ਦੇਸ਼
ਪਰਿਵਾਰਵਾਦ ਦੀ ਸਿਆਸਤ ਤੋਂ ਅੱਕੇ ਦੇਸ਼ ਵਾਸੀ: ਮੋਦੀ
ਭਾਜਪਾ ਵਰਕਰਾਂ ਨੂੰ ਪਤਨ ਵੱਲ ਗੲੇ ਹੁਕਮਰਾਨਾਂ ਤੋਂ ਸਬਕ ਲੈਣ ਦੀ ਸਲਾਹ
ਹੈਦਰਾਬਾਦ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਮੈਂਬਰਾਂ ਨੂੰ ਉਨ੍ਹਾਂ ਪਾਰਟੀਆਂ ਦੀਆਂ ਗਲਤੀਆਂ ਤੋਂ ਸਬਕ ਲੈਣ ਲਈ ਕਿਹਾ ਹੈ, ਜਿਨ੍ਹਾਂ ਲੰਬੇ ਸਮੇਂ ਤੱਕ ਦੇਸ਼ ’ਤੇ ਰਾਜ ਕੀਤਾ ਪਰ ਹੁਣ ਉਹ ਪਤਨ ਵੱਲ ਹਨ। ਸ੍ਰੀ ਮੋਦੀ ਨੇ ਸੰਜਮ, ਸੰਤੁਲਿਤ ਨਜ਼ਰੀਏ ਅਤੇ ਤਾਲਮੇਲ ਬਣਾ ਕੇ ਰੱਖਣ ਜਿਹੇ ਗੁਣਾਂ ’ਤੇ ਵੀ ਜ਼ੋਰ ਦਿੱਤਾ। ਭਾਜਪਾ ਕੌਮੀ ਕਾਰਜਕਾਰਨੀ ਦੇ ਅੰਤਿਮ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪਾਰਟੀ ਵਰਕਰਾਂ ਨੂੰ ਹੋਕਾ ਦਿੱਤਾ ਕਿ ਉਹ ਮੁਲਕ ਨੂੰ ‘ਸ੍ਰੇਸ਼ਠ’ ਬਣਾਉਣ ਲਈ ਮਿਹਨਤ ਕਰਨ ਅਤੇ ਉਨ੍ਹਾਂ ਦਾ ਟੀਚਾ ‘ਤੁਸ਼ਟੀਕਰਨ’ ਤੋਂ ‘ਤ੍ਰਿਪਤੀਕਰਨ’ ਵੱਲ ਹੋਣਾ ਚਾਹੀਦਾ ਹੈ ਜਿਸ ਬਾਰੇ ਵਿਰੋਧੀ ਪਾਰਟੀਆਂ ਭਾਜਪਾ ’ਤੇ ਦੋਸ਼ ਲਾਉਂਦੀਆਂ ਆ ਰਹੀਆਂ ਹਨ। ਸ੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਸਭ ਦਾ ਵਿਕਾਸ ਹੋਵੇਗਾ ਅਤੇ ਕੋਈ ਵੀ ਪਿੱਛੇ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ‘ਸਨੇਹ ਯਾਤਰਾ’ ਕੱਢਣ ਦਾ ਸੱਦਾ ਵੀ ਦਿੱਤਾ ਜੋ ਸਮਾਜ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਤੱਕ ਪਹੁੰਚਣ ਦੇ ਨਾਲ ਨਾਲ ਉਨ੍ਹਾਂ ’ਚ ਪ੍ਰੇਮ ਦੇ ਸੰਚਾਰ ਵੱਲ ਕੇਂਦਰਤ ਹੋਣ। ਉਨ੍ਹਾਂ ਲੋਕ ਪੱਖੀ ਤੋਂ ਚੰਗੇ ਰਾਜ (ਪੀ2 ਤੋਂ ਜੀ2) ਵੱਲ ਵਧਣ ’ਤੇ ਵੀ ਜ਼ੋਰ ਦਿੱਤਾ। ਵਿਰੋਧੀ ਧਿਰ ’ਤੇ ਨਿਸ਼ਾਨਾ ਸੇਧਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਮੁਲਕ ਪਰਿਵਾਰਵਾਦ ਦੀ ਸਿਆਸਤ ਅਤੇ ਅਜਿਹੀਆਂ ਪਾਰਟੀਆਂ ਤੋਂ ਅੱਕ ਗਿਆ ਹੈ ਅਤੇ ਹੁਣ ਉਨ੍ਹਾਂ ਦਾ ਲੰਬੇ ਸਮੇਂ ਤੱਕ ਟਿਕਣਾ ਮੁਸ਼ਕਲ ਹੋਵੇਗਾ। ਪਾਰਟੀ ਵਰਕਰਾਂ ਨੂੰ ਲੋਕਾਂ ਨਾਲ ਜੁੜਨ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਪਤਨ ਵੱਲ ਜਾ ਰਹੀਆਂ ਪਾਰਟੀਆਂ ਦਾ ਮਖੌਲ ਨਹੀਂ ਉਡਾਉਣਾ ਚਾਹੀਦਾ ਹੈ। ਉਨ੍ਹਾਂ 2016 ’ਚ ਭਾਜਪਾ ਵਰਕਰਾਂ ਨੂੰ ਦਿੱਤੇ ਗਏ ਭਾਸ਼ਨ ਦੌਰਾਨ ‘ਸੇਵਾ ਭਾਵ’, ‘ਸੰਤੁਲਨ’, ‘ਸੰਜਮ’, ਸਾਕਾਰਾਤਮਕ, ‘ਸਦਭਾਵਨਾ’ ਅਤੇ ‘ਸੰਵਾਦ’ ਦੇ ਗੁਣਾਂ ਨੂੰ ਯਾਦ ਕਰਦਿਆਂ ਇਹ ਸੁਨੇਹਾ ਦੁਹਰਾਇਆ। ਦੋ ਦਿਨੀਂ ਕਾਰਜਕਾਰਨੀ ਦੀ ਮੀਟਿੰਗ ’ਚ ਭਾਜਪਾ ਨੇ ਜਥੇਬੰਦਕ ਸਰਗਰਮੀਆਂ ਦਾ ਜਾਇਜ਼ਾ ਲਿਆ ਅਤੇ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਅਤੇ ਚੰਗੇ ਸ਼ਾਸਨ ਦੀ ਸ਼ਲਾਘਾ ਕੀਤੀ। ਪਾਰਟੀ ਆਗੂਆਂ ਨੇ ਕਿਹਾ ਕਿ ਉਦੈਪੁਰ ’ਚ ਦਰਜੀ ਦੀ ਹੱਤਿਆ ਅਤੇ ਨੂਪੁਰ ਸ਼ਰਮਾ ਜਿਹੇ ਵਿਵਾਦਾਂ ਬਾਰੇ ਮੀਟਿੰਗ ’ਚ ਕੋਈ ਵਿਚਾਰ ਵਟਾਂਦਰਾ ਨਹੀਂ ਹੋਇਆ। ਉਂਜ ਦਰਜੀ ਕਨ੍ਹੱਈਆ ਲਾਲ ਦਾ ਸ਼ੋਕ ਮਤੇ ’ਚ ਜ਼ਿਕਰ ਜ਼ਰੂਰ ਕੀਤਾ ਗਿਆ ਹੈ। ਹੈਦਰਾਬਾਦ ਨੂੰ ਭਾਗਿਆਨਗਰ ਦਾ ਨਾਮ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸਰਦਾਰ ਵੱਲਬਭਾਈ ਪਟੇਲ ਨੇ ਸਾਰੇ ਖ਼ਿੱਤਿਆਂ ਨੂੰ ਇਕਜੁੱਟ ਕਰਕੇ ‘ਏਕ ਭਾਰਤ’ ਦੀ ਨੀਂਹ ਰੱਖੀ ਸੀ। ਉਨ੍ਹਾਂ ਕਿਹਾ ਕਿ ਦੇਸ਼ ਦਾ ਸਾਰਾ ਸਰਮਾਇਆ ਹਰੇਕ ਭਾਰਤੀ ਦਾ ਹੈ ਅਤੇ ਭਾਜਪਾ ਇਸ ਫਲਸਫੇ ’ਚ ਯਕੀਨ ਰਖਦੀ ਹੈ ਅਤੇ ਇਸੇ ਕਰਕੇ ਉਸ ਵੱਲੋਂ ਪਟੇਲ ਵਰਗੇ ਕਾਂਗਰਸ ਦੇ ਦਿੱਗਜ ਨੇਤਾਵਾਂ ਦਾ ਸਨਮਾਨ ਕੀਤਾ ਜਾਂਦਾ ਹੈ। ਭਾਜਪਾ ਦੇ ਜਮਹੂਰੀ ਤਾਣੇ-ਬਾਣੇ ’ਤੇ ਸਵਾਲ ਉਠਾਉਣ ਲਈ ਵਿਰੋਧੀ ਪਾਰਟੀਆਂ ਨੂੰ ਘੇਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਆਪਣੀਆਂ ਜਥੇਬੰਦੀਆਂ ’ਚ ਜਮਹੂਰੀਅਤ ਦੇ ਦਰਜੇ ਵੱਲ ਦੇਖਣ।