IMG-LOGO
Home News blog-list-01.html
ਦੇਸ਼

ਆਜ਼ਮਗੜ੍ਹ ਤੇ ਰਾਮਪੁਰ ਲੋਕ ਸਭਾ ਸੀਟ ਲਈ 43 ਫੀਸਦ ਪੋਲਿੰਗ

by Admin - 2022-06-23 22:44:10 0 Views 0 Comment
IMG
ਨਵੀਂ ਦਿੱਲੀ: ਦੇਸ਼ ਦੇ ਪੰਜ ਰਾਜਾਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਤਿੰਨ ਲੋਕ ਸਭਾ ਤੇ ਸੱਤ ਵਿਧਾਨ ਸਭਾ ਸੀਟਾਂ ਦੀ ਜ਼ਿਮਨੀ ਚੋਣ ਲਈ ਅੱਜ ਵੋਟਾਂ ਦਾ ਅਮਲ ਸ਼ਾਂਤੀ ਪੂਰਵਕ ਨੇਪਰੇ ਚੜ੍ਹ ਗਿਆ। ਇਸ ਦੌਰਾਨ ਤ੍ਰਿਪੁਰਾ ’ਚ ਹਿੰਸਾ ਦੀ ਇੱਕ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਪੁਲੀਸ ਮੁਲਾਜ਼ਮ ਚਾਕੂ ਨਾਲ ਕੀਤੇ ਗਏ ਹਮਲੇ ’ਚ ਜ਼ਖ਼ਮੀ ਹੋ ਗਿਆ। ਪੰਜਾਬ, ਦਿੱਲੀ ਉੱਤਰ ਪ੍ਰਦੇਸ਼, ਤ੍ਰਿਪੁਰਾ, ਆਂਧਰਾ ਪ੍ਰਦੇਸ਼ ਅਤੇ ਝਾਰਖੰਡ ’ਚ ਹੋਈਆਂ ਉਪ ਚੋਣਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ। ਚੋਣ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ’ਚ 36.40 ਫੀਸਦ ਪੋਲਿੰਗ ਹੋਈ ਹੈ। ਉੱਤਰ ਪ੍ਰਦੇਸ਼ ਦੀਆਂ ਆਜ਼ਮਗੜ੍ਹ ਤੇ ਰਾਮਪੁਰ ਦੀਆਂ ਲੋਕ ਸਭਾ ਸੀਟਾਂ ’ਤੇ ਵੋਟਿੰਗ ਦਾ ਰੁਝਾਨ ਮੱਠਾ ਹੀ ਰਿਹਾ। ਸਪਾ ਆਗੂ ਆਜ਼ਮ ਖਾਨ ਦੇ ਵਿਧਾਇਕ ਚੁਣੇ ਜਾਣ ਕਾਰਨ ਖਾਲੀ ਹੋਈ ਰਾਮਪੁਰ ਲੋਕ ਸਭਾ ਸੀਟ ’ਤੇ ਕੁੱਲ 37 ਫੀਸਦ ਪੋਲਿੰਗ ਹੋਈ ਜੋ ਕਿ 2019 ਵਿੱਚ 63.19 ਫੀਸਦ ਸੀ। ਸਪਾ ਪ੍ਰਧਾਨ ਅਖਿਲੇਸ਼ ਯਾਦਵ ਦੇ ਵਿਧਾਨ ਸਭਾ ਲਈ ਚੁਣੇ ਜਾਣ ਮਗਰੋਂ ਖਾਲੀ ਹੋਈ ਆਜ਼ਮਗੜ੍ਹ ਲੋਕ ਸਭਾ ਸੀਟ ’ਤੇ 45.97 ਫੀਸਦ ਪੋਲਿੰਗ ਹੋਈ ਜਿੱਥੇ 2019 ਦੀਆਂ ਚੋਣਾਂ ਦੌਰਾਨ 57.56 ਫੀਸਦ ਵੋਟਾਂ ਪਈਆਂ ਸਨ। ਦੋਵਾਂ ਸੀਟਾਂ ਦੀ ਸਾਂਝੀ ਵੋਟ ਪ੍ਰਤੀਸ਼ਤਤਾ 41 ਫੀਸਦ ਬਣਦੀ ਹੈ। ਇਨ੍ਹਾਂ ਵੋਟਾਂ ਦੌਰਾਨ ਕੋਈ ਹਿੰਸਕ ਘਟਨਾ ਵਾਪਰਨ ਦੀ ਖ਼ਬਰ ਨਹੀਂ ਹੈ। ਉੱਧਰ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਦੇ ਰਾਜ ਸਭਾ ਮੈਂਬਰ ਚੁਣੇ ਜਾਣ ਮਗਰੋਂ ਖਾਲੀ ਹੋਈ ਦਿੱਲੀ ਦੀ ਰਾਜਿੰਦਰ ਨਗਰ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਲਈ 43.75 ਫੀਸਦ ਪੋਲਿੰਗ ਹੋਈ ਜੋ ਕਿ 2020 ਦੀਆਂ ਚੋਣਾਂ ਦੌਰਾਨ ਪਈਆਂ 58.27 ਫੀਸਦ ਵੋਟਾਂ ਤੋਂ ਘੱਟ ਹੈ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਦੀ ਆਤਮਾਕੁਰੂ ਵਿਧਾਨ ਸਭਾ ਸੀਟ ਲਈ 67 ਫੀਸਦ ਤੇ ਝਾਰਖੰਡ ਦੀ ਮੰਦਾਰ ਵਿਧਾਨ ਸਭਾ ਸੀਟ ਲਈ 56.03 ਫੀਸਦ ਵੋਟਾਂ ਪਈਆਂ ਹਨ। ਉੱਧਰ ਤ੍ਰਿਪੁਰਾ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ 76.62 ਫੀਸਦ ਪੋਲਿੰਗ ਦਰਜ ਕੀਤੀ ਗਈ ਹੈ। ਚੋਣ ਅਧਿਕਾਰੀ ਨੇ ਦੱਸਿਆ ਕਿ ਅਗਰਤਲਾ ਦੇ ਕੁੰਜਾਬਨ ਇਲਾਕੇ ’ਚ ਪੁਲੀਸ ਕਾਂਸਟੇਬਲ ਸਮੀਰ ਸਾਹਾ ’ਤੇ ਚਾਕੂ ਨਾਲ ਹਮਲਾ ਹੋਣ ਤੋਂ ਇਲਾਵਾ ਕੁਝ ਛਿੱਟ-ਪੁੱਟ ਘਟਨਾਵਾਂ ਨੂੰ ਛੱਡ ਕੇ ਚੋਣ ਅਮਲ ਸ਼ਾਂਤੀ ਪੂਰਨ ਢੰਗ ਨਾਲ ਨੇਪਰੇ ਚੜ੍ਹ ਗਿਆ। ਉਨ੍ਹਾਂ ਦੱਸਿਆ ਕਿ ਜੁਬਰਾਜਨਗਰ ਸੀਟ ’ਤੇ 80.41 ਫੀਸਦ, ਸੁਰਮਾ ਸੀਟ ’ਤੇ 80 ਫੀਸਦ, ਬਰਦੋਵਲੀ ਸੀਟ ’ਤੇ 69.54 ਫੀਸਦ ਤੇ ਅਗਰਤਲਾ ਵਿਧਾਨ ਸਭਾ ਸੀਟ ’ਤੇ 76.72 ਫੀਸਦ ਵੋਟਾਂ ਪਈਆਂ ਹਨ।

Leave a Comment

Your email address will not be published. Required fields are marked *