IMG-LOGO
Home News ਦੁਨੀਆ ਭਰ ਵਿੱਚ ਮਨਾਇਆ ਗਿਆ 8ਵਾਂ ਕੌਮਾਂਤਰੀ ਯੋਗ ਦਿਵਸ
ਸੰਸਾਰ

ਦੁਨੀਆ ਭਰ ਵਿੱਚ ਮਨਾਇਆ ਗਿਆ 8ਵਾਂ ਕੌਮਾਂਤਰੀ ਯੋਗ ਦਿਵਸ

by Admin - 2022-06-21 22:00:04 0 Views 0 Comment
IMG
‘ਮਨੁੱਖਤਾ ਲਈ ਯੋਗ’ ਰਿਹਾ ਇਸ ਵਾਰ ਯੋਗ ਦਿਵਸ ਦਾ ਵਿਸ਼ਾ; ਵੱਡੀ ਗਿਣਤੀ ਲੋਕਾਂ ਨੇ ਲਿਆ ਸਮਾਗਮਾਂ ’ਚ ਹਿੱਸਾ ਲੰਡਨ/ਪੇਈਚਿੰਗ - ਕਰੋਨਾ ਮਹਾਮਾਰੀ ਤੋਂ ਦੋ ਸਾਲ ਬਾਅਦ ਅੱਜ ਦੁਨੀਆ ਭਰ ਵਿੱਚ 8ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਇਸ ਵਾਰ ਦੇ ਯੋਗ ਦਿਵਸ ਦਾ ਵਿਸ਼ਾ ‘ਮਨੁੱਖਤਾ ਲਈ ਯੋਗ’ ਸੀ। ਇਨ੍ਹਾਂ ਸਮਾਗਮਾਂ ’ਚ ਵੱਡੀ ਗਿਣਤੀ ਲੋਕਾਂ ਨੇ ਭਾਗ ਲਿਆ। ਬਰਤਾਨੀਆ ਵਿੱਚ ਕਈ ਥਾਵਾਂ ’ਤੇ ਯੋਗ ਦਿਵਸ ਦੇ ਸਬੰਧ ਵਿੱਚ ਸਮਾਗਮ ਕਰਵਾਏ ਗਏ। ਲੰਡਨ ਵਿਚਲੇ ਭਾਰਤੀ ਹਾਈ ਕਮਿਸ਼ਨ ਵੱਲੋਂ ਪਿਛਲੇ ਇੱਕ ਹਫ਼ਤੇ ਤੋਂ ਯੋਗ ਦਿਵਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਲੰਡਨ ਦੇ ਬੀਏਪੀਐੱਸ ਸਵਾਮੀਨਰਾਇਣ ਮੰਦਿਰ ’ਚ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਬਰਤਾਨੀਆ ’ਚ ਭਾਰਤੀ ਹਾਈ ਕਮਿਸ਼ਨਰ ਗਾਇਤਰੀ ਇੱਸਰ ਕੁਮਾਰ ਨੇ ਕਿਹਾ, ‘ਯੋਗ ਸਿਰਫ਼ ਇੱਕ ਕਸਰਤ ਹੀ ਨਹੀਂ ਹੈ ਬਲਕਿ ਇਹ ਖੁਦ ਨੂੰ ਦੁਨੀਆ ਤੇ ਕੁਦਰਤ ਨਾਲ ਜੋੜਨ ਦਾ ਰਾਹ ਹੈ।’ ਇਸੇ ਤਰ੍ਹਾਂ ਲੰਡਨ ਦੇ ਨਹਿਰੂ ਸੈਂਟਰ, ਟਰੈਫਲਗਰ ਸਕੁਏਅਰ, ਲੰਡਨ ਆਈ, ਸੰਸਦ ਭਵਨ, ਬਿਗ ਬੇਨ ਤੇ ਲੰਡਨ ਟਾਵਰ ’ਚ ਯੋਗ ਦਿਵਸ ਮਨਾਇਆ ਗਿਆ। ਯੂਰੋਪ ਦੇ ਨੈਦਰਲੈਂਡਜ਼ ਵਿਚਲੀ ਭਾਰਤੀ ਅੰਬੈਸੀ ਵੱਲੋਂ ਐਟਰੀਅਮ ਸਿਟੀ ਹਾਲ ’ਚ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਨੈਦਰਲੈਂਡਜ਼ ’ਚ ਭਾਰਤੀ ਰਾਜਦੂਤ ਰੀਨਤ ਸੰਧੂ ਨੇ ਸਮਾਗਮ ਦਾ ਉਦਘਾਟਨ ਕਰਦਿਆਂ ਯੋਗ ਦੇ ਸਿਹਤ ਤੇ ਮਨ ’ਤੇ ਹੋਣ ਵਾਲੇ ਫਾਇਦਿਆਂ ਬਾਰੇ ਦੱਸਿਆ। ਨੇਪਾਲ ਦੇ ਕਾਠਮੰਡੂ ਵਿਚਲੀ ਭਾਰਤੀ ਅੰਬੈਸੀ ਵਿੱਚ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦਿਓਬਾ ਦੀ ਹਾਜ਼ਰੀ ’ਚ ਯੋਗ ਦਿਵਸ ਮਨਾਇਆ ਗਿਆ। ਦਿਓਬਾ ਨੇ ਕਿਹਾ ਕਿ ਯੋਗ ਕਰਨ ਨਾਲ ਸਰੀਰ ਤੇ ਮਨ ਨੂੰ ਸਾਕਾਰਾਤਮਕ ਊਰਜਾ ਮਿਲਦੀ ਹੈ ਅਤੇ ਇਹ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਹੋਣਾ ਚਾਹੀਦਾ ਹੈ। ਇਸ ਮੌਕੇ ਆਯੂਸ਼ ਮੰਤਰਾਲੇ ਨੇ ਯੋਗ ਬਾਰੇ ਲੈਕਚਰ ਵੀ ਕਰਵਾਇਆ। ਚੀਨ ਦੇ ਪੇਈਚਿੰਗ ਵਿਚਲੀ ਭਾਰਤੀ ਅੰਬੈਸੀ ਵਿੱਚ ਮਨਾੲੇ ਗਏ ਯੋਗ ਦਿਵਸ ਮੌਕੇ ਯੋਗ ਗੁਰੂ ਆਸ਼ੀਸ਼ ਬਹੁਗੁਣਾ ਵੱਲੋਂ ਯੋਗ ਸੈਸ਼ਨ ਲਾਇਆ ਗਿਆ। ਸ੍ਰੀਲੰਕਾ ਦੇ ਕੋਲੰਬੋ ਵਿੱਚ ਮਨਾਏ ਗਏ 8ਵੇਂ ਕੌਮਾਂਤਰੀ ਯੋਗ ਦਿਵਸ ਸਮਾਗਮ ਮੌਕੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਤੇ ਹੋਰ ਸੰਸਦ ਮੈਂਬਰਾਂ ਨੇ ਹਾਜ਼ਰੀ ਭਰੀ। ਕੈਨਬਰਾ ਵਿਚਲੇ ਭਾਰਤੀ ਹਾਈ ਕਮਿਸ਼ਨ ਵੱਲੋਂ ਬ੍ਰਿਸਬਨ ਦੇ ਕ੍ਰਿਕਟ ਸਟੇਡੀਅਮ ’ਚ ਯੋਗ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਦੀ ਜਾਣਕਾਰੀ ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕਰਕੇ ਦਿੱਤੀ। ਕੁਝ ਦਿਨ ਪਹਿਲਾਂ ਭਾਰਤ ਦੌਰੇ ’ਤੇ ਆਏ ਆਸਟਰੇਲੀਆ ਦੇ ਉਪ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਰਿਚਰਡ ਮਾਰਲੈਸ ਨੇ ਆਪਣੀ ਯੋਗ ਕਰਦਿਆਂ ਦੀ ਤਸਵੀਰ ਟਵਿੱਟਰ ’ਤੇ ਸਾਂਝੀ ਕੀਤੀ ਹੈ। ਇਸੇ ਤਰ੍ਹਾਂ ਢਾਕਾ ਵਿਚਲੇ ਭਾਰਤੀ ਹਾਈ ਕਮਿਸ਼ਨ ਵੱਲੋਂ ਵੀ ਕੌਮਾਂਤਰੀ ਯੋਗ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ। ਪਾਕਿਸਤਾਨ ਦੇ ਇਸਲਾਮਾਬਾਦ ਵਿਚਲੇ ਭਾਰਤੀ ਹਾਈ ਕਮਿਸ਼ਨ ਵੱਲੋਂ ਲੰਘੇ ਐਤਵਾਰ ਯੋਗ ਦਿਵਸ ਸਬੰਧੀ ਸਮਾਗਮ ਕਰਵਾਇਆ ਜਾ ਚੁੱਕਾ ਹੈ।

Leave a Comment

Your email address will not be published. Required fields are marked *