IMG-LOGO
Home News blog-list-01.html
ਦੇਸ਼

ਭਗਵੰਤ ਮਾਨ ਨੇ ਐੱਮਐੱਸਪੀ ਸਣੇ ਕਿਸਾਨਾਂ ਦੀਆਂ ਹੋਰ ਮੰਗਾਂ ਉਠਾਈਆਂ

by Admin - 2022-08-07 23:27:46 0 Views 0 Comment
IMG
ਨਵੀਂ ਦਿੱਲੀ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਨੀਤੀ ਆਯੋਗ ਦੀ ਬੈਠਕ ਵਿੱਚ ਸ਼ਾਮਲ ਹੋ ਕੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਮੇਤ ਕਿਸਾਨਾਂ ਦੀਆਂ ਹੋਰ ਮੰਗਾਂ ਵੀ ਰੱਖੀਆਂ। ਮੀਟਿੰਗ ਖ਼ਤਮ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ, “ਮੁੱਖ ਮੰਤਰੀ ਬਣਨ ਤੋਂ ਬਾਅਦ ਮੇਰੇ ਲਈ ਨੀਤੀ ਆਯੋਗ ਦੀ ਇਹ ਪਹਿਲੀ ਮੀਟਿੰਗ ਸੀ। ਬਦਕਿਸਮਤੀ ਦੀ ਗੱਲ ਹੈ ਕਿ ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਤੋਂ ਕੋਈ ਨਹੀਂ ਆਇਆ।’’ ਮੁੱਖ ਮੰਤਰੀ ਨੇ ਕਿਹਾ ਕਿ ਉਹ ਮੀਟਿੰਗ ’ਚ ਸ਼ਾਮਲ ਹੋਣ ਲਈ ਪੂਰੀ ਤਿਆਰੀ ਕਰਕੇ ਆਏ ਸਨ। ‘ਮੈਂ ਪੰਜਾਬ ਦੇ ਮੁੱਦੇ ਰੱਖੇ। ਸਭ ਤੋਂ ਵੱਡਾ ਫਸਲਾਂ ਦੀ ਕਿਸਮ ਹੈ। ਅਸੀਂ ਕਣਕ-ਝੋਨੇ ਵਿੱਚ ਫਸ ਗਏ ਹਾਂ। ਸੂਬੇ ’ਚ ਪਾਣੀ ਦਾ ਪੱਧਰ ਖ਼ਤਰਨਾਕ ਪੱਧਰ ਤੱਕ ਘਟ ਗਿਆ ਹੈ। ਅਸੀਂ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਅਤੇ ਇੱਕ ਸੁਧਾਰ ਕਮੇਟੀ ਦੀ ਮੰਗ ਕਰਦੇ ਹਾਂ ਕਿਉਂਕਿ ਇਸ ਵਿੱਚ ਕੋਈ ਹਿੱਸੇਦਾਰ ਨਹੀਂ ਹਨ।’ ਮੁੱਖ ਮੰਤਰੀ ਨੇ ਘੱਟੋ-ਘੱਟ ਸਮਰਥਨ ਮੁੱਲ ਲਈ ਕਾਇਮ ਕੀਤੀ ਕਮੇਟੀ ਵਿੱਚ ‘ਅਸਲ ਕਿਸਾਨਾਂ’ ਨੂੰ ਸ਼ਾਮਲ ਕਰਕੇ ਇਸ ਦਾ ਪੁਨਰਗਠਨ ਕਰਨ, ਕੇਂਦਰ ਸਰਕਾਰ ਨੂੰ ਦਾਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦਾ ਐਲਾਨ ਤੇ ਢੁੱਕਵੀਂ ਮੰਡੀਕਰਨ ਪ੍ਰਣਾਲੀ ਦਾ ਭਰੋਸਾ ਦੇਣ, ਸੂਬੇ ਵਿੱਚ ਸਿੱਖਿਆ ਪ੍ਰਣਾਲੀ ਦੀ ਹਾਲਤ ਸੁਧਾਰਨ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਲਈ ਸੂਬੇ ਨੂੰ ਫਰਾਖਦਿਲੀ ਨਾਲ ਫੰਡ ਦੇਣ ਦੀ ਮੰਗ ਕੀਤੀ। ਉਨ੍ਹਾਂ ਸੂਬੇ ਵਿੱਚ ਮੌਜੂਦਾ ਨਹਿਰੀ ਸਿਸਟਮ ਦੀ ਮਜ਼ਬੂਤੀ ਤੇ ਮੁਰੰਮਤ ਲਈ ਕੇਂਦਰ ਸਰਕਾਰ ਨੂੰ ਵਿਸ਼ੇਸ਼ ਪੈਕੇਜ ਦੇਣ ਦੀ ਮੰਗ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਉਹ ਮੀਟਿੰਗ ਤੋਂ ਖੁਸ਼ ਹਨ ਕਿਉਂਕਿ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀਆਂ ਵੱਲੋਂ ਉਠਾਏ ਗਏ ਸਾਰੇ ਮੁੱਦਿਆਂ ਨੂੰ ਧਿਆਨਪੂਰਬਕ ਸੁਣਿਆ ਗਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸਵੇਰੇ 10 ਤੋਂ ਸ਼ਾਮ 4:15 ਵਜੇ ਤੱਕ ਸਾਰੇ ਮੁੱਖ ਮੰਤਰੀਆਂ ਨਾਲ ਬੈਠੇ ਰਹੇ ਅਤੇ ਨੁਕਤੇ ਨੋਟ ਕੀਤੇ। ਮੁੱਖ ਮੰਤਰੀ ਨੇ ਅਗਾਮੀ ਜੀ-20 ਸਿਖਰ ਸੰਮੇਲਨ ਅੰਮ੍ਰਿਤਸਰ ’ਚ ਕਰਵਾਏ ਜਾਣ ਲਈ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਸੁਝਾਅ ਦਿੱਤਾ ਹੈ। ‘ਮੈਂ ਵਿਦੇਸ਼ ਮੰਤਰੀ ਜੈਸ਼ੰਕਰ ਅੱਗੇ ਅੰਮ੍ਰਿਤਸਰ ਦਾ ਨਾਂ ਉਸ ਸਥਾਨ ਵਜੋਂ ਪੇਸ਼ ਕੀਤਾ ਹੈ ਜਿੱਥੇ ਸਾਰੀਆਂ ਮੀਟਿੰਗਾਂ ਕੀਤੀਆਂ ਜਾ ਸਕਦੀਆਂ ਹਨ।’ ਉਨ੍ਹਾਂ ਕਿਹਾ ਕਿ ਜੇਕਰ ਅੰਮ੍ਰਿਤਸਰ ’ਚ ਸੰਮੇਲਨ ਹੋਇਆ ਤਾਂ ਉਥੇ ਪੰਜਾਬ ਦੇ ਰੰਗਲੇ ਸੱਭਿਆਚਾਰ ਦਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ।

Leave a Comment

Your email address will not be published. Required fields are marked *