IMG-LOGO
Home News blog-list-01.html
ਦੇਸ਼

ਮਹਿੰਗਾਈ ਖ਼ਿਲਾਫ਼ ਕਾਂਗਰਸ ਵੱਲੋਂ ਸੰਸਦ ਤੋਂ ਸੜਕ ਤੱਕ ਪ੍ਰਦਰਸ਼ਨ

by Admin - 2022-08-05 21:16:57 0 Views 0 Comment
IMG
ਰਾਹੁਲ, ਪ੍ਰਿਯੰਕਾ ਸਣੇ 65 ਆਗੂ ਹਿਰਾਸਤ ’ਚ ਲਏ; ਛੇ ਘੰਟੇ ਮਗਰੋਂ ਰਿਹਾਅ ਨਵੀਂ ਦਿੱਲੀ- ਕਾਂਗਰਸੀ ਆਗੂਆਂ ਨੇ ਅੱਜ ਕਾਲੇ ਚੋਲੇ ਪਾ ਕੇ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਸੰਸਦ ਤੋਂ ਸੜਕ ਤੱਕ ਪ੍ਰਦਰਸ਼ਨ ਕੀਤਾ। ਕਾਂਗਰਸੀ ਸੰਸਦ ਮੈਂਬਰਾਂ ਨੇ ਜ਼ਰੂਰੀ ਵਸਤਾਂ ’ਤੇ ਜੀਐੱਸਟੀ ਵਾਧੇ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ। ਸੰਸਦ ਦੇ ਬਾਹਰ ਵਿਜੈ ਚੌਕ ਤੇ ਆਲ ਇੰਡੀਆ ਕਾਂਗਰਸ ਕਮੇਟੀ ਹੈੱਡਕੁਆਰਟਰ ਦੇ ਬਾਹਰ ਬਣੇ ਟਕਰਾਅ ਵਾਲੇ ਮਾਹੌਲ ਦਰਮਿਆਨ ਦਿੱਲੀ ਪੁਲੀਸ ਨੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਸਣੇ 60 ਤੋਂ ਵੱਧ ਕਾਂਗਰਸੀ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਲਗਪਗ ਛੇ ਘੰਟੇ ਹਿਰਾਸਤ ਵਿੱਚ ਰੱਖਣ ਮਗਰੋਂ ਇਨ੍ਹਾਂ ਨੂੰ ਛੱਡ ਦਿੱਤਾ ਗਿਆ। ਜੈਰਾਮ ਰਮੇਸ਼ ਨੇ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ। ਉਧਰ ਦਿੱਲੀ ਪੁਲੀਸ ਨੇ 65 ਸੰਸਦ ਮੈਂਬਰਾਂ ਸਮੇਤ ਕੁੱਲ 335 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈਣ ਦਾ ਦਾਅਵਾ ਕੀਤਾ ਸੀ। ਕਾਂਗਰਸੀ ਸੰਸਦ ਮੈਂਬਰਾਂ, ਜਿਨ੍ਹਾਂ ਵਿੱਚ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਸ਼ਾਮਲ ਸਨ, ਨੇ ਮਹਿੰਗਾਈ, ਜ਼ਰੂਰੀ ਵਸਤਾਂ ’ਤੇ ਜੀਐੱਸਟੀ ਵਧਾਉਣ ਤੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਸੰਸਦ ਭਵਨ ਅਹਾਤੇ ਵਿੱਚ ਪ੍ਰਦਰਸ਼ਨ ਕੀਤਾ। ਇਸ ਮੌਕੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਹੋਰਨਾਂ ਮਹਿਲਾ ਸੰਸਦ ਮੈਂਬਰਾਂ ਨਾਲ ਗੇਟ ਨੰਬਰ 1 ਦੇ ਬਾਹਰ ਮੌਜੂਦ ਰਹੇ। ਮਹਿਲਾ ਮੈਂਬਰਾਂ ਨੇ ਹੱਥਾਂ ਵਿੱਚ ਬੈਨਰ ਚੁੱਕੇ ਹੋਏ ਸਨ। ਕਾਂਗਰਸੀ ਸੰਸਦ ਮੈਂਬਰ ਮਗਰੋਂ ਰਾਸ਼ਟਰਪਤੀ ਭਵਨ ਵੱਲ ਮਾਰਚ ਕੱਢਣ ਲਈ ਤੁਰ ਪਏ, ਹਾਲਾਂਕਿ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਵਿਜੈ ਚੌਕ ਵਿੱਚ ਹੀ ਰੋਕ ਲਿਆ। ਸੋਨੀਆ ਗਾਂਧੀ ਰਾਸ਼ਟਰਪਤੀ ਭਵਨ ਵੱਲ ਮਾਰਚ ਵਿੱਚ ਸ਼ਾਮਲ ਨਹੀਂ ਹੋਏ। ਪਾਰਟੀ ਸੂਤਰਾਂ ਮੁਤਾਬਕ ਰਾਹੁਲ ਗਾਂਧੀ, ਸੀਨੀਅਰ ਕਾਂਗਰਸੀ ਆਗੂਆਂ ਕੇ.ਸੀ.ਵੇਣੂਗੋਪਾਲ, ਅਧੀਰ ਰੰਜਨ ਚੌਧਰੀ ਤੇ ਗੌਰਵ ਗੋਗੋਈ ਸਣੇ 64 ਦੇ ਕਰੀਬ ਸੰਸਦ ਮੈਂਬਰਾਂ ਨੂੰ ਦਿੱਲੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਵਿਜੈ ਚੌਕ ਤੋਂ ਬੱਸਾਂ ਵਿੱਚ ਬਿਠਾ ਕੇ ਲੈ ਗਈ। ਇਸ ਤੋਂ ਪਹਿਲਾਂ ਵਿਜੈ ਚੌਕ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘‘ਅਸੀਂ ਮਹਿੰਗਾਈ ਦਾ ਮੁੱਦਾ ਚੁੱਕਣ ਲਈ ਇਥੇ ਆਏ ਹਾਂ।’’ ਉਨ੍ਹਾਂ ਕਿਹਾ ਕਿ ਜਮਹੂਰੀਅਤ ਦਾ ਕਤਲ ਕੀਤਾ ਜਾ ਰਿਹੈ। ਉਨ੍ਹਾਂ ਪੁਲੀਸ ਵੱਲੋਂ ਸੰਸਦ ਮੈਂਬਰਾਂ ਦੀ ਖਿੱਚਧੂਹ ਤੇ ‘ਕੁੱਟਮਾਰ’ ਕੀਤੇ ਜਾਣ ਦਾ ਦਾਅਵਾ ਵੀ ਕੀਤਾ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਸਾਡਾ ਕੰਮ ਇਨ੍ਹਾਂ ਤਾਕਤਾਂ ਦਾ ਵਿਰੋਧ ਕਰਨਾ ਹੈ, ਸਾਡਾ ਕੰਮ ਭਾਰਤ ਵਿੱਚ ਜਮਹੂਰੀਅਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ, ਸਾਡਾ ਕੰਮ ਲੋਕ ਮਸਲਿਆਂ ਨੂੰ ਚੁੱਕਣਾ ਹੈ। ਅਸੀਂ ਇਹੀ ਕੰਮ ਕਰ ਰਹੇ ਹਾਂ।’’ ਰਾਹੁਲ ਗਾਂਧੀ ਨੇ ਮਗਰੋਂ ਵਿਜੈ ਚੌਕ ਵਿਚਲੇ ਪ੍ਰਦਰਸ਼ਨ ਦੀਆਂ ਤਸਵੀਰਾਂ ਪੋਸਟ ਕਰਦਿਆਂ ਕੀਤੇ ਟਵੀਟ ਵਿੱਚ ਕਿਹਾ, ‘‘ਜਮਹੂਰੀਅਤ ਇਕ ਯਾਦ ਬਣ ਕੇ ਰਹਿ ਗਈ ਹੈ।’’ ਰਾਹੁਲ ਨੇ ਹਿੰਦੀ ਵਿੱਚ ਟਵੀਟ ਕੀਤਾ, ‘‘ਇਸ ਤਾਨਾਸ਼ਾਹ ਸਰਕਾਰ ਨੂੰ ਡਰ ਲੱਗ ਰਿਹਾ ਹੈ। ਭਾਰਤ ਦੀ ਹਾਲਤ ਤੋਂ, ਲੱਕਤੋੜ ਮਹਿੰਗਾਈ ਤੇ ਇਤਿਹਾਸਕ ਬੇਰੁਜ਼ਗਾਰੀ ਤੋਂ, ਆਪਣੀਆਂ ਨੀਤੀਆਂ ਕਰਕੇ ਲਿਆਂਦੀ ਬਰਬਾਦੀ ਤੋਂ। ਜੋ ਸਚਾਈ ਤੋਂ ਡਰਦਾ ਹੈ, ਉਹੀ ਆਵਾਜ਼ ਚੁੱਕਣ ਵਾਲੇ ਨੂੰ ਧਮਕਾਉਂਦਾ ਹੈ!’’ ਉਂਜ ਧਰਨੇ ਪ੍ਰਦਰਸ਼ਨਾਂ ਦੌਰਾਨ ਰਾਹੁਲ ਗਾਂਧੀ ਸਣੇ ਕਈ ਕਾਂਗਰਸੀ ਆਗੂਆਂ ਨੇ ਕਾਲੇ ਚੋਲੇ ਪਾਏ ਹੋਏ ਸਨ। ਉਧਰ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਪਾਰਟੀ ਹੈੱਡਕੁਆਰਟਰ ਦੇ ਬਾਹਰ ਧਰਨਾ ਦਿੱਤਾ। ਉਹ ਪੁਲੀਸ ਵੱਲੋਂ ਲਾਈਆਂ ਰੋਕਾਂ ਨੂੰ ਟੱਪ ਕੇ ਸੜਕ ’ਤੇ ਚੌਂਕੜਾ ਮਾਰ ਕੇ ਬੈਠ ਗਈ। ਜੰਤਰ-ਮੰਤਰ ਨੂੰ ਛੱਡ ਕੇ ਨਵੀਂ ਦਿੱਲੀ ਦੇ ਪੂਰੇ ਖੇਤਰ ਵਿੱਚ ਧਾਰਾ 144 ਲੱਗੀ ਹੋਣ ਕਰਕੇ ਪੁਲੀਸ ਨੇ ਉਸ ਨੂੰ ਉਥੋਂ ਹਟਣ ਲਈ ਕਿਹਾ। ਕਾਂਗਰਸੀ ਹੈੱਡਕੁਆਰਟਰ ਦੇ ਬਾਹਰ ਨਾਟਕੀ ਘਟਨਾਕ੍ਰਮ ਦੌਰਾਨ ਦਿੱਲੀ ਪੁਲੀਸ ਪ੍ਰਿਯੰਕਾ ਗਾਂਧੀ ਨੂੰ ਜਬਰੀ ਵਾਹਨ ਵਿੱਚ ਬਿਠਾ ਕੇ ਉਥੋਂ ਲੈ ਗਈ। ਪੁਲੀਸ ਵਾਹਨ ਵਿੱਚ ਸ਼ੂਟ ਕੀਤੀ ਵੀਡੀਓ, ਜੋ ਮਗਰੋਂ ਕਾਂਗਰਸ ਵੱਲੋਂ ਪੱਤਰਕਾਰਾਂ ਨਾਲ ਸਾਂਝੀ ਕੀਤੀ ਗਈ, ਵਿੱਚ ਪ੍ਰਿਯੰਕਾ ਨੇ ਕਿਹਾ, ‘‘ਉਹ ਸੋਚਦੇ ਹਨ ਕਿ ਤਾਕਤ ਦੇ ਜ਼ੋਰ ’ਤੇ ਉਹ ਸਾਨੂੰ ਖ਼ਾਮੋਸ਼ ਕਰ ਸਕਦੇ ਹਨ ਤੇ ਸਾਨੂੰ ਝੁਕਣ ਲਈ ਮਜਬੂਰ ਕਰ ਸਕਦੇ ਹਨ। ਅਸੀਂ ਅਜਿਹਾ ਕਿਉਂ ਕਰਾਂਗੇ?’’ ਕਾਂਗਰਸੀ ਆਗੂ ਨੇ ਕਿਹਾ, ‘‘ਉਨ੍ਹਾਂ ਦੇ ਮੰਤਰੀਆਂ ਨੂੰ ਮਹਿੰਗਾਈ ਨਹੀਂ ਦਿਸਦੀ, ਇਸ ਲਈ ਅਸੀਂ ਪ੍ਰਧਾਨ ਮੰਤਰੀ ਦੇ ਘਰ ਵੱਲ ਜਾਣਾ ਚਾਹੁੰਦੇ ਸੀ ਤਾਂ ਕਿ ਉਨ੍ਹਾਂ ਨੂੰ ਅਸਮਾਨੀ ਪੁੱਜੀ ਮਹਿੰਗਾਈ, ਅਸਮਾਨੀ ਪੁੱਜੀ ਗੈਸ ਸਿਲੰਡਰ ਦੀ ਕੀਮਤ ਵਿਖਾ ਸਕੀੲੇ।’’ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘‘ਅੱਜ ਇਕ ਵਾਰ ਫਿਰ, ਕਾਂਗਰਸੀ ਸੰਸਦ ਮੈਂਬਰਾਂ ਨੂੰ ਵਧਦੀ ਮਹਿੰਗਾਈ, ਬੇਰੁਜ਼ਗਾਰੀ ਤੇ ਜੀਐੱਸਟੀ ਜਿਹੇ ਮੁੱਦਿਆਂ ਖਿਲਾਫ਼ ਪ੍ਰਦਰਸ਼ਨ ਕਰਨ ਦੇ ਜਮਹੂਰੀ ਹੱਕ ਤੋਂ ਵਰਜਿਆ ਗਿਆ। ਸਾਫ਼ ਹੈ ਕਿ ਜਿਹੜੇ ਡਰੇ ਹੋਏ ਹਨ, ਉਹੀ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ!’’ ਰਮੇਸ਼ ਨੇ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਜਦੋਂ ਦੀ ਕਾਂਗਰਸ ਪ੍ਰਧਾਨ ਨੇ ਕੰਨਿਆਕੁਮਾਰੀ ਤੋਂ ਕਸ਼ਮੀਰ ‘ਭਾਰਤ ਜੋੜੋ ਯਾਤਰਾ’ ਦਾ ਐਲਾਨ ਕੀਤਾ ਹੈ, ‘ਧਮਕੀ-ਜੀਵੀ’ ਨੇ ‘ਬਦਲਾਖੋਰੀ ਦੀ ਜ਼ਹਿਰੀਲੀ ਸਿਆਸਤ’ ਤੇਜ਼ ਕਰ ਦਿੱਤੀ ਹੈ ਤੇ ਕਾਂਗਰਸ ਤੇ ਇਸ ਦੀ ਲੀਡਰਸ਼ਿਪ ਨੂੰ ਦਬਕਾਇਆ ਜਾ ਰਿਹੈ ਅਤੇ ‘ਇਹ ਕੋਈ ਸੰਜੋਗ ਨਹੀਂ ਹੈ।’ ਲੋਕ ਸਭਾ ਵਿੱਚ ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਪਾਰਟੀ ਅਜਿਹੇ ਮੁੱਦਿਆਂ ਵੱਲ ਧਿਆਨ ਦਿਵਾਉਣਾ ਚਾਹੁੰਦੀ ਹੈ, ਜਿਸ ਨੂੰ ਸਰਕਾਰ ਵਿਸਾਰੀ ਬੈਠੀ ਹੈ। ਪਾਰਟੀ ਆਗੂ ਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀ ਪੁਲੀਸ ਬੱਸ ਤੋਂ ਵੀਡੀਓ ਸੁਨੇਹਾ ਪੋਸਟ ਕਰਕੇ ਟਵੀਟ ਕੀਤਾ।

Leave a Comment

Your email address will not be published. Required fields are marked *