IMG-LOGO
Home News index.html
ਪੰਜਾਬ

ਵੋਟਰਾਂ ਦਾ ਮੱਠਾ ਹੁੰਗਾਰਾ - ਸੰਗਰੂਰ ਜ਼ਿਮਨੀ ਚੋਣ ’ਚ 37 ਫੀਸਦ ਪੋਲਿੰਗ

by Admin - 2022-06-23 22:18:02 0 Views 0 Comment
IMG
ਮਾਨ, ਬੀਬੀ ਰਾਜੋਆਣਾ, ਘਰਾਚੋਂ, ਕੇਵਲ ਢਿੱਲੋਂ ਅਤੇ ਗੋਲਡੀ ਸਣੇ 16 ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ’ਚ ਬੰਦ ਸੰਗਰੂਰ/ਚੰਡੀਗੜ੍ਹ - ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲੋਈ ਵੋਟਿੰਗ ਦਾ ਅਮਲ ਅੱਜ ਅਮਨ-ਅਮਾਨ ਨਾਲ ਸਿਰੇ ਚੜ੍ਹ ਗਿਆ। ਵੋਟਾਂ ਪੈਣ ਦੀ ਰਫ਼ਤਾਰ ਹਾਲਾਂਕਿ ਬਹੁਤ ਮੱਠੀ ਰਹੀ। ਕਈ ਪੋਲਿੰਗ ਸਟੇਸ਼ਨਾਂ ’ਤੇ ਚੁੱਪ ਪੱਸਰੀ ਰਹੀ। ਸ਼ਾਮ ਸੱਤ ਵਜੇ ਤੱਕ 37 ਫੀਸਦ ਤੋਂ ਥੋੜ੍ਹੀ ਵੱਧ ਵੋਟਾਂ ਪੈਣ ਦੀਆਂ ਰਿਪੋਰਟਾਂ ਹਨ। ਪੋਲਿੰਗ ਮੁਕੰਮਲ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ, ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਘਰਾਚੋਂ, ਭਾਜਪਾ ਦੇ ਕੇਵਲ ਸਿੰਘ ਢਿੱਲੋਂ ਅਤੇ ਕਾਂਗਰਸ ਪਾਰਟੀ ਦੇ ਦਲਵੀਰ ਸਿੰਘ ਗੋਲਡੀ ਸਣੇ ਕੁੱਲ 16 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਗਿਆ। ਚੋਣ ਨਤੀਜਿਆਂ ਦਾ ਐਲਾਨ 26 ਜੂਨ ਨੂੰ ਹੋਵੇਗਾ। ਸਾਲ 2019 ਦੀਆਂ ਲੋਕ ਸਭਾ ਚੋਣਾਂ ਮੌਕੇ ਸੰਗਰੂਰ ਸੰਸਦੀ ਹਲਕੇ ਵਿੱਚ 72.44 ਫੀਸਦ ਪੋਲਿੰਗ ਰਿਕਾਰਡ ਕੀਤੀ ਗਈ ਸੀ। ਤਿੰਨ ਜ਼ਿਲ੍ਹਿਆਂ ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਦੇ 9 ਵਿਧਾਨ ਸਭਾ ਹਲਕਿਆਂ ’ਤੇ ਆਧਾਰਿਤ ਇਸ ਲੋਕ ਸਭਾ ਹਲਕੇ ਵਿਚ ਕੁੱਲ 15,69,240 ਵੋਟਰ ਹਨ, ਜਿਨ੍ਹਾਂ ਲਈ ਹਲਕੇ ਵਿਚ ਕੁੱਲ 1766 ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਪੋਲਿੰਗ ਦਾ ਅਮਲ ਅੱਜ ਸਵੇਰੇ 8 ਵਜੇ ਸ਼ੁਰੂ ਹੋਇਆ ਤੇ ਸ਼ਾਮ 6 ਵਜੇ ਤੱਕ ਜਾਰੀ ਰਿਹਾ। ਹਾਲਾਂਕਿ ਵੋਟਿੰਗ ਦੀ ਰਫ਼ਤਾਰ ਬਹੁਤ ਮੱਠੀ ਰਹੀ। ਜਿਨ੍ਹਾਂ ਪੋਲਿੰਗ ਬੂਥਾਂ ਉਤੇ ਹਰ ਚੋਣ ਵਿਚ ਸਵੇਰੇ ਹੀ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਸਨ, ਉਨ੍ਹਾਂ ਪੋਲਿੰਗ ਬੂਥਾਂ ’ਤੇ ਚੁੱਪ ਪੱਸਰੀ ਹੋਈ ਸੀ। ਚੋਣ ਕਮਿਸ਼ਨ ਮੁਤਾਬਕ ਸ਼ਾਮ ਪੰਜ ਵਜੇ ਤੱਕ 36.40 ਫੀਸਦ ਪੋਲਿੰਗ ਹੋਈ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਚੋਣ ਕਮਿਸ਼ਨ ਤੋਂ ਵੋਟਿੰਗ ਦਾ ਸਮਾਂ ਸ਼ਾਮ 7 ਵਜੇ ਤੱਕ ਵਧਾਉਣ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਝੋਨੇ ਦੀ ਬਿਜਾਈ ਦਾ ਸੀਜ਼ਨ ਹੋਣ ਕਰਕੇ ਕਈ ਲੋਕ ਅਜੇ ਵੀ ਖੇਤਾਂ ਵਿੱਚ ਰੁੱਝੇ ਹੋਏ ਹਨ, ਜਿਸ ਕਰਕੇ ਪੋਲਿੰਗ ਦਾ ਸਮਾਂ ਇਕ ਘੰਟਾ ਵਧਾਇਆ ਜਾਵੇ। ਸੰਗਰੂਰ ਦੇ ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਧਿਕਾਰੀ ਤੇ ਰਾਜ ਦੇ ਮੁੱਖ ਸਕੱਤਰ ਨੇ ਵੀ ਚੋਣ ਕਮਿਸ਼ਨ ਤੋਂ ਵੋਟਿੰਗ ਦਾ ਸਮਾਂ ਵਧਾਉਣ ਦੀ ਮੰਗ ਕੀਤੀ। ਚੋਣ ਕਮਿਸ਼ਨ ਨੇ ਹਾਲਾਂਕਿ ਐਨ ਆਖਰੀ ਮੌਕੇ ਕੀਤੀ ਇਸ ਅਪੀਲ ਲਈ ਅਧਿਕਾਰੀਆਂ ਦੀ ਇਹ ਕਹਿੰਦਿਆਂ ਖਿਚਾਈ ਕੀਤੀ ਕਿ ‘ਇਹ ਚੋਣ ਅਮਲ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਤੇ ਇਕ ਖਾਸ ਵਰਗ ਦੇ ਵੋਟਰਾਂ ਨੂੰ ਅਸਰਅੰਦਾਜ਼ ਕਰਨ ਦੀ ਕੋਸ਼ਿਸ਼’ ਹੈ। ਕਾਬਿਲੇਗੌਰ ਹੈ ਕਿ ਭਗਵੰਤ ਮਾਨ, ਜੋ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਧੂਰੀ ਹਲਕੇ ਤੋਂ ਚੋਣ ਜਿੱਤਣ ਤੇ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਜਿੱਤ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ, ਦੇ ਅਸਤੀਫ਼ੇ ਕਰਕੇ ਸੰਗਰੂਰ ਸੰਸਦੀ ਹਲਕੇ ਲਈ ਜ਼ਿਮਨੀ ਚੋਣ ਦੀ ਲੋੜ ਪਈ ਸੀ। ਇਸ ਦੌਰਾਨ ਪੋਲਿੰਗ ਸਟੇਸ਼ਨਾਂ ਉਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਅਤੇ ਮੋਬਾਈਲ ਫੋਨ ਪੋਲਿੰਗ ਸਟੇਸ਼ਨਾਂ ਅੰਦਰ ਲਿਜਾਣ ’ਤੇ ਮਨਾਹੀ ਸੀ। ਪੋਲਿੰਗ ਬੂਥਾਂ ਉਪਰ ਪੰਜਾਬ ਪੁਲੀਸ ਤੋਂ ਇਲਾਵਾ ਬੀ.ਐਸ.ਐਫ਼ ਅਤੇ ਕੇਂਦਰੀ ਸੁਰੱਖਿਆ ਬਲ ਦੇ ਜਵਾਨ ਤਾਇਨਾਤ ਸਨ। ਪਿੰਡ ਬਡਰੁੱਖਾਂ, ਅਕੋਈ ਸਾਹਿਬ ਅਤੇ ਮੰਗਵਾਲ ਦੇ ਕਿਸੇ ਵੀ ਪੋਲਿੰਗ ਬੂਥ ਉਪਰ ਵੋਟਰਾਂ ਦੀ ਕੋਈ ਕਤਾਰ ਨਜ਼ਰ ਨਹੀਂ ਆਈ।

Leave a Comment

Your email address will not be published. Required fields are marked *