IMG-LOGO
Home News blog-list-01.html
ਦੇਸ਼

ਭਾਜਪਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਵੱਲੋਂ ਕੇਜਰੀਵਾਲ ਦੇ ਘਰ ਅੱਗੇ ਪ੍ਰਦਰਸ਼ਨ

by Admin - 2022-08-07 23:33:00 0 Views 0 Comment
IMG
ਨਵੀਂ ਦਿੱਲੀ - ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਅਤੇ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਦੀ ਅਗਵਾਈ ਵਿੱਚ ਭਾਜਪਾ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੇ ਅੱਜ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪਾਰਟੀ ਵਿੱਚੋਂ ਬਰਖ਼ਾਸਤ ਕਰਨ ਲਈ ਮੁੱਖ ਮੰਤਰੀ ਨਿਵਾਸ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਸਿਸੋਦੀਆ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਭਾਜਪਾ ਆਗੂਆਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜੈਨ, ਸਿਸੋਦੀਆ ਤੇ ਕੇਜਰੀਵਾਲ ਤਿੰਨੇ ਭ੍ਰਿਸ਼ਟਾਚਾਰ ਦੇ ਏਜੰਟ ਹਨ। ਸ੍ਰੀ ਗੁਪਤਾ ਨੇ ਕਿਹਾ ਕਿ ਮਨੀਸ਼ ਸਿਸੋਦੀਆ ਨੇ ਹੁਣ ਸਮਝ ਲਿਆ ਹੈ ਕਿ ਸੀਬੀਆਈ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਪਰਤਾਂ ਖੋਲ੍ਹਣ ਜਾ ਰਹੀ ਹੈ। ਅਜਿਹੇ ਵਿੱਚ ਹੁਣ ਉਹ ਸਾਰਾ ਮਾਮਲਾ ਉਲਟਾਉਣ ਵਿਚ ਲੱਗੇ ਹੋਏ ਹਨ। ਇਸ ਲਈ ਉਹ ਸੀਬੀਆਈ ਨੂੰ ਗੁਮਰਾਹ ਕਰਨ ਲਈ ਵੱਖ-ਵੱਖ ਹੱਥਕੰਡੇ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸੀਬੀਆਈ ਨੇ ਜਾਂਚ ਸ਼ੁਰੂ ਕੀਤੀ ਤਾਂ ਉਹ ਬੇਨਕਾਬ ਹੋਣ ਦੇ ਡਰੋਂ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਵਿਰੋਧੀ ਧਿਰ ਦੇ ਆਗੂ ਰਾਮਵੀਰ ਸਿੰਘ ਬਿਧੂੜੀ ਨੇ ਕਿਹਾ ਕਿ ਸਿਸੋਦੀਆ ਨੇ ਕਰੋੜਾਂ ਰੁਪਏ ਲੈ ਕੇ ਸ਼ਰਾਬ ਮਾਫ਼ੀਆ ਨਾਲ ਹੱਥ ਮਿਲਾ ਕੇ ਮਾਸਟਰ ਪਲਾਨ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਸਿਸੋਦੀਆ ਉਪ ਰਾਜਪਾਲ ’ਤੇ ਦੋਸ਼ ਲਗਾ ਰਹੇ ਹਨ ਪਰ ਉਹ ਇਹ ਕਿਉਂ ਨਹੀਂ ਦੱਸ ਰਹੇ ਕਿ ਨਿਯਮਾਂ ਨੂੰ ਸਿੱਕੇ ਟੰਗ ਕੇ ਜਿਸ ਨੀਤੀ ਵਿਚ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ, ਉਸ ’ਤੇ ਉਪ ਰਾਜਪਾਲ ਕਿਸ ਤਰ੍ਹਾਂ ਮੋਹਰ ਲਗਾਵੇ। ਉਪ ਰਾਜਪਾਲ ਨੇ ਸੰਵਿਧਾਨ ਅਤੇ ਨਿਯਮਾਂ ਨੂੰ ਪਹਿਲ ਦਿੰਦੇ ਹੋਏ ਇਸ ’ਤੇ ਪਾਬੰਦੀ ਲਗਾਈ ਹੈ। ਸੰਸਦ ਮੈਂਬਰ ਪਰਵੇਸ਼ ਸਾਹਿਬ ਸਿੰਘ ਨੇ ਕਿਹਾ ਕਿ ਅੱਜ ਦਿੱਲੀ ਦੇ ਸਿਹਤ ਮੰਤਰੀ ਜੇਲ੍ਹ ਦੇ ਅੰਦਰ ਹਨ, ਪਰ ਕੇਜਰੀਵਾਲ ਉਨ੍ਹਾਂ ਨੂੰ ਮੰਤਰਾਲੇ ਤੋਂ ਬਾਹਰ ਨਹੀਂ ਕੱਢ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਉਪ ਮੁੱਖ ਮੰਤਰੀ ਖ਼ਿਲਾਫ਼ ਸੀਬੀਆਈ ਜਾਂਚ ਬੈਠੀ ਹੈ, ਅਜਿਹੇ ਵਿਚ ਜੇ ਸਿਸੋਦੀਆ ਵਿਚ ਕੋਈ ਨੈਤਿਕਤਾ ਬਚੀ ਹੈ ਤਾਂ ਉਹ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ। ਇਸ ਪ੍ਰਦਰਸ਼ਨ ਵਿੱਚ ਸੰਸਦ ਮੈਂਬਰ ਹੰਸਰਾਜ ਹੰਸ, ਸੂਬਾ ਜਨਰਲ ਸਕੱਤਰ ਕੁਲਜੀਤ ਸਿੰਘ ਚਾਹਲ, ਵਿਧਾਇਕ ਮੋਹਨ ਸਿੰਘ ਬਿਸ਼ਟ, ਅਜੇ ਮਹਾਵਰ, ਓਪੀ ਸ਼ਰਮਾ, ਅਨਿਲ ਵਾਜਪਾਈ, ਅਭੈ ਵਰਮਾ ਅਤੇ ਜਤਿੰਦਰ ਮਹਾਜਨ ਸਣੇ ਹੋਰ ਮੌਜੂਦ ਸਨ।

Leave a Comment

Your email address will not be published. Required fields are marked *