ’ਤੇ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕਰਕੇ ਛੇ-ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ। ਜਿਸ ਜ਼ਮੀਨ ਵਿੱਚੋਂ ਲੰਗਰ ਦੇ ਬਾਲਣ ਲਈ ਲੱਕੜਾਂ ਕੱਟੀਆਂ ਗਈਆਂ ਸਨ ਉਹ ਵੀ ਗੁਰਦੁਆਰੇ ਦੀ ਮਲਕੀਅਤ ਸੀ, ਸੋ ਸਜ਼ਾ ਕਿਸ ਗੱਲ ਦੀ? ਇਸੇ ਮਸਲੇ ’ਤੇ ਸਿੱਖ ਕੌਮ ਨੇ ਮੋਰਚਾ ਲਗਾਉਣ ਦਾ ਫ਼ੈਸਲਾ ਕਰ ਲਿਆ। ਸ਼੍ਰੋਮਣੀ ਕਮੇਟੀ ਵੱਲੋਂ ਰੋਜ਼ਾਨਾ ਪੰਜ-ਪੰਜ ਸਿੰਘਾਂ ਦਾ ਜਥਾ ਭੇਜਿਆ ਜਾਣ ਲੱਗਾ ਜਿਸ ਨੂੰ ਪੁਲੀਸ ਫੜਦੀ ਅਤੇ ਦੂਰ-ਦੁਰਾਡੇ ਲਿਜਾ ਕੇ ਛੱਡ ਦਿੰਦੀ। ਇੱਧਰ ਜਥੇ ਦੇ ਸਿੰਘਾਂ ਦੀ ਗਿਣਤੀ ਵਧੀ ਤਾਂ ਉਧਰ ਪੁਲੀਸ ਮੁਖੀ ਬੀ.ਟੀ. ਨੇ ਉੱਚ ਅਫ਼ਸਰਾਂ ਨਾਲ ਰਾਇ ਕਰ ਕੇ ਸਿੰਘਾਂ ਉੱਤੇ ਸਖ਼ਤੀ ਦਾ ਦੌਰ ਤੇਜ਼ ਕਰ ਦਿੱਤਾ। 26 ਅਗਸਤ ਨੂੰ ਲੱਕੜਾਂ ਲੈਣ ਲਈ ਗਏ 36 ਸਿੰਘਾਂ ਦੇ ਜਥੇ ਦੀ ਸਖ਼ਤ ਮਾਰ-ਕੁਟਾਈ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਸਿੰਘਾਂ ਨੂੰ ਕੇਸਾਂ ਤੋਂ ਫੜ ਕੇ ਧੂਹਿਆ ਗਿਆ ਅਤੇ ਬੰਦੂਕਾਂ ਦੇ ਬੱਟਾਂ ਤੇ ਡਾਂਗਾਂ ਨਾਲ ਭਾਰੀ ਮਾਰਕੁੱਟ ਕੀਤੀ ਗਈ। ਇਸੇ ਦਿਨ ਗੁਰੂ ਕੇ ਬਾਗ ਸਬੰਧੀ ਵਿਚਾਰ ਕਰਨ ਲਈ ਸ਼੍ਰੋਮਣੀ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਅੰਮ੍ਰਿਤਸਰ ਵਿਖੇ ਹੋ ਰਹੀ ਸੀ ਤਾਂ ਮੁਖੀ ਲੀਡਰਾਂ ਦੇ ਵਾਰੰਟ ਜਾਰੀ ਹੋ ਗਏ ਜਿਸ ’ਤੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਾਂ, ਸਕੱਤਰਾਂ ਆਦਿ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੜੀ ਸਜ-ਧਜ ਨਾਲ ਜਥੇ ਦੇ ਰੂਪ ਵਿਚ ਗ੍ਰਿਫ਼ਤਾਰੀ ਲਈ ਰਵਾਨਾ ਕੀਤਾ ਗਿਆ। ਹੁਣ ਸਿੰਘ ਗ੍ਰਿਫ਼ਤਾਰੀਆਂ ਦੇਣ ਲਈ ਹੁੰਮ-ਹੁਮਾ ਕੇ ਸ੍ਰੀ ਅੰਮ੍ਰਿਤਸਰ ਪੁੱਜਣ ਲੱਗੇ। ਰੋਜ਼ਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੂਰਨ ਸ਼ਾਂਤਮਈ ਰਹਿਣ ਦਾ ਅਰਦਾਸਾ ਸੋਧ ਕੇ ਸਿੰਘਾਂ ਦਾ ਜਥਾ ਗੁਰੂ ਕੇ ਬਾਗ ਲਈ ਰਵਾਨਾ ਹੁੰਦਾ ਜਿਸ ਦਾ ਪੁਲੀਸ ਦੀਆਂ ਲਾਠੀਆਂ ਨਾਲ ਸਵਾਗਤ ਕੀਤਾ ਜਾਂਦਾ। ਸਿੰਘ ਵਾਹਿਗੁਰੂ ਦਾ ਜਾਪ ਕਰਦੇ ਹੋਏ ਪੁਲੀਸ ਦੀਆਂ ਡਾਂਗਾਂ ਤਨ ’ਤੇ ਹੰਢਾਉਂਦੇ। ਜੋ ਫੱਟੜ ਹੋ ਕੇ ਡਿੱਗ ਜਾਂਦੇ, ਹੌਸਲਾ ਕਰ ਕੇ ਉੱਠਦੇ ਅਤੇ ਮਾਰ ਖਾਣ ਲਈ ਮੁੜ ਸੀਨੇ ਤਾਣ ਦਿੰਦੇ। ਪੁਲੀਸ ਨੇ ਡਾਂਗਾਂ ਨਾਲ ਹੀ ਬੱਸ ਨਾ ਕੀਤੀ ਸਗੋਂ ਫੱਟੜ ਹੋ ਕੇ ਡਿੱਗੇ ਸਿੰਘਾਂ ਉੱਤੇ ਘੋੜੇ ਵੀ ਦੌੜਾਏ ਜਾਣ ਲੱਗੇ। ਦੇਸ਼ ਵਿੱਚ ਹੀ ਨਹੀਂ ਸਗੋਂ ਸਾਰੀ ਦੁਨੀਆਂ ਵਿੱਚ ਸਿੱਖਾਂ ਦੇ ਸਬਰ, ਸਿਦਕ ਤੇ ਸ਼ਾਂਤਮਈ ਰਹਿਣ ਅਤੇ ਅੰਗਰੇਜ਼ੀ ਸਰਕਾਰ ਦੇ ਜਬਰ ਤੇ ਵਹਿਸ਼ੀਆਨਾ ਤਸ਼ੱਦਦ ਦੇ ਚਰਚੇ ਛਿੜ ਪਏ। ਮਨੁੱਖਤਾ ਨਾਲ ਹਮਦਰਦੀ ਰੱਖਣ ਵਾਲੇ ਵੱਖ-ਵੱਖ ਧਰਮਾਂ ਦੇ ਲੋਕ ਭਾਰੀ ਗਿਣਤੀ ਵਿਚ ਗੁਰੂ ਕੇ ਬਾਗ ਪੁੱਜਣ ਲੱਗੇ। ਇਨ੍ਹਾਂ ਵਿਚ ਅੰਗਰੇਜ਼ ਪਾਦਰੀ ਸੀ.ਐਫ. ਐਂਡਰਿਊਜ਼, ਪੰਡਿਤ ਮਦਨ ਮੋਹਨ ਮਾਲਵੀਆ, ਪ੍ਰੋ. ਰੁਚੀ ਰਾਮ ਸਾਹਨੀ, ਹਕੀਮ ਅਜਮਲ ਖਾਂ, ਸ੍ਰੀਮਤੀ ਸਰੋਜਨੀ ਨਾਇਡੂ ਖ਼ਾਸ ਵਰਨਣਯੋਗ ਹਨ। ਪਾਦਰੀ ਐਂਡਰਿਊਜ਼ ਜਿਸ ਨੇ ਤਵਾਰੀਖ਼ ਵਿੱਚ ਇੱਕ ਹੀ ਮਸੀਹਾ ਸੂਲੀ ਚੜ੍ਹਦਾ ਸੁਣਿਆ ਸੀ, ਅੱਖਾਂ ਸਾਹਮਣੇ ਸੈਂਕੜੇ ਮਸੀਹੇ ਤਸੀਹੇ ਝੱਲਦੇ ਵੇਖ ਕੇ ਰੋ ਉੱਠਿਆ ਸੀ। ਉਸ ਨੇ ਪੰਜਾਬ ਦੇ ਗਵਰਨਰ ਸਰ ਮੈਕਲੈਗਨ ਨਾਲ ਵਿਸ਼ੇਸ਼ ਮੁਲਾਕਾਤ ਕਰ ਕੇ ਇਹ ਕਹਿਰ ਬੰਦ ਕਰਨ ਲਈ ਜ਼ੋਰ ਪਾਇਆ ਜਿਸ ’ਤੇ 13 ਸਤੰਬਰ ਨੂੰ ਮੈਕਲੈਗਨ ਖ਼ੁਦ ਗੁਰੂ ਕੇ ਬਾਗ ਪੁੱਜਾ। ਇਸ ਦੇ ਫਲਸਰੂਪ ਸਿੰਘਾਂ ’ਤੇ ਡਾਂਗਾਂ ਵਰ੍ਹਨੀਆਂ ਬੰਦ ਹੋ ਗਈਆਂ ਪਰ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਰਿਹਾ ਜੋ 17 ਨਵੰਬਰ 1922 ਤੀਕ ਚੱਲਿਆ। ਇਸ ਮੋਰਚੇ ਦੌਰਾਨ 1500 ਸਿੰਘ ਜ਼ਖ਼ਮੀ, 5605 ਸਿੰਘ ਗ੍ਰਿਫ਼ਤਾਰ ਹੋਏ ਅਤੇ ਕਈ ਸ਼ਹਾਦਤਾਂ ਹੋਈਆਂ। ਗੁਰੂ ਕੇ ਬਾਗ ਦਾ ਮੋਰਚਾ ਸੰਨ 1922 ਵਿਚ ਵਾਪਰਿਆ ਸੀ ਜਿਸ ਦੀ ਸ਼ਤਾਬਦੀ ਸਿੱਖ ਕੌਮ ਵੱਲੋਂ ਸਿੱਖ ਪ੍ਰੰਪਰਾਵਾਂ ਅਨੁਸਾਰ ਮਨਾਈ ਜਾ ਰਹੀ ਹੈ। ਇਸ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਪ੍ਰਦਾਵਾਂ, ਮਹਾਂਪੁਰਖਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਗੁਰੂ ਕਾ ਬਾਗ, ਪਿੰਡ ਘੁੱਕੇਵਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਤਿੰਨ ਦਿਨਾਂ ਸਮਾਗਮ ਕਰਵਾਏ ਗਏ ਹਨ। ਅੱਜ 8 ਅਗਸਤ ਨੂੰ ਸ਼ਤਾਬਦੀ ਸਬੰਧੀ ਮੁੱਖ ਸਮਾਗਮ ਹਨ। ਗੁਰਦੁਆਰਾ ਗੁਰੂ ਕੇ ਬਾਗ ਦਾ ਮੋਰਚਾ ਗੁਰਧਾਮਾਂ ’ਚ ਪੰਥਕ ਮਰਯਾਦਾ ਦੀ ਬਹਾਲੀ ਲਈ ਵਿੱਢੇ ਸੰਘਰਸ਼ ਦਾ ਗੌਰਵਮਈ ਇਤਿਹਾਸ ਹੈ ਜਿਸ ਦੀ 100 ਸਾਲਾ ਯਾਦ ਮਨਾਉਂਦਿਆਂ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਪੰਥਕ ਏਕਤਾ ਨਾਲ ਉਪਰਾਲੇ ਕਰਨੇ ਬੇਹੱਦ ਜ਼ਰੂਰੀ ਹਨ ਤਾਂ ਜੋ ਅਗਲੀਆਂ ਪੀੜ੍ਹੀਆਂ ਆਪਣੇ ਮਾਣਮੱਤੇ ਇਤਿਹਾਸ ਅਤੇ ਵਿਰਸੇ ਤੋਂ ਜਾਣੂੰ ਹੋ ਸਕਣ। * ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

Leave a Comment

Your email address will not be published. Required fields are marked *