IMG-LOGO
Home News index.html
ਪੰਜਾਬ

ਮਹਾਰਾਸ਼ਟਰ: ਭਾਜਪਾ ਦੇ ਰਾਹੁਲ ਨਾਰਵੇਕਰ ਸਪੀਕਰ ਬਣੇ

by Admin - 2022-07-03 23:33:15 0 Views 0 Comment
IMG
ਨਾਰਵੇਕਰ ਨੂੰ 167 ਤੇ ਸ਼ਿਵ ਸੈਨਾ ਵਿਧਾਇਕ ਸਾਲਵੀ ਨੂੰ 107 ਵੋਟਾਂ ਪਈਆਂ ਮੁੁੰਬਈ - ਭਾਜਪਾ ਵਿਧਾਇਕ ਰਾਹੁਲ ਨਾਰਵੇਕਰ (45) ਮਹਾਰਾਸ਼ਟਰ ਅਸੈਂਬਲੀ ਦੇ ਸਪੀਕਰ ਚੁਣੇ ਗਏ ਹਨ। ਅੱਜ ਤੋਂ ਸ਼ੁਰੂ ਹੋਏ ਦੋ ਰੋਜ਼ਾ ਵਿਸ਼ੇਸ਼ ਸੈਸ਼ਨ ਦੇ ਪਹਿਲੇ ਦਿਨ ਸਪੀਕਰ ਦੀ ਚੋਣ ਲਈ ਵੋਟਿੰਗ ਹੋਈ, ਜਿਸ ਵਿੱਚ ਕੋਲਾਬਾ ਤੋਂ ਵਿਧਾਇਕ ਨਾਰਵੇਕਰ ਨੂੰ 164 ਵੋਟਾਂ ਜਦੋਂਕਿ ਊਧਵ ਠਾਕਰੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਉਮੀਦਵਾਰ ਰਾਜਨ ਸਾਲਵੀ ਨੂੰ 107 ਵੋਟਾਂ ਪਈਆਂ। ਕਾਂਗਰਸ ਦੇ ਨਾਨਾ ਪਟੋਲੇ ਵੱਲੋਂ ਦਿੱਤੇ ਅਸਤੀਫ਼ੇ ਕਰਕੇ ਸਪੀਕਰ ਦਾ ਅਹੁਦਾ ਪਿਛਲੇ ਸਾਲ ਫਰਵਰੀ ਤੋਂ ਖਾਲੀ ਪਿਆ ਸੀ। ਏਕਨਾਥ ਸ਼ਿੰਦੇ ਸਰਕਾਰ 288 ਮੈਂਬਰੀ ਮਹਾਰਾਸ਼ਟਰ ਅਸੈਂਬਲੀ ਵਿੱਚ ਸੋਮਵਾਰ ਨੂੰ ਬਹੁਮੱਤ ਸਾਬਤ ਕਰੇਗੀ। ਸੈਨਾ ਵਿਧਾਇਕ ਰਮੇਸ਼ ਲਾਟਕੇ ਦੀ ਮੌਤ ਕਰਕੇ ਅਸੈਂਬਲੀ ਵਿੱਚ ਇਕ ਸੀਟ ਖਾਲੀ ਹੈ। ਵੋਟਿੰਗ ਦੌਰਾਨ ਅੱਜ ਭਾਜਪਾ, ਐੱਨਸੀਪੀ ਤੇ ਕਾਂਗਰਸ ਦੇ ਕਈ ਵਿਧਾਇਕ ਗੈਰਹਾਜ਼ਰ ਰਹੇ। ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਨਾਰਵੇਕਰ ਦੇਸ਼ ਵਿੱਚ ਸਭ ਤੋਂ ਛੋਟੀ ਉਮਰ ਦੇ ਸਪੀਕਰ ਹਨ। ਨਾਰਵੇਕਰ ਦੇ ਸਹੁਰਾ ਸਾਹਿਬ ਰਾਮਰਾਜੇ ਨਾਇਕ, ਜੋ ਐੱਨਸੀਪੀ ਨਾਲ ਸਬੰਧਤ ਹਨ, ਮਹਾਰਾਸ਼ਟਰ ਵਿਧਾਨ ਪਰਿਸ਼ਦ ਦੇ ਚੇਅਰਪਰਸਨ ਹਨ। ਮਹਾਰਾਸ਼ਟਰ ਅਸੈਂਬਲੀ ਦਾ ਵਿਸ਼ੇਸ਼ ਸੈਸ਼ਨ ਅੱਜ ਸਵੇਰੇ 11 ਵਜੇ ਸ਼ੁਰੂ ਹੋਇਆ। ਸਪੀਕਰ ਲਈ ਹੋਈ ਚੋਣ ਦੌਰਾਨ ਐੱਨਸੀਪੀ ਵਿਧਾਇਕ ਨਰਹਰੀ ਜ਼ਿਰਵਾਲ ਵੋਟਿੰਗ ਨਹੀਂ ਕਰ ਸਕੇ ਕਿਉਂਕਿ ਡਿਪਟੀ ਸਪੀਕਰ ਹਨ। ਵੋਟਾਂ ਦੀ ਗਿਣਤੀ ਮਗਰੋਂ ਜ਼ਿਰਵਾਲ ਨੇ ਕਿਹਾ, ‘‘ਕੁਝ ਸ਼ਿਵ ਸੈਨਾ ਵਿਧਾਇਕਾਂ ਨੇ ਪਾਰਟੀ ਵ੍ਹਿਪ ਖਿਲਾਫ਼ ਜਾ ਕੇ ਵੋਟਾਂ ਪਾਈਆਂ। ਵੋਟਿੰਗ ਅਮਲ ਦੌਰਾਨ ਕੀਤੀ ਰਿਕਾਰਡਿੰਗ ਦੀ ਤਸਦੀਕ ਕੀਤੀ ਜਾਵੇ ਤੇ ਸਬੰਧਤ ਵਿਧਾਇਕਾਂ ਖਿਲਾਫ਼ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ।’’ ਵੋਟਿੰਗ ਮੌਕੇ 287 ਵਿਧਾਇਕਾਂ ’ਚੋਂ 271 ਨੇ ਵੋਟ ਪਾਈ ਜਦੋਂਕਿ ਤਿੰਨ ਵਿਧਾਇਕ- ਰਈਸ ਸ਼ੇਖ਼, ਅਬੂ ਆਜ਼ਮੀ (ਦੋਵੇਂ ਸਮਾਜਵਾਦੀ ਪਾਰਟੀ) ਤੇ ਸ਼ਾਹ ਫ਼ਾਰੂਖ਼ (ਏਆਈਐੱਮਆਈਐੱਮ) ਗੈਰਹਾਜ਼ਰ ਰਹੇ। ਘੱਟੋ-ਘੱਟ 12 ਵਿਧਾਇਕ ਸਦਨ ਵਿੱਚ ਸਪੀਕਰ ਦੀ ਚੋਣ ਵਿੱਚ ਸ਼ਾਮਲ ਨਹੀਂ ਹੋਏ। ਇਨ੍ਹਾਂ ਵਿੱਚੋਂ ਦੋ ਜਣੇ- ਲਕਸ਼ਮਣ ਜਗਤਾਪ ਤੇ ਮੁਕਤਾ ਤਿਲਕ (ਭਾਜਪਾ ਦੇ) ਗੰਭੀਰ ਰੋਗਾਂ ਨਾਲ ਜੂਝ ਰਹੇ ਹਨ। ਦੋ ਐੱਨਸੀਪੀ ਵਿਧਾਇਕ ਅਨਿਲ ਦੇਸ਼ਮੁਖ ਤੇ ਨਵਾਬ ਮਨੀ ਲਾਂਡਰਿੰਗ ਨਾਲ ਸਬੰਧਤ ਦੋ ਵੱਖ ਵੱਖ ਕੇਸਾਂ ਕਰਕੇ ਜੇਲ੍ਹ ਵਿੱਚ ਹਨ। ਐੱਨਸੀਪੀ ਦੇ ਚਾਰ ਹੋਰ ਵਿਧਾਇਕ- ਦੱਤਾਤ੍ਰੇਅ ਭਰਣੇ, ਅੰਨਾ ਬਾਨਸੋਦੇ, ਨਿਲੇਸ਼ ਲਾਂਕੇ ਤੇ ਬਾਬਨਦਾਦਾ ਸ਼ਿੰਦੇ ਵੀ ਅਸੈਂਬਲੀ ’ਚੋਂ ਗੈਰਹਾਜ਼ਰ ਰਹੇ। ਐੱਨਸੀਪੀ ਆਗੂ ਨੇ ਕਿਹਾ, ‘‘ਭਰਣੇ ਸਪੀਕਰ ਦੀ ਚੋਣ ਵਿੱਚ ਸ਼ਾਮਲ ਨਹੀਂ ਹੋਏ, ਕਿਉਂਕਿ ਉਨ੍ਹਾਂ ਦੀ ਮਾਂ ਅਜੇ ਕੁਝ ਦਿਨ ਪਹਿਲਾਂ ਹੀ ਦੇਹਾਂਤ ਹੋਇਆ ਹੈ।’’ ਇਸੇ ਤਰ੍ਹਾਂ ਦੋ ਕਾਂਗਰਸੀ ਵਿਧਾਇਕ ਪ੍ਰਨਿਤੀ ਸ਼ਿੰਦੇ ਤੇ ਜਿਤੇਸ਼ ਅੰਤਾਪੁਰਕਰ ਵੀ ਸੈਸ਼ਨ ਤੋਂ ਦੂਰ ਰਹੇ। ਅੰਤਾਪੁਰਕਰ ਦਾ ਅੱਜ ਵਿਆਹ ਹੈ। ਵਿਸ਼ੇਸ਼ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਦੇ ਧੜੇ ਨੇ ਵਿਧਾਨ ਭਵਨ ਵਿਚਲੇ ਵਿਧਾਇਕ ਪਾਰਟੀ ਦਫ਼ਤਰ ਨੂੰ ਸੀਲ ਕਰ ਦਿੱਤਾ ਸੀ। ਦਫ਼ਤਰ ਦੇ ਬਾਹਰ ਮਰਾਠੀ ਵਿੱਚ ਲਿਖਿਆ ਸੁਨੇਹਾ ਚਿਪਕਾਇਆ ਗਿਆ ਸੀ, ਜਿਸ ਉੱਤੇ ਲਿਖਿਆ ਸੀ, ‘‘ਸ਼ਿਵ ਸੈਨਾ ਵਿਧਾਇਕ ਦਲ ਦੀਆਂ ਹਦਾਇਤਾਂ ਮੁਤਾਬਕ ਦਫ਼ਤਰ ਬੰਦ ਹੈ।’’ ਇਸ ਦੌਰਾਨ ਸ਼ਿਵ ਸੈਨਾ ਦੇ ਪਰਚੇ ‘ਸਾਮਨਾ’ ਵਿੱਚ ਛਪੀ ਰਿਪੋਰਟ ਮਗਰੋਂ ਪਾਰਟੀ ਦੇ ਸਕੱਤਰ ਵਿਨਾਇਕ ਰਾਊਤ ਨੇ ਕਿਹਾ ਕਿ ਸਾਬਕਾ ਸੰਸਦ ਮੈਂਬਰ ਅਧਲਰਾਓ ਪਾਟਿਲ ਸ਼ਿਵ ਸੈਨਾ ਵਿੱਚ ਦੂਜੇ ਨੰਬਰ ਦੇ ਆਗੂ ਰਹਿਣਗੇ। ‘ਸਾਮਨਾ’ ਵਿੱਚ ਪ੍ਰਕਾਸ਼ਿਤ ਰਿਪੋਰਟ ’ਚ ਦਾਅਵਾ ਕੀਤਾ ਗਿਆ ਸੀ ਕਿ ਪਾਟਿਲ ਹੁਣ ਸ਼ਿਵ ਸੈਨਾ ਨਾਲ ਨਹੀਂ ਹਨ। ਰਾਊਤ ਨੇ ਰਿਪੋਰਟ ਨੂੰ ਗ਼ਲਤ ਕਰਾਰ ਦਿੱਤਾ ਹੈ। ਪਾਟਿਲ, ਸ਼ਿਰੂਰ ਤੋਂ ਸਾਬਕਾ ਸੰਸਦ ਮੈਂਬਰ ਹਨ।

Leave a Comment

Your email address will not be published. Required fields are marked *