IMG-LOGO
Home News ਕਿਸਾਨਾਂ ਨੇ ਸੇਠ ਦੇ ਮਕਾਨ ਤੇ ਦੁਕਾਨ ਦੀ ਨਿਲਾਮੀ ਰੁਕਵਾਈ
ਪੰਜਾਬ

ਕਿਸਾਨਾਂ ਨੇ ਸੇਠ ਦੇ ਮਕਾਨ ਤੇ ਦੁਕਾਨ ਦੀ ਨਿਲਾਮੀ ਰੁਕਵਾਈ

by Admin - 2022-06-23 22:51:06 0 Views 0 Comment
IMG
ਮਾਨਸਾ - ਮਾਨਸਾ ਸ਼ਹਿਰ ਦੇ ਇੱਕ ਸੇਠ ਦੇ ਮਕਾਨ ਤੇ ਦੁਕਾਨ ਦੀ ਨਿਲਾਮੀ ਰੋਕਣ ਲਈ ਕਿਸਾਨ ਜਥੇਬੰਦੀਆਂ ਨੇ ਮੁਰਦਾਬਾਦ ਕਰਕੇ ਸਟੇਟ ਬੈਂਕ ਦੇ ਪ੍ਰਬੰਧਕਾਂ ਤੇ ਮਾਲ ਮਹਿਕਮੇ ਦੇ ਅਧਿਕਾਰੀਆਂ ਨੂੰ ਕੁਰਕੀ ਦੀ ਚਾਰਾਜੋਈ ਨਾ ਕਰਨ ਦਿੱਤੀ, ਜਦੋਂ ਕੋਈ ਅਧਿਕਾਰੀ ਮਕਾਨ ਤੇ ਦੁਕਾਨ ਅੱਗੇ ਕਾਰਵਾਈ ਨੂੰ ਪੂਰੀ ਕਰਨ ਲਈ ਨਾ ਪਹੁੰਚਿਆ ਤਾਂ ਕਿਸਾਨ ਜਥੇਬੰਦੀਆਂ ਨੇ ਜੇਤੂ ਰੈਲੀ ਕਰਕੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਗਈ ਕਿ ਕਿਸੇ ਸਰਕਾਰੀ ਤੇ ਪ੍ਰਾਈਵੇਟ ਕਰਜ਼ਾਧਾਰਕ ਨੂੰ ਮਕਾਨ ਤੇ ਦੁਕਾਨ ਦੀ ਨਿਲਾਮੀ ਲਈ ਕੋਈ ਕਾਰਵਾਈ ਨਹੀਂ ਕਰਨ ਦਿੱਤੀ ਜਾਵੇਗੀ। ਕਿਸਾਨਾਂ ਦੀ ਅਗਵਾਈ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਵੱਲੋਂ ਕੀਤੀ ਗਈ। ਇਹ ਕੁਰਕੀ ਦੇ ਆਰਡਰ ਸਟੇਟ ਬੈਂਕ ਆਫ ਇੰਡੀਆ ਵੱਲੋਂ ਲਏ ਗਏ ਸਨ, ਜਿਸ ਸਬੰਧੀ ਸੇਠ ਜੱਸਾ ਰਾਮ ਨੇ 40 ਲੱਖ ਰੁਪਏ ਦੀ ਬੈਂਕ ਤੋਂ ਲਿਮਟ ਬਣਵਾਈ ਸੀ, ਜਿਸ ਲਈ ਉਸ ਵੱਲੋਂ 10 ਲੱਖ ਰੁਪਏ ਬੈਂਕ ਨੂੰ ਵਾਪਸ ਕਰ ਦਿੱਤੇ ਗਏ ਤੇ 55 ਲੱਖ ਰੁਪਏ ਬੈਂਕ ਸਮੇਤ ਵਿਆਜ ਹੋਰ ਮੰਗ ਰਿਹਾ ਹੈ, ਜਿਨ੍ਹਾਂ ਨੂੰ ਨਾ ਭਰਨ ਲਈ ਹੁਣ ਬੈਂਕ ਵੱਲੋਂ ਸੇਠ ਦੇ ਮਕਾਨ ਅਤੇ ਦੁਕਾਨ ਦੀ ਕੁਰਕੀ ਦੇ ਆਦੇਸ਼ ਮਾਨਸਾ ਦੀ ਇੱਕ ਅਦਾਲਤ ਪਾਸੋਂ ਹਾਸਲ ਕਰ ਲਏ ਹਨ। ਦੱਸਿਆ ਜਾਂਦਾ ਹੈ ਕਿ ਸੇਠ ਦੀ ਥੱਲੇ ਦੁਕਾਨ ਤੇ ਉਤੇ ਮਕਾਨ ਹੈ। ਹੋਰ ਕੋਈ ਚਾਰਾ ਨਾ ਚੱਲਦਾ ਵੇਖ ਸੇਠ ਵੱਲੋਂ ਕਿਸਾਨ ਜਥੇਬੰਦੀਆਂ ਕੋਲ ਆਪਣੀ ਵਿਥਿਆ ਸੁਣਾਉਂਦਿਆਂ ਸਹਾਇਤਾ ਦੀ ਅਰਜੋਈ ਕੀਤੀ, ਜਿਸ ਲਈ ਪੰਜਾਬ ਕਿਸਾਨ ਯੂਨੀਅਨ ਨੇ ਰੁਲਦੂ ਸਿੰਘ ਦੀ ਅਗਵਾਈ ਹੇਠ ਇਸ ਨਿਲਾਮੀ ਖ਼ਿਲਾਫ਼ ਅੱਜ ਝੰਡਾ ਚੁੱਕ ਲਿਆ। ਜਥੇਬੰਦੀ ਨੇ ਕੱਪੜੇ ਦੀ ਦੁਕਾਨ ਤੇ ਸੇਠ ਮਕਾਨ ਵਿੱਚ ਧਰਨਾ ਦੇਕੇ ਉਸਦੀ ਨਿਲਾਮੀ ਰੁਕਵਾਉਣ ਲਈ ਨਾਅਰੇਬਾਜ਼ੀ ਕਰਨੀ ਆਰੰਭ ਕਰ ਦਿੱਤੀ, ਪਰ ਜਦੋਂ ਇਸ ਸਬੰਧੀ ਭਿਣਕ ਬੈਂਕ ਪ੍ਰਬੰਧਕਾਂ ਤੇ ਮਾਲ ਮਹਿਕਮੇ ਦੇ ਅਧਿਕਾਰੀਆਂ ਨੂੰ ਲੱਗੀ ਤਾਂ ਕੋਈ ਵੀ ਨਿਲਾਮੀ ਲਈ ਨਾ ਬੁਹੜਿਆ। ਬਾਅਦ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਭਾਵੇਂ ਸੂਬੇ ਦੀ ਮੌਜੂਦਾ ਸਰਕਾਰ ਬਦਲਾਅ ਦਾ ਨਾਅਰੇ ਦੇ ਕੇ ਸੱਤਾ ’ਚ ਆਈ ਹੈ, ਪਰ ਇਨ੍ਹਾਂ ਵੱਲੋਂ ਕਿਸਾਨਾਂ-ਮਜ਼ਦੂਰਾਂ ਤੇ ਛੋਟੇ ਦੁਕਾਨਦਾਰਾਂ ਦੇ ਹਿੱਤਾਂ ਨੂੰ ਕਿਸੇ ਵੀ ਕਿਸਮ ਦਾ ਨੁਕਸਾਨ ਨਾ ਹੋਣ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ, ਉਸਦਾ ਅੱਜ ਜਲੂਸ ਨਿਕਲ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਤਰਜ਼ ’ਤੇ ਹੀ ਚੱਲ ਰਹੀ ਹੈ ਤੇ ਇਸ ਸਰਕਾਰ ਦੇ ਰਾਜ ਭਾਗ ’ਚ ਗਰੀਬ ਕਿਸਾਨਾਂ ਤੇ ਛੋਟੇ ਦੁਕਾਨਦਾਰਾਂ ਦੀਆਂ ਜਾਇਦਾਦਾਂ ਦੀਆਂ ਕੁਰਕੀਆਂ ਦਾ ਸਿਲਸਿਲਾ ਪਹਿਲਾਂ ਦੀ ਤਰ੍ਹਾਂ ਹੀ ਚੱਲ ਰਿਹਾ ਹੈ। ਇਸ ਮੌਕੇ ਰਾਜਵਿੰਦਰ ਸਿੰਘ ਰਾਣਾ, ਨਿਰਮਲ ਸਿੰਘ ਝੰਡੂਕੇ (ਲੱਖੋਵਾਲ), ਮੇਘ ਰਾਜ, ਸੁਰੇਸ਼ ਨੰਦਗੜ੍ਹੀਆ, ਮੱਖਣ ਲਾਲ, ਸੁਨੀਲ ਕੁਮਾਰ, ਅਸ਼ੋਕ ਕੁਮਾਰ, ਰਾਮ ਦਾਸ, ਸੀਤਾ ਰਾਮ, ਸੁਖਚਰਨ ਦਾਨੇਵਾਲੀਆ, ਕਰਨੈਲ ਸਿੰਘ ਮਾਨਸਾ, ਬਚਿੱਤਰ ਸਿੰਘ ਮੂਸਾ, ਵਿੰਦਰ ਅਲਖ (ਇਨਕਲਾਬੀ ਨੌਜਵਾਨ ਸਭਾ), ਗੁਰਚਰਨ ਜਵਾਹਰਕੇ, ਕਰਮ ਸਿੰਘ, ਸੋਨੀ ਮਾਨਸਾ, ਲੀਲਾ ਸਿੰਘ, ਬੰਤ ਸਿੰਘ, ਗੁਰਮੁਖ ਸਿੰਘ, ਮੱਖਣ ਮਾਨ, ਗੁਰਦੀਪ ਸਿੰਘ ਸਹਾਰਨਾ ਵੀ ਹਾਜ਼ਰ ਸਨ।

Leave a Comment

Your email address will not be published. Required fields are marked *