IMG-LOGO
Home News ��������� ������������ ������������ ������ ��������������������� ��������������� ��������� ������������ ������������������ ��������� ������ ������������������
ਰਾਜਨੀਤੀ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

by Admin - 2022-08-04 22:29:13 0 Views 0 Comment
IMG
ਡਾ. ਸ਼ਿਆਮ ਸੁੰਦਰ ਦੀਪਤੀ ਭਗਤ ਪੂਰਨ ਸਿੰਘ ਅਜਿਹੀ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਅਪਾਹਿਜ, ਪਿੰਗਲੇ ਲੋਕਾਂ ਲਈ ‘ਆਪਣਾ ਘਰ’ ਤਾਂ ਬਣਾਇਆ ਹੀ, ਨਾਲ ਹੀ ਉਹ ਵਾਤਾਵਰਨ ਅਤੇ ਆਉਣ ਵਾਲੀ ਪੀੜ੍ਹੀ ਲਈ ਫ਼ਿਕਰਮੰਦ ਸਨ। ਸੰਸਾਰ ਪੱਧਰ ’ਤੇ ਵਾਤਾਵਰਨ ਦਿਵਸ ਪਹਿਲੀ ਵਾਰੀ 1972 ਵਿਚ ਵਿਚਾਰਿਆ ਗਿਆ; ਭਗਤ ਪੂਰਨ ਸਿੰਘ ਨੇ ਵਾਤਾਵਰਨ ਬਾਰੇ ਚਿੰਤਾ 1927 ਵਿਚ ਕੀਤੀ, ਤਕਰੀਬਨ ਸੌ ਸਾਲ ਪਹਿਲਾਂ। ਭਗਤ ਪੂਰਨ ਸਿੰਘ ਦੇ ਕੰਮਾਂ ਨੂੰ ਦੇਖਦਿਆਂ ਉਨ੍ਹਾਂ ਨੂੰ ਪੂਰਨ ਸ਼ਖ਼ਸੀਅਤ ਕਹਿ ਸਕਦੇ ਹਾਂ। ਉਂਝ ਵਿਦਵਾਨਾਂ ਦਾ ਮੱਤ ਹੈ ਕਿ ਕੋਈ ਵੀ ਸ਼ਖ਼ਸ ਸੰਪੂਰਨ ਨਹੀਂ ਹੁੰਦਾ ਪਰ ਇਹ ਅਧਿਐਨ ਵੀ ਹਨ ਕਿ ਮਨੁੱਖ ਅੰਦਰ ਕੁਦਰਤ ਨੇ ਅਨੇਕਾਂ ਗੁਣ ਭਰੇ ਹਨ ਜਿਨ੍ਹਾਂ ਨੂੰ ਵਿਕਸਤ ਕਰਕੇ ਅਤੇ ਆਪਣੀ ਜ਼ਿੰਦਗੀ ਵਿਚ ਢਾਲ ਕੇ ਕੋਈ ਵੀ ਸ਼ਖ਼ਸ ਪੂਰਨਤਾ ਵੱਲ ਵਧ ਸਕਦਾ ਹੈ। ਹਰ ਬੱਚਾ ਮਨੁੱਖ ਵਜੋਂ ਪੈਦਾ ਹੁੰਦਾ ਹੈ; ਉਹ ਆਪਣੀ ਹਿੰਮਤ ਨਾਲ, ਸਵੈ-ਭਰੋਸੇ ਅਤੇ ਸਹੀ ਰਾਹ ਦਸੇਰੇ ਦੀ ਪਾਲਣਾ ਹੇਠ, ਮਨੁੱਖ ਤੋਂ ਮਹਾਂ ਮਨੁੱਖ, ਪਰਮ ਮਨੁੱਖ, ਪੂਰਨ ਮਨੁੱਖ ਬਣ ਸਕਦਾ ਹੈ। ਸਮਝਣ ਵਾਲੀ ਗੱਲ ਇਹ ਹੈ ਕਿ ਕਿਸੇ ਨੂੰ ਪੂਰਨਤਾ ਵੱਲ ਲਿਜਾਣ ਵਾਲਾ, ਬਣਾਉਣ ਵਾਲਾ ਕੌਣ ਹੈ? ਜਾਂ ਕਹੀਏ ਉਹ ਕਿਹੜਾ ਮਾਹੌਲ ਹੈ ਜੋ ਬੰਦੇ ਦੀ ਉਸਾਰੂ ਸ਼ਖ਼ਖਸੀਅਤ ਵਿਚ ਯੋਗਦਾਨ ਪਾਉਂਦਾ ਹੈ; ਮਤਲਬ ਇਹ ਕਿ ਹਰ ਇਕ ਦੀ ਜ਼ਿੰਦਗੀ ਵਿਚ ਸ਼ਖ਼ਸੀਅਤ ਉਸਰੱਈਏ ਦੀ ਬਹੁਤ ਅਹਿਮੀਅਤ ਹੈ। ਇਸ ਪਹਿਲੂ ਤੋਂ ਜੇ ਅਸੀਂ ਭਗਤ ਪੂਰਨ ਸਿੰਘ ਨੂੰ ਸਮਝਾਂਗੇ ਤਾਂ ਇਸ ਸਿੱਟੇ ’ਤੇ ਪਹੁੰਚਾਂਗੇ ਕਿ ਮਾਤਾ ਮਹਿਤਾਬ ਕੌਰ ਅਤੇ ਪਿਤਾ ਸਿੱਬੂ ਰਾਮ ਦੇ ਘਰੇ, ਰਾਮ ਜੀ ਦਾਸ ਨਾਂ ਨਾਲ ਜੀਵਨ ਸ਼ੁਰੂ ਕਰਦੇ ਹੋਏ, ਉਨ੍ਹਾਂ ਦੀ ਮਾਤਾ ਦੀ ਬਹੁਤ ਵੱਡੀ ਭੂਮਿਕਾ ਹੈ। ਵੈਸੇ ਤਾਂ ਬੱਚਿਆਂ ਦੀ ਪਾਲਣਾ ਨੂੰ ਲੈ ਕੇ ਮਾਂ ਦੀ ਭੂਮਿਕਾ ਬਾਰੇ ਸਾਰੇ ਹੀ ਜਾਣਦੇ ਹਨ ਪਰ ਮਾਤਾ ਮਹਿਤਾਬ ਕੌਰ ਨੇ ਬਚਪਨ ਤੋਂ ਹੀ ਉਨ੍ਹਾਂ ਅੰਦਰ ਪਿਆਰ, ਹਮਦਰਦੀ, ਸੇਵਾ ਦੇ ਭਾਵ ਕੁੱਟ-ਕੁੱਟ ਕੇ ਭਰੇ। ਉਨ੍ਹਾਂ ਭਗਤ ਜੀ ਨੂੰ ਸਾਹਮਣੇ ਬੈਠਾ ਕੇ ਸਿਰਫ਼ ਉਪਦੇਸ਼ ਨਹੀਂ ਦਿੱਤੇ। ਉਹ ਭਾਵੇਂ ਹਰ ਰੋਜ਼ ਅਨੇਕਾਂ ਸ਼ਖ਼ਸੀਅਤਾਂ ਦੀਆਂ ਕਹਾਣੀਆਂ ਵੀ ਸੁਣਾਉਂਦੇ ਪਰ ਬੱਚੇ ਨੂੰ ਹਮੇਸ਼ਾ ਨਾਲ ਲੈ ਕੇ ਤੁਰਦੇ ਤੁਰਦੇ, ਬੱਚੇ ਤੋਂ ਕੁਝ ਨਾ ਕੁਝ ਹੱਥੀਂ ਕਰਵਾਉਂਦੇ। ਰਾਹ ਵਿਚ ਕੋਈ ਕਿੱਲ ਪਈ ਹੋਣੀ, ਰੋੜਾ ਆਦਿ ਜਾਂ ਕੋਈ ਅਨਾਜ ਦਾ ਦਾਣਾ ਪਿਆ ਹੋਣਾ, ਉਸ ਨੂੰ ਚੁੱਕਣ ਲਈ ਕਹਿਣਾ। ਸਭ ਤੋਂ ਅਹਿਮ ਗੱਲ, ਸਿਰਫ਼ ਚੁੱਕਣ ਲਈ ਕਹਿਣਾ ਹੀ ਨਹੀਂ ਸਗੋਂ ਇਸ ਦੇ ਕਾਰਨ ਦੀ ਵਿਆਖਿਆ ਕਰਨੀ: ਕਣਕ ਜਾਂ ਕਿਸੇ ਅਨਾਜ ਦਾ ਦਾਣਾ, ਕਿਸੇ ਦੇ ਮੂੰਹ ਵਿਚ ਪਵੇਗਾ। ਨਿੱਕੇ ਤੋਂ ਨਿੱਕੇ ਜੀਵ, ਕੀੜੀ ’ਤੇ ਪੈਰ ਆ ਜਾਣ ਤੋਂ ਬਚਾਅ ਲਈ ਸੁਚੇਤ ਕਰਦੇ ਕਹਿਣਾ: ਇਹ ਵੀ ਜੀਵ ਹੈ, ਇਸ ਵਿਚ ਵੀ ਆਪਣੇ ਵਾਂਗ ਜਾਨ ਹੈ। ਰਾਹ ਵਿਚ ਪਏ ਪੱਥਰ ਨੂੰ ਚੁਕਵਾਉਂਦੇ, ਇਸ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਦਾ ਸੰਕੇਤ ਦੇਣਾ। ਸਵੇਰੇ ਉੱਠਦਿਆਂ ਹੀ ਮਾਤਾ ਪੁੱਤ ਨੂੰ ਧਰਤੀ ਨੂੰ ਪ੍ਰਣਾਮ ਕਰਨ ਲਈ ਕਹਿੰਦੀ ਤੇ ਦੱਸਦੀ: ਇਹ ਸਾਡੀ ਮਾਂ ਹੈ ਜੋ ਸਭ ਦਾ ਖਿਆਲ ਰੱਖਦੀ ਹੈ; ਇਸੇ ਤਰ੍ਹਾਂ ਕੋਈ ਵੀ ਭੁੱਖਾ, ਗ਼ਰੀਬ ਆ ਜਾਂਦਾ ਤਾਂ ਪੁੱਤ ਨੂੰ ਦੋਹਾਂ ਹੱਥਾਂ ਨਾਲ ਆਟਾ ਦੇਣ ਲਈ ਅੱਗੇ ਕਰਦੀ। ਇਹ ਛੋਟੇ ਛੋਟੇ ਪਰ ਜ਼ਿੰਦਗੀ ਦਾ ਅਹਿਮ ਹਿੱਸਾ ਬਣਨ ਵਾਲੇ, ਕਿਸੇ ਦਾ ਕਿਰਦਾਰ ਉਸਾਰਨ ਵਾਲੇ ਸਾਬਤ ਹੁੰਦੇ, ਕਾਰਜ ਕਰਵਾਏ। ਭਗਤ ਪੂਰਨ ਸਿੰਘ ਨੇ ਇੱਕ ਥਾਂ ਲਿਖਿਆ ਹੈ ਕਿ ਇਹ ਮੇਰੀ ਮਾਂ ਦੀ ਇੱਛਾ ਹੁੰਦੀ ਹੈ ਕਿ ਮੈਂ ਪਹਿਲੀ ਵਾਰ ਕੋਈ ਨਵੀਂ ਕਮੀਜ਼, ਪੱਗ ਦਾ ਕੱਪੜਾ ਪਾਉਣ ਤੋਂ ਪਹਿਲਾਂ ਗਾਂ ਦੇ ਸਿੰਗਾਂ ਅਤੇ ਪਾਣੀ ਦੇ ਭਰੇ ਭਾਂਡੇ ਨਾਲ ਛੂਹ ਕੇ ਪਾਵਾਂ। ਇਸ ਕਾਰਜ ਨੇ ਮੇਰੇ ਅੰਦਰ ਕੁਦਰਤ ਦੀਆਂ ਸੌਗਾਤਾਂ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਸਿੱਖਿਆ ਦਿੱਤੀ। ਇਸੇ ਲਈ ਮੈਨੂੰ ਜਿੱਥੇ ਕਿਤੇ ਵੀ ਕੁਦਰਤ ਦੀ ਬਰਬਾਦੀ ਬਾਰੇ, ਕਿਸੇ ਵਿਦਵਾਨ ਦੀ ਲਿਖੀ ਚਿਤਾਵਨੀ ਮਿਲਦੀ ਤਾਂ ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ ਇਸ ਗੱਲ ਨੂੰ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਵਾਂ। ਭਗਤ ਪੂਰਨ ਸਿੰਘ ਦੇ ਮਾਤਾ ਜੀ ਨੇ ਆਪਣੇ ਜੀਵਨ ਦੌਰਾਨ ਖ਼ੁਦ ਅਨੇਕਾਂ ਤ੍ਰਿਵੇਣੀਆਂ ਲਗਾਈਆਂ: ਪਿੱਪਲ, ਨਿੰਮ ਤੇ ਬਰੋਟਾ। ਇਨ੍ਹਾਂ ਦੇ ਪਲ ਜਾਣ ਤਕ ਰੋਜ਼ ਪਾਣੀ ਦੇਣਾ ਤੇ ਇਸ ਕੰਮ ਲਈ ਵੀ ਭਗਤ ਪੂਰਨ ਸਿੰਘ ਨੂੰ ਨਾਲ ਲੈ ਕੇ ਜਾਣਾ। ਮਾਤਾ ਨੇ ਪਿਆਰ ਅਤੇ ਪਰਵਾਹ ਕਰਨ ਦੀ ਸਿੱਖਿਆ ਸਿਰਫ਼ ਆਪਣੇ ਵਰਗੇ ਮਨੁੱਖਾਂ ਤਕ ਹੀ ਸੀਮਤ ਨਾ ਕਰਕੇ, ਹਰ ਜੀਵ ਅਤੇ ਪੌਦੇ ਨਾਲ ਕਰਨੀ ਸਿਖਾਈ। ਦੂਸਰਾ ਅਹਿਮ ਪੱਖ ਜੋ ਭਗਤ ਪੂਰਨ ਸਿੰਘ ਦੀ ਜ਼ਿੰਦਗੀ ਵਿਚ ਰਾਹ ਦਸੇਰਾ ਅਤੇ ਸ਼ਖਸੀਅਤ ਨੂੰ ਮਜ਼ਬੂਤੀ ਬਖ਼ਸ਼ਣ ਵਾਲਾ ਸਾਬਤ ਹੋਇਆ, ਉਹ ਹਨ ਕਿਤਾਬਾਂ। ਭਗਤ ਪੂਰਨ ਸਿੰਘ ਨੇ ਅੰਗਰੇਜ਼ੀ ਵਿਦਵਾਨ ਮੈਕਾਲੇ ਦਾ ਕਥਨ ਪੜ੍ਹਿਆ: ‘ਜੇਕਰ ਪੜ੍ਹਨ ਨਾਲ ਮੈਨੂੰ ਸਾਰੀ ਉਮਰ ਕੰਗਾਲੀ ਵਿਚ ਬਿਤਾਉਣੀ ਪਵੇਗੀ ਤੇ ਪੜ੍ਹਾਈ ਕਰਨੀ ਛੱਡ ਕੇ ਦੁਨੀਆ ’ਤੇ ਰਾਜ ਕਰਨ ਨੂੰ ਵੀ ਕਿਹਾ ਜਾਵੇ ਤਾਂ ਮੈਂ ਪੜ੍ਹਨ ਨੂੰ ਤਰਜੀਹ ਦਿਆਂਗਾ।’ ਇਸ ਕਥਨ ਨੇ ਜ਼ਿੰਦਗੀ ਵਿਚ ਪੜ੍ਹਾਈ ਦੀ ਅਹਿਮੀਅਤ ਨੂੰ ਉਭਾਰਿਆ ਅਤੇ ਉਨ੍ਹਾਂ ਸਾਰੀ ਉਮਰ ਇਸ ਕਥਨ ਨੂੰ ਨਾਲ ਰੱਖਿਆ। ਘਰ ਦੀ ਗ਼ਰੀਬੀ ਕਾਰਨ ਦਸਵੀਂ ਹੀ ਮਸਾਂ ਹੋ ਸਕੀ ਪਰ ਹਸਪਤਾਲ ਵਿਚ ਕਿਸੇ ਮਰੀਜ਼ ਨੂੰ ਸਾਂਭਣ ਦੀ ਨੌਕਰੀ ਕਰਦਿਆਂ ਹਸਪਤਾਲ ਦੇ ਸਾਹਮਣੇ ਲਾਇਬਰੇਰੀ ਵਿਚ ਜਾਣ ਦਾ ਮੌਕਾ ਮਿਲਿਆ ਜਿੱਥੇ ਮਹਾਤਮਾ ਗਾਂਧੀ ਦਾ ਮੈਗਜ਼ੀਨ ‘ਯੰਗ ਇੰਡੀਆ’ ਪੜ੍ਹਨ ਨੂੰ ਮਿਲਿਆ ਤੇ ਫਿਰ ਇਕ ਤੋਂ ਬਾਅਦ ਇਕ ਕਿਤਾਬਾਂ ਵੱਲ ਹੋਏ। ਲਾਹੌਰ ਵਿਚ ਦਿਆਲ ਸਿੰਘ ਲਾਇਬਰੇਰੀ ਤੋਂ ਬਾਅਦ ਦਵਾਰਕਾ ਪ੍ਰਸਾਦ ਲਾਇਬਰੇਰੀ ਨਾਲ ਵੀ ਰਾਬਤਾ ਹੋਇਆ। ਕਿਤਾਬਾਂ ਨਾਲ ਵਿਚਰਦਿਆਂ ਉਹ ਆਪਣੀ ਗ਼ਰੀਬੀ ਭੁੱਲ ਗਏ। ਉਨ੍ਹਾਂ ਨੂੰ ਲੱਗਿਆ, ਦੁਨੀਆ ਦੀ ਸਭ ਤੋਂ ਵੱਡੀ ਦੌਲਤ ਉਨ੍ਹਾਂ ਕੋਲ ਹੈ। ਸੁਨਿਹਰੀ ਜਿਲਦਾਂ ਵਾਲੀਆ ਕਿਤਾਬਾਂ ਵਿਚ ਪਏ ਵਿਚਾਰ ਉਨ੍ਹਾਂ ਨੂੰ ਸਭ ਤੋਂ ਕੀਮਤੀ ਜਾਪਦੇ। ਕਿਤਾਬਾਂ ਵਿਚ ਪਏ ਅਣਮੁੱਲੇ ਵਿਚਾਰਾਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਨਵੀਂ ਸੋਚ ਅਤੇ ਨਵੇਂ ਰਾਹ ਦਿਖਾਏ ਤਾਂ ਉਨ੍ਹਾਂ ਸੋਚਿਆ ਕਿ ਇਹ ਇਨ੍ਹਾਂ ਅਲਮਾਰੀਆਂ ਵਿਚ ਸਿਰਫ਼ ਕਿਤਾਬਾਂ ਤਕ ਹੀ ਸੀਮਤ ਨਹੀਂ ਰਹਿਣੇ ਚਾਹੀਦੇ, ਇਹ ਗਿਆਨ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਣਾ ਚਾਹੀਦਾ ਹੈ। ਇਸ ਸੋਚ ਨੂੰ ਲੈ ਕੇ ਉਹ ਆਖ਼ਰੀ ਸਮੇਂ ਤਕ ਸਮਰਪਿਤ ਰਹੇ ਤੇ ਇਹ ਅੱਜ ਵੀ ਜਾਰੀ ਹੈ। ਵਾਤਾਵਰਨ ਬਾਰੇ ਉਨ੍ਹਾਂ ਦੀ ਫ਼ਿਕਰਮੰਦੀ ਕਦੇ ਘੱਟ ਨਾ ਹੋਈ। ਕਾਗਜ਼, ਦਰਖ਼ਤ ਅਤੇ ਵਾਤਾਵਰਨ ਦੇ ਰਿਸ਼ਤੇ ਨੂੰ ਸਮਝਦੇ ਹੋਏ ਅਤੇ ਗਿਆਨ ਵੰਡਣ ਲਈ ਕਾਗਜ਼ ਦੀ ਲੋੜ ਦਾ ਢੁਕਵਾਂ ਹੱਲ ਇਹ ਕੱਢਿਆ ਕਿ ਭਗਤ ਜੀ ਖ਼ੁਦ ਬੈਂਕਾਂ, ਦਫ਼ਤਰਾਂ ਆਦਿ ਵਿਚ ਜਾ ਕੇ, ਇਕ ਪਾਸੇ ਵਰਤਿਆ ਅਤੇ ਬੇਕਾਰ ਸਮਝਿਆ ਪੇਪਰ ਲੈ ਕੇ ਆਉਂਦੇ ਤੇ ਉਸ ’ਤੇ ਕਿਤਾਬਾਂ ਵਿਚੋਂ ਪੜ੍ਹੇ ਸਾਰਥਕ ਵਾਕ ਛਾਪਦੇ। ਸਾਹਿਤ ਛਾਪ ਕੇ ਗਿਆਨ ਵੰਡਣ ਦਾ ਨਿਵੇਕਲਾ ਕੰਮ ਭਗਤ ਪੂਰਨ ਸਿੰਘ ਤੋਂ ਸ਼ੁਰੂ ਹੋਇਆ। ਪਿੰਗਲਵਾੜੇ ਦੀ ਸਥਾਪਨਾ ਨਾਲ ਪਹਿਲਾਂ ਕੰਮ ਭਗਤ ਜੀ ਨੇ ਪ੍ਰੈੱਸ ਲਗਾਉਣ ਦਾ ਹੀ ਕੀਤਾ। ਵਾਤਾਵਰਨ ਵਿਗਾੜ ਜਾਂ ਇਸ ਦੇ ਵਧ ਰਹੇ ਖ਼ਤਰਿਆਂ ਬਾਰੇ ਉਨ੍ਹਾਂ ਦਾ ਮਤ ਸੀ ਕਿ ਖ਼ਪਤ ਸਭਿਆਚਾਰ ਹੀ ਸਭ ਤੋਂ ਵੱਡੀ ਸਮੱਸਿਆ ਹੈ। ਉਨ੍ਹਾਂ ਨੇ ਸਾਦਾ ਖਾਣ, ਪਹਿਨਣ ਅਤੇ ਰਹਿਣ ਦੀ ਗੱਲ ਹੀ ਨਹੀਂ ਕੀਤੀ ਸਗੋਂ ਸਾਰੀ ਉਮਰ ਉਸੇ ਤਰ੍ਹਾਂ ਜੀਵਨ ਹੰਢਾਅ ਕੇ ਦਿਖਾਇਆ। ਉਨ੍ਹਾਂ ਦੀ ਸਮਝ ਸੀ: ਮੈਂ ਗ਼ਰੀਬਾਂ, ਸਾਧਨ ਵਿਹੂਣੇ ਲੋਕਾਂ ਵਿਚ ਰਹਿੰਦਾ ਹਾਂ ਤੇ ਕੰਮ ਕਰਦਾ ਹਾਂ, ਮੈਂ ਉਨ੍ਹਾਂ ਵਰਗਾ ਲੱਗਣਾ ਚਾਹੁੰਦਾ ਹਾਂ ਤਾਂ ਜੋ ਉਹ ਮੇਰੇ ਕੋਲ ਆਉਣ ਲਈ ਝਿਜਕਣ ਨਾ। ਇਹ ਦੁਨੀਆ ਛੱਡਣ ਵੇਲੇ ਉਨ੍ਹਾਂ ਦੀ ਕੁਝ ਜਮਾਂ ਪੂੰਜੀ ਸੀ- ਕੁਝ ਕੱਪੜੇ, ਬਾੱਟਾ, ਕਲਮ, ਕਾਗਜ਼ ਅਤੇ ਵੱਡੀ ਸਾਰੀ ਸਿਆਹੀ ਦੀ ਬੋਤਲ। ਅੱਜ ਜੇ ਦੂਰਦਰਸ਼ੀ ਵਾਤਾਵਰਨ ਪ੍ਰੇਮੀ ਦੇ ਤੌਰ ’ਤੇ ਕਿਸੇ ਦਾ ਨਾਂ ਲੈਣਾ ਹੋਵੇ ਤਾਂ ਉਹ ਭਗਤ ਪੂਰਨ ਸਿੰਘ ਹਨ ਜਿਨ੍ਹਾਂ ਨੂੰ ਰਾਮ ਜੀ ਦਾਸ ਤੋਂ ਭਗਤ ਪੂਰਨ ਸਿੰਘ ਤੱਕ ਲਿਆਉਣ, ਉਸਾਰਨ, ਸਿਰਜਣ ਦਾ ਕਾਰਜ ਵੀ ਭਰਪੂਰ ਵਾਤਾਵਰਨ ਨੇ ਹੀ ਕੀਤਾ/ਨਿਭਾਇਆ। ਸੰਪਰਕ: 98158-08506

Leave a Comment

Your email address will not be published. Required fields are marked *