IMG-LOGO
Home News index.html
ਸੰਸਾਰ

ਅਮਰੀਕਾ ਅਮਰੀਕਾ ਦੇ ਸਿੱਖ ਜੈਪਾਲ ਸਿੰਘ ਨੂੰ “ਇਕੁਏਜ਼ਨ”ਸੰਸਥਾ ਵੱਲੋਂ ਦਿੱਤਾ ਗਿਆ ਕਮਿਊਨਿਟੀ ਪੁਰਸਕਾਰ

by Admin - 2022-06-22 20:20:36 0 Views 0 Comment
IMG
ਨਿਊਯਾਰਕ, (ਰਾਜ ਗੋਗਨਾ )—ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨਾਟੀ ਵਿਖੇ ਵੱਖ ਵੱਖ ਧਰਮਾਂ, ਭਾਈਚਾਰਿਆਂ ਵਿਚ ਆਪਸੀ ਸੰਬੰਧ, ਪਿਆਰ ਤੇ ਸਮਝ ਵਧਾਉਣ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਲਈ ਜੈਪਾਲ ਸਿੰਘ (ਮਰਨ ਉਪਰੰਤ) ਨੂੰ ਇੰਟਰਫੇਥ ਸੰਸਥਾ ਇਕੁਏਜ਼ਨ ਵੱਲੋਂ ਪਹਿਲੇ ਜੇਮਸ ਪੀ. ਬੁਕਾਨਨ ਕਮਿਊਨਿਟੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਇਹ ਅਵਾਰਡ ਸਵ: ਜੈਪਾਲ ਦੀ ਧਰਮ ਪਤਨੀ ਅਸੀਸ ਕੌਰ ਨੇ ਸਵੀਕਾਰ ਕੀਤਾ।ਇੱਥੇ ਦੱਸਣਾ ਬਣਦਾ ਹੈ ਕਿ ਜੈਪਾਲ ਸਿੰਘ ਦਾ ਪਿਛਲੇ ਮਹੀਨੇ ਕੈਂਸਰ ਦੀ ਬਿਮਾਰੀ ਕਾਰਨ 41 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ। ਉਹ ਇੱਕ ਆਰਕੀਟੈਕਟ ਸਨ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਕੰਮ ਦੇ ਨਾਲ ਨਾਲ ਸਿੱਖ ਧਰਮ ਦੇ ਪ੍ਰਚਾਰ ਵਿੱਚ ਅਹਿਮ ਯੋਗਦਾਨ ਪਾਇਆ। ਇਹ ਸਮਾਰੋਹ ਸਿਨਸਿਨਾਟੀ ਦੇ ਲੌਰੇਲ ਪਾਰਕ ਦੇ ਉਸੇ ਸਥਾਨ 'ਤੇ ਆਯੋਜਿਤ ਕੀਤਾ ਗਿਆ ਸੀ ਜਿੱਥੇ ਸਿਨਸਿਨਾਟੀ ਪਾਰਕਸ ਫਾਊਂਡੇਸ਼ਨ ਵਲੋਂ ਜੈਪਾਲ ਸਿੰਘ ਦੀ ਟੀਮ ਦੁਆਰਾ ਡਿਜ਼ਾਈਨ ਕੀਤਾ ਸਿਨਸਿਨਾਟੀ ਦੇ ਮਹਾਨ ਐਜ਼ਾਰਡ ਚਾਰਲਸ ਦੇ ਬੁੱਤ ਦੀ ਸਥਾਪਨਾ ਕਰੇਗੀ। ਜੈਪਾਲ ਸਿੰਘ ਲਈ ਸੇਵਾ ਬਹੁਤ ਮਹੱਤਵਪੂਰਨ ਸੀ। ਉਹਨਾਂ 2018 ਵਿੱਚ ਸ਼ੁਰੁ ਹੋਏ ਸਾਲਾਨਾ ਸਿਨਸਿਨਾਟੀ “ਫੈਸਟੀਵਲ ਆਫ਼ ਫ਼ੇਥਸ (ਵਿਸ਼ਵ ਧਰਮ ਸੰਮੇਲਨ)” ਲਈ ਸਹਾਇਕ ਚੇਅਰ ਵਜੋਂ ਸੇਵਾ ਕੀਤੀ। ਇਸ ਸੰਮੇਲਨ ਵਿਚ 13 ਪ੍ਰਮੁੱਖ ਵਿਸ਼ਵ ਧਰਮਾਂ ਦੇ ਲੋਕ ਅਤੇ 90 ਤੋਂ ਵੀ ਵੱਧ ਸੰਸਥਾਵਾਂ ਭਾਗ ਲੈਂਦੀਆਂ ਹਨ ਜਿੱਥੇ ਸਿੱਖ ਸੰਗਤਾਂ ਵੱਲੋਂ ਲੰਗਰ ਵੀ ਲਗਾਇਆ ਜਾਂਦਾ ਹੈ। ਉਨ੍ਹਾਂ ਗੁਰੂ ਸਾਹਿਬ ਦਾ ਸੁਨੇਹਾ “ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰਹਾਈ”, ਵੱਖ-ਵੱਖ ਧਰਮਾਂ ਦੇ ਲੋਕਾਂ ਤੱਕ ਪਹੁੰਚਾਇਆ। ਹੈਤੀ ਵਿਖੇ ਆਏ ਭੂਚਾਲ ਤੋਂ ਬਾਅਦ 2010 ਤੋਂ 2012 ਤੱਕ, ਉਹਨਾ ਨੇ ਸਕੂਲਾਂ, ਅਨਾਥ ਆਸ਼ਰਮਾਂ, ਘਰਾਂ ਦੇ ਪੁਨਰ ਨਿਰਮਾਣ ਲਈ ਸਹਾਈਤਾ ਕੀਤੀ। 2017 ਵਿੱਚ ਪੋਰਟੋ ਰੀਕੋ ਵਿੱਚ ਹਰੀਕੇਨ ਮਾਰੀਆ ਤੋਂ ਬਾਅਦ, ਉਹਨਾਂ ਦੂਰ-ਦੁਰਾਡੇ ਖੇਤਰਾਂ ਵਿੱਚ ਗਰਮ ਭੋਜਨ, ਡਾਕਟਰੀ ਸਪਲਾਈ ਅਤੇ ਸਾਫ ਪਾਣੀ ਮੁਹੱਈਆ ਕਰਨ ਵਿੱਚ ਮਦਦ ਕੀਤੀ। ਉਹ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਦੇ ਗੁਰਮਤਿ ਕੈਂਪ ਲਾਉਂਦੇ ਅਤੇ ਗੁਰਬਾਣੀ ਕੀਰਤਨ ਨਾਲ ਜੋੜਦੇ ਸਨ। ਉਹਨਾਂ ਵਲੋਂ ਹਰ ਸਾਲ ਕੀਰਤਨ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਸੀ, ਜਿਸ ਵਿੱਚ ਬੱਚਿਆਂ ਸਮੇਤ ਸੰਗਤਾਂ ਵਲੋਂ ਰੱਸ ਭਿੰਨਾਂ ਕੀਰਤਨ ਕੀਤਾ ਜਾਂਦਾ ਸੀ। ਅਮਰੀਕਨ ਜਿਯੂਸ ਆਰਕਾਈਵਜ਼ ਦੇ ਡਾਇਰੈਕਟਰ, ਰੈਬਾਈ ਡਾ. ਗੈਰੀ ਜ਼ੋਲਾ ਨੇ ਕਿਹਾ ਕਿ ਜੈਪਾਲ ਸਿੰਘ ਨੇ ਹਮੇਸ਼ਾ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਮਹੱਤਵਪੂਰਨ ਉਪਦੇਸ਼ 'ਤੇ ਜ਼ੋਰ ਦਿੱਤਾ ਕਿ ਸਾਰੀ ਮਨੁੱਖਤਾ ਅਤੇ ਅਸਲ ਵਿੱਚ ਸਾਰਾ ਬ੍ਰਹਿਮੰਡ ਇੱਕ ਸਾਂਝੇ ਸਰੋਤ, ਇੱਕ ਪ੍ਰਕਾਸ਼ ਤੋਂ ਪੈਦਾ ਹੁੰਦਾ ਹੈ। ਸਿਨਸਿਨਾਟੀ ਦੇ ਪਹਿਲੇ ਏਸ਼ੀਅਨ ਅਮਰੀਕਨ ਮੇਅਰ ਆਫ਼ਤਾਬ ਸਿੰਘ ਪੁਰੇਵਾਲ ਅਤੇ ਵੱਖ ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਤੇ ਕਿਹਾ ਕਿ ਉਹ ਸਾਰਿਆਂ ਨੂੰ ਜੋੜਦਾ ਪਿਆਰ ਵੰਡਦਾ ਸੀ। ਮੇਅਰ ਨੇ ਦੱਸਿਆ ਕਿ “ਮੈਂ ਉਨ੍ਹਾਂ ਨੂੰ ਬਚਪਨ ਤੋਂ ਜਾਣਦਾ ਹਾਂ, ਅਸੀਂ ਇਕੱਠੇ ਵੱਡੇ ਹੋਏ । ਜੈਪਾਲ ਨੇ ਸਤੰਬਰ 2001 ਦੇ ਹਮਲੇ ਤੋਂ ਬਾਅਦ ਸਿੱਖਾਂ ਦੀ ਵੱਖਰੀ ਪਛਾਣ ਨੂੰ ਦਰਸਾਉਂਦੇ ਸਿੱਖੀ ਸਰੂਪ ਬਾਰੇ ਪ੍ਰਚਾਰ ਕੀਤਾ।ਉਨ੍ਹਾਂ ਦੀ ਧਰਮ ਪਤਨੀ ਅਸੀਸ ਕੌਰ ਨੇ ਇਹ ਅਵਾਰਡ ਸਵੀਕਾਰ ਕਰਦਿਆਂ ਕਿਹਾ ਕਿ ਸਾਡੇ ਪਰਿਵਾਰ ਤੇ ਸਭਨਾਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਜੈਪਾਲ ਸਿੰਘ ਨੇ ਹਮੇਸ਼ਾ “ਇਕ” ਦੀ ਗੱਲ ਕੀਤੀ ਤੇ ਅੱਜ ਅਸੀਂ ਉਨ੍ਹਾਂ ਦੀ ਯਾਦ ਵਿੱਚ ਇਕੱਠੇ ਹੋਏ ਹਾਂ।ਬੱਚਿਆਂ ਨੇ ਜੈਪਾਲ ਸਿੰਘ ਵੱਲੋਂ ਸਿਖਾਏ ਸ਼ਬਦ “ਸੋ ਵਡਭਾਗੀ ਜਿਸੁ ਨਾਮਿ ਪਿਆਰੁ”ਦਾ ਗਾਇਨ ਕੀਤਾ । ਉਨ੍ਹਾਂ ਦੇ ਨੌਜਵਾਨ ਵਿਦਿਆਰਥੀ ਕੀਰਤ ਸਿੰਘ ਨੇ ਦੱਸਿਆ ,“ ਹਰ ਸਾਲ ਅਸੀਂ ਗਰਮੀਆਂ ਦੇ ਕੈਂਪ ਦੋਰਾਨ ਰੋਜ਼ ਮੁੱਖ ਸ਼ਬਦ ਨੂੰ ਗਾਉਂਦੇ, ਤਾਂ ਜੋ ਸ਼ਬਦ ਤੇ ਇਸ ਦੇ ਅਰਥ ਸਦਾ ਯਾਦ ਰਹਿਣ। ਅਸੀਂ ਸਾਰੇ ਖੁਸ਼ਕਿਸਮਤ ਹਾਂ ਕਿ ਜੈਪਾਲ ਸਿੰਘ ਸਾਡੇ ਅਧਿਆਪਕ ਸਨ। ਉਨ੍ਹਾਂ ਨੇ ਸਾਨੂੰ ਸਾਡੀ ਭਾਸ਼ਾ, ਸਾਡੀ ਬੋਲੀ, ਧਰਮ ਤੇ ਇਤਿਹਾਸ ਸੰਬੰਧੀ ਬਹੁਤ ਸਾਰੀਆਂ ਮਹਾਨ ਗੱਲਾਂ ਸਿਖਾਈਆਂ।

Leave a Comment

Your email address will not be published. Required fields are marked *