IMG-LOGO
Home News blog-list-01.html
ਦੇਸ਼

ਸ਼ਿਵ ਸੈਨਾ ਗੱਠਜੋੜ ਸਰਕਾਰ ਛੱਡਣ ਲਈ ਤਿਆਰ: ਰਾਊਤ

by Admin - 2022-06-23 22:42:48 0 Views 0 Comment
IMG
ਮੁੰਬਈ - ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਵੱਲੋਂ ਕੀਤੀ ਬਗ਼ਾਵਤ ਦਰਮਿਆਨ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਰਾਊਤ ਨੇ ਅੱਜ ਕਿਹਾ ਕਿ ਜੇਕਰ ਅਸਾਮ ਵਿੱਚ ਡੇਰੇ ਲਾਈ ਬੈਠਾ ਬਾਗ਼ੀ ਵਿਧਾਇਕਾਂ ਦਾ ਸਮੂਹ 24 ਘੰਟਿਆਂ ਵਿੱਚ ਮੁੰਬਈ ਪਰਤ ਕੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਇਸ ਮਾਮਲੇ ’ਤੇ ਵਿਚਾਰ ਚਰਚਾ ਕਰਦਾ ਹੈ ਤਾਂ ਸ਼ਿਵ ਸੈਨਾ ਮਹਾ ਵਿਕਾਸ ਅਘਾੜੀ (ਐੱਮਵੀਏ) ਸਰਕਾਰ ਛੱਡਣ ਲਈ ਤਿਆਰ ਹੈ। ਰਾਊਤ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਤੁਸੀਂ ਕਹਿੰਦੇ ਹੋ ਕੇ ਤੁਸੀਂ ਅਸਲੀ ਸ਼ਿਵ ਸੈਨਿਕ ਹੋ ਤੇ ਪਾਰਟੀ ਨਹੀਂ ਛੱਡੋਗੇ। ਅਸੀਂ ਤੁਹਾਡੀ ਮੰਗ ’ਤੇ ਵਿਚਾਰ ਕਰਨ ਲਈ ਤਿਆਰ ਹਾਂ, ਬਸ਼ਰਤੇ ਤੁਸੀਂ 24 ਘੰਟਿਆਂ ਵਿੱਚ ਮੁੰਬਈ ਪਰਤ ਕੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਇਸ ਮਸਲੇ ’ਤੇ ਗੱਲਬਾਤ ਕਰੋ। ਤੁਹਾਡੀ ਮੰਗ ’ਤੇ ਸਕਾਰਾਤਮਕ ਤੌਰ ’ਤੇ ਗੌਰ ਕੀਤਾ ਜਾਵੇਗਾ। ਟਵਿੱਟਰ ਤੇ ਵਟਸਐਪ ’ਤੇ ਚਿੱਠੀਆਂ ਨਾ ਲਿਖੋ।’’ ਸ਼ਿਵ ਸੈਨਾ ਆਗੂ ਨੇ ਕਿਹਾ, ‘‘ਬਾਗ਼ੀ, ਜੋ ਮੁੰਬਈ ਤੋਂ ਬਾਹਰ ਹਨ, ਨੇ ਹਿੰਦੂਤਵ ਦਾ ਮੁੱਦਾ ਉਭਾਰਿਆ ਹੈ। ਜੇਕਰ ਇਨ੍ਹਾਂ ਸਾਰੇ ਵਿਧਾਇਕਾਂ ਨੂੰ ਲੱਗਦਾ ਹੈ ਕਿ ਸ਼ਿਵ ਸੈਨਾ ਨੂੰ ਐੱਮਵੀਏ ’ਚੋਂ ਬਾਹਰ ਆ ਜਾਣਾ ਚਾਹੀਦਾ ਹੈ, ਤਾਂ ਉਹ ਮੁੰਬਈ ਪਰਤਣ ਦਾ ਹੌਸਲਾ ਵਿਖਾਉਣ। ਤੁਸੀਂ ਕਹਿੰਦੇ ਹੋ ਕੇ ਤੁਹਾਨੂੰ ਸਿਰਫ਼ ਸਰਕਾਰ ਨਾਲ ਦਿੱਕਤ ਹੈ ਤੇ ਇਹ ਵੀ ਕਹਿੰਦੇ ਹੋ ਕਿ ਤੁਸੀਂ ਅਸਲੀ ਸ਼ਿਵ ਸੈਨਿਕ ਹੋ...ਤੁਹਾਡੀ ਮੰਗ ’ਤੇ ਵਿਚਾਰ ਕੀਤਾ ਜਾਵੇਗਾ। ਪਰ ਪਹਿਲਾਂ ਵਾਪਸ ਆਓ ਤੇ ਊਧਵ ਠਾਕਰੇ ਨਾਲ ਗੱਲਬਾਤ ਕਰੋ।’’ ਇਸ ਦੌਰਾਨ ਕਾਂਗਰਸ ਆਗੂ ਪ੍ਰਿਥਵੀਰਾਜ ਚੌਹਾਨ ਨੇ ਰਾਊਤ ਦੇ ਉਪਰੋਕਤ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਮੁੱਖ ਮੰਤਰੀ ਊਧਵ ਠਾਕਰੇ ਬਾਗ਼ੀ ਸ਼ਿਵ ਸੈਨਾ ਵਿਧਾਇਕਾਂ ਦੀ ਮੰਗ ਮੰਨ ਕੇ ‘ਪਿੱਛਲ ਪੈਰੀਂ’ (ਯੂ-ਟਰਨ) ਹੋਣ ਦਾ ਅਜਿਹਾ ਕੋਈ ਫੈਸਲਾ ਲੈਣਗੇ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਚੌਹਾਨ ਨੇ ਕਿਹਾ, ‘‘ਕੀ ਸੈਨਾ ਮਹਾਰਾਸ਼ਟਰ ਵਿੱਚ ਭਾਜਪਾ ਨਾਲ ਹੱਥ ਮਿਲਾਉਣਾ ਚਾਹੁੰਦੀ ਹੈ? ਸ਼ਿਵ ਸੈਨਾ ਦੇ ਇਰਾਦੇ ਸਾਫ਼ ਨਹੀਂ ਹਨ।’’ ਉਨ੍ਹਾਂ ਕਿਹਾ, ‘‘ਊਧਵ ਠਾਕੁਰ ਵੱਲੋਂ ਬੁੱਧਵਾਰ ਸ਼ਾਮ ਨੂੰ ਕੀਤੀ ਭਾਵੁਕ ਅਪੀਲ ਦੌਰਾਨ ਮੈਂ ਅਜਿਹੀ ਕੋਈ ਗੱਲ ਨਹੀਂ ਸੁਣੀ। ਠਾਕਰੇ ਜੇਕਰ 24 ਘੰਟਿਆਂ ਅੰਦਰ ਯੂ-ਟਰਨ ਲੈਂਦੇ ਹਨ ਤਾਂ ਮੈਨੂੰ ਹੈਰਾਨੀ ਹੋਵੇਗੀ। ਪਰ ਮੈਨੂੰ ਲੱਗਦੈ ਠਾਕਰੇ ਅਜਿਹਾ ਨਹੀਂ ਕਰਨਗੇ।’’ ਉਧਰ ਮਹਾਰਾਸ਼ਟਰ ਐੱਨਸੀਪੀ ਦੇ ਪ੍ਰਧਾਨ ਜੈਯੰਤ ਪਾਟਿਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਅਜੇ ਤੱਕ ਰਾਊਤ ਦੀ ਟਿੱਪਣੀ ’ਤੇ ਚਰਚਾ ਨਹੀਂ ਕੀਤੀ। ਐੱਨਸੀਪੀ ਆਗੂ ਪ੍ਰਫੁੱਲ ਪਟੇਲ ਨੇ ਕਿਹਾ ਕਿ ਪਾਰਟੀ ਮੁਖੀ ਸ਼ਰਦ ਪਵਾਰ ਨੇ ਐੱਮਵੀਏ ਦਾ ਗਠਨ ਕੀਤਾ ਸੀ ਤੇ ਉਹ ਚਾਹੁੰਦੇ ਹਨ ਕਿ ਇਹ ਉਸੇ ਤਰ੍ਹਾਂ ਇਕਜੁਟ ਰਹੇ। ਇਸ ਦੌਰਾਨ ਸ਼ਿਵ ਸੈਨਾ ਦੇ ਪਰਚੇ ‘ਸਾਮਨਾ’ ਦੀ ਸੰਪਾਦਕੀ ਵਿੱਚ ਬਾਗ਼ੀ ਵਿਧਾਇਕਾਂ ਨੂੰ ‘ਸਮਾਂ ਰਹਿੰਦਿਆਂ ਆਪਣੀ ਗ਼ਲਤੀ ਸੁਧਾਰ’ ਲੈਣ ਦੀ ਸਲਾਹ ਦਿੱਤੀ ਗਈ ਹੈ। ਸੰੰਪਾਦਕੀ ਵਿੱਚ ਲਿਖਿਆ ਹੈ ਕਿ ਜਿਹੜੇ ਵਿਧਾਇਕ ਭਾਜਪਾ ਦੇ ‘ਦਬਾਅ ਤੇ ਲਾਰਿਆਂ’ ਵਿੱਚ ਆ ਗਏ ਹਨ, ਉਨ੍ਹਾਂ ਨੂੰ ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਸਾਧਾਰਨ ਸੈਨਾ ਵਰਕਰਾਂ ਨੇ ਆਪਣਾ ਮਨ ਬਣਾ ਲਿਆ ਤਾਂ ਉਹ ‘ਪੱਕੇ ਤੌਰ ’ਤੇ ਸਾਬਕਾ’ ਹੋ ਜਾਣਗੇ। ਸੰਪਾਦਕੀ ਵਿੱਚ ਅੱਗੇ ਕਿਹਾ ਗਿਆ ਕਿ ਜਿਹੜੇ ਵਿਧਾਇਕ ਸ਼ਿਵ ਸੈਨਾ ਦੀ ਟਿਕਟ ’ਤੇ ਚੁਣੇ ਗਏ ਸਨ, ਹੁਣ ਉਹ ‘ਭਾਜਪਾ ਦੇ ਚੁੰਗਲ ’ਚ ਫਸ ਗਏ ਹਨ। ਸੰਪਾਦਕੀ ਵਿੱਚ ਵਿਧਾਇਕ ਪ੍ਰਤਾਪ ਸਰਨਾਇਕ ਦੇ ਹਵਾਲੇ ਨਾਲ ਲਿਖਿਆ, ‘‘ਹੁਣ ਤੱਕ ਭਾਜਪਾ ਵੱਲੋਂ ਭ੍ਰਿਸ਼ਟਾਚਾਰ ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਅਤੇ ਈਡੀ, ਸੀਬੀਆਈ ਤੇ ਆਈਟੀ ਜਾਂਚ ਦੀ ਧਮਕੀ ਦੇ ਕੇ ਸ਼ਿਵ ਸੈਨਾ ਵਿਧਾਇਕਾਂ ’ਤੇ ਹਮਲੇ ਕੀਤੇ ਜਾਂਦੇ ਸਨ।’’ ਸਰਨਾਇਕ, ਜੋ ਇਸ ਵੇਲੇ ਗੁਹਾਟੀ ਵਿੱਚ ਡੇਰੇ ਲਾਈ ਬੈਠੇ ਬਾਗ਼ੀ ਵਿਧਾਇਕਾਂ ਦੇ ਸਮੂਹ ’ਚ ਸ਼ਾਮਲ ਹੈ, ਖਿਲਾਫ਼ ਈਡੀ ਵੱਲੋਂ ਕਥਿਤ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਉਧਰ ਮਹਾਰਾਸ਼ਟਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਨਰਹਰੀ ਜੀਰਵਾਲ ਨੇ ਸ਼ਿੰਦੇ ਦੀ ਥਾਂ ਅਜੈ ਚੌਧਰੀ ਦੀ ਸਦਨ ਵਿੱਚ ਸ਼ਿਵ ਸੈਨ ਵਿਧਾਇਕ ਦਲ ਦੇ ਆਗੂ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੌਰਾਨ ਮੌਜੂਦਾ ਸਿਆਸੀ ਸੰਕਟ ਵਿੱਚ ਭਾਜਪਾ ਦੀ ਭੂਮਿਕਾ ਬਾਰੇ ਪੁੱਛੇ ਜਾਣ ’ਤੇ ਅਜੀਤ ਪਵਾਰ ਨੇ ਕਿਹਾ, ‘‘ਹਾਲ ਦੀ ਘੜੀ ਕੋਈ ਵੀ ਸਿਖਰਲਾ ਭਾਜਪਾ ਆਗੂ ਮੂਹਰੇ ਨਹੀਂ ਆਇਆ ਹੈ।’’ ਉਧਰ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਭਾਜਪਾ ਤੇ ਕੇਂਦਰ ਸਰਕਾਰ ’ਤੇ ਮਹਾਰਾਸ਼ਟਰ ਦੀ ਮਹਾ ਵਿਕਾਸ ਅਘਾੜੀ ਸਰਕਾਰ ਨੂੰ ਅਸਥਿਰ ਕਰਨ ਦਾ ਦੋਸ਼ ਲਾਇਆ ਹੈ। ਖੜਗੇ ਨੇ ਕਿਹਾ ਕਿ ਉਨ੍ਹਾਂ ਸ਼ਿਵ ਸੈਨਾ ਆਗੂ ਸੰਜੈ ਰਾਊਤ ਤੇ ਹੋਰਨਾਂ ਨਾਲ ਗੱਲਬਾਤ ਕੀਤੀ ਹੈ। ਮੁੰਬਈ: ਸ਼ਿਵ ਸੈਨਾ ਦੇ ਤਿੰਨ ਹੋਰ ਵਿਧਾਇਕ ਅੱਜ ਗੁਹਾਟੀ ਵਿੱਚ ਬਾਗ਼ੀ ਪਾਰਟੀ ਵਿਧਾਇਕਾਂ ਦੇ ਸਮੂਹ ਨਾਲ ਜਾ ਰਲੇ। ਏਕਨਾਥ ਸ਼ਿੰਦੇ ਦੇ ਨਜ਼ਦੀਕੀ ਸਾਥੀ ਨੇ ਕਿਹਾ ਕਿ ਸਾਵੰਤਵਾੜੀ ਤੋਂ ਵਿਧਾਇਕ ਦੀਪਕ ਕੇਸਾਕਰ, ਚੈਂਬੂਰ ਤੋਂ ਵਿਧਾਇਕ ਮੰਗੇਸ਼ ਕੁਦਾਲਕਰ ਤੇ ਦਾਦਰ ਤੋਂ ਵਿਧਾਇਕ ਸਦਾ ਸਰਵਾਕਰ ਅੱਜ ਸਵੇਰੇ ਮੁੰਬਈ ਤੋਂ ਉਡਾਣ ਫੜ ਕੇ ਗੁਹਾਟੀ ਪੁੱਜ ਗੲੇ। ਇਸ ਤੋਂ ਪਹਿਲਾਂ ਬੁੱਧਵਾਰ ਸ਼ਾਮ ਨੂੰ ਚਾਰ ਵਿਧਾਇਕ, ਜਿਨ੍ਹਾਂ ਵਿੱਚ ਮਹਾਰਾਸ਼ਟਰ ਸਰਕਾਰ ’ਚ ਮੰਤਰੀ ਗੁਲਾਬਰਾਓ ਪਾਟਿਲ ਵੀ ਸ਼ਾਮਲ ਸਨ, ਗੁਹਾਟੀ ਪੁੱਜੇ ਸਨ। ਬੁੱਧਵਾਰ ਨੂੰ ਗੁਹਾਟੀ ਪੁੱਜੇ ਸ਼ਿੰਦੇ ਨੇ ਕੁਝ ਆਜ਼ਾਦ ਵਿਧਾਇਕਾਂ ਸਣੇ ਕੁੱਲ 46 ਵਿਧਾਇਕਾਂ ਦੀ ਹਮਾਇਤ ਦਾ ਦਾਅਵਾ ਕੀਤਾ ਸੀ। ਹਾਲਾਂਕਿ ਸ਼ਿੰਦੇ ਨੇ ਮਹਾਰਾਸ਼ਟਰ ਅਸੈਂਬਲੀ ਦੇ ਡਿਪਟੀ ਸਪੀਕਰ ਨੂੰ ਜਿਹੜਾ ਪੱਤਰ ਭੇਜਿਆ ਸੀ, ਉਸ ਉੱਤੇ 35 ਵਿਧਾਇਕਾਂ ਦੇ ਦਸਤਖ਼ਤ ਸਨ। ਇਹ ਪੱਤਰ ਸੁਨੀਲ ਪ੍ਰਭੂ ਦੀ ਥਾਂ ਭਾਰਤ ਗੋਗਾਵਲੇ ਨੂੰ ਚੀਫ਼ ਵ੍ਹਿਪ ਲਾਏ ਜਾਣ ਬਾਰੇ ਸੀ। ‘ਕੌਮੀ ਪਾਰਟੀ’ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ: ਸ਼ਿੰਦੇ ਪਾਰਟੀ ਖਿਲਾਫ਼ ਬਗ਼ਾਵਤ ਦਾ ਝੰਡਾ ਚੁੱਕ ਕੇ ਮਹਾਰਾਸ਼ਟਰ ਦੀ ਗੱਠਜੋੜ ਸਰਕਾਰ ਨੂੰ ਸਿਆਸੀ ਸੰਕਟ ਵਿੱਚ ਘੇਰਨ ਵਾਲੇ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਨੇ ਅੱਜ ਦਾਅਵਾ ਕੀਤਾ ਕਿ ਇਕ ‘ਕੌਮੀ ਪਾਰਟੀ’ ਨੇ ਉਨ੍ਹਾਂ ਵੱਲੋਂ ਕੀਤੇ ਵਿਦਰੋਹ ਨੂੰ ‘ਇਤਿਹਾਸਕ’ ਕਰਾਰ ਦਿੰਦਿਆਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਸ਼ਿੰਦੇ ਦੇ ਦਫ਼ਤਰ ਨੇ ਇਕ ਵੀਡੀਓ ਰਿਲੀਜ਼ ਕੀਤੀ ਹੈ, ਜਿਸ ਵਿੱਚ ਉਹ ਗੁਹਾਟੀ ਦੇ ਹੋਟਲ ਵਿੱਚ ਬਾਗੀ ਵਿਧਾਇਕਾਂ ਦੇ ਸਮੂਹ ਨੂੰ ਸੰਬੋਧਨ ਕਰਦਿਆਂ ਨਜ਼ਰ ਆ ਰਹੇ ਹਨ। ਸ਼ਿੰਦੇ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਬਾਗ਼ੀ ਵਿਧਾਇਕਾਂ ਨੇ ਇਕਮੱਤ ਨਾਲ ਸ਼ਿੰਦੇ ਨੂੰ ਫੈਸਲੇ ਲੈਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ।

Leave a Comment

Your email address will not be published. Required fields are marked *