IMG-LOGO
Home News index.html
ਪੰਜਾਬ

ਪੰਜਾਬ ਵਾਸੀਆਂ ਨੂੰ ਬੇਅਦਬੀ ਦਾ ਇਨਸਾਫ ਦਿਵਾ ਕੇ ਰਹਾਂਗਾ : ਚੰਨੀ

by Admin - 2021-12-01 07:50:26 0 Views 0 Comment
IMG
ਕੋਟਕਪੂਰਾ/ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜ਼ਿਲ੍ਹਾ ਫਰੀਦਕੋਟ ਦੇ ਜੈਤੋ, ਕੋਟਕਪੂਰਾ ਅਤੇ ਫਰੀਦਕੋਟ ਦੀ ਇਕ ਸਾਂਝੀ ਰੈਲੀ ਕੋਟਕਪੂਰਾ ਦੀ ਨਵੀਂ ਅਨਾਜ ਮੰਡੀ ਵਿਖੇ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ’ਤੇ ਖੂਬ ਸਿਆਸੀ ਰਗੜੇ ਲਾਏ। ਮਾਰਕਫੈੱਡ ਪੰਜਾਬ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਵਿਧਾਇਕ ਫਰੀਦਕੋਟ, ਅਜੈਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਅਤੇ ਭਾਈ ਹਰਨਿਰਪਾਲ ਸਿੰਘ ਕੁੱਕੂ ਦੀ ਅਗਵਾਈ ਹੇਠ ਆਯੋਜਿਤ ਇਸ ਵਿਸ਼ਾਲ ਰੈਲੀ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਆਮ ਲੋਕਾਂ ਦਾ ਮੁੱਖ ਮੰਤਰੀ ਹਾਂ ਅਤੇ ਜੇ ਮੈਂ ਲੋਕਾਂ ਦੇ ਪੈਸੇ ਲੋਕਾਂ ਨੂੰ ਹੀ ਵੰਡ ਰਿਹਾ ਹਾਂ ਤਾਂ ਬਾਦਲਾਂ ਨੂੰ ਪਤਾ ਨਹੀਂ ਕਿਉਂ ਤਕਲੀਫ ਹੁੰਦੀ ਹੈ। ਇਨ੍ਹਾਂ ਨੇ ਗਰੀਬ ਲੋਕਾਂ ਨੂੰ ਸਿਰਫ ਮੁਫਤ ਆਟਾ-ਦਾਲ ਤੱਕ ਹੀ ਸੀਮਤ ਰੱਖਿਆ ਪ੍ਰੰਤੂ ਗਰੀਬ ਵਰਗ ਦੀਆਂ ਪੜ੍ਹਾਈ, ਸਿਹਤ ਸਹੂਲਤਾਂ ਆਦਿ ਹੋਰ ਵੀ ਮੁੱਖ ਜ਼ਰੂਰਤਾਂ ਹਨ, ਜੋ ਮੈਂ ਲੋਕਾਂ ਨੂੰ ਦੇਣਾ ਚਾਹੁੰਦਾ ਹਾਂ ਅਤੇ ਦੇ ਰਿਹਾ ਹਾਂ। ਉਨ੍ਹਾਂ ਕਿਹਾ ਕਿ ਜੇ ਪ੍ਰਮਾਤਮਾ ਨੇ ਚਾਹਿਆ ਤਾਂ ਉਹ ਪੰਜਾਬ ਵਾਸੀਆਂ ਨੂੰ ਬੇਅਦਬੀ ਦਾ ਇਨਸਾਫ ਦਿਵਾ ਕੇ ਰਹਿਣਗੇ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਸਮੇਂ ਪੰਜਾਬ ਵਿੱਚ ਨਸ਼ਿਆਂ ਦਾ ਬੋਲਬਾਲਾ ਹੋਇਆ ਅਤੇ ਹੁਣ ਤੱਕ ਨਸ਼ਿਆਂ ਦਾ ਕਾਰੋਬਾਰ ਬਿਨ੍ਹਾਂ ਕਿਸੇ ਰੋਕ-ਟੋਕ ਦੇ ਚੱਲ ਰਿਹਾ ਸੀ ਪ੍ਰੰਤੂ ਹੁਣ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਕੰਮ ਵਿੱਚ ਲੱਗੇ ਲੋਕਾਂ ਨੂੰ ਸਖਤ ਸਜ਼ਾਵਾਂ ਦਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਖੜ੍ਹੀ ਹੈ। ਇਸ ਦੌਰਾਨ ਉਨ੍ਹਾਂ ਕੋਟਕਪੂਰਾ ਅਤੇ ਜੈਤੋ ਹਲਕੇ ਦੇ ਵਿਕਾਸ ਲਈ 15-15 ਕਰੋੜ ਰੁਪਏ ਦੇਣ ਦਾ ਵੀ ਐਲਾਨ ਕੀਤਾ। ਇਸ ਤੋਂ ਪਹਿਲਾਂ ਆਪਣੇ ਸੰਬੋਧਨ ਦੌਰਾਨ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਸ਼ੀਰਵਾਦ ਨਾਲ ਉਨ੍ਹਾਂ ਬੱਸ ਮਾਫੀਏ ਨੂੰ ਠੱਲ੍ਹ ਪਾਈ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਝੂਠ ਬੋਲ ਰਹੇ ਹਨ ਕਿ ਉਨ੍ਹਾਂ ਦੀਆਂ 35 ਬੱਸਾਂ ਫੜ੍ਹੀਆਂ ਹਨ ਜਦਕਿ ਮੈਂ ਤਾਂ 135 ਬੱਸਾਂ ਫੜ੍ਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਅਜਿਹਾ ਹੋ ਗਿਆ ਅਤੇ ਉਹ ਦੁਬਾਰਾ ਮੰਤਰੀ ਬਣਦੇ ਹਨ ਤਾਂ ਉਹ ਲੋਕਾਂ ਨੂੰ ਵਿਸ਼ਵਾਸ਼ ਦਿਵਾਉਂਦੇ ਹਨ ਕਿ ਪੰਜਾਬ ਵਿੱਚ ਨਿੱਜੀ ਬੱਸਾਂ ਨਹੀਂ ਸਗੋਂ ਸਰਕਾਰੀ ਬੱਸਾਂ ਦਾ ਬੋਲਬਾਲਾ ਹੋਵੇਗਾ। ਮੁੱਖ ਮੰਤਰੀ ਤਾਂ ਇੱਥੇ ਹੈ ਨਹੀਂ, ਤਾਂ ਮੈਂ ਤਕਲੀਫਾਂ ਕਿਸ ਨੂੰ ਸੁਣਾ ਰਿਹਾ ਹਾਂ : ਮੁਹੰਮਦ ਸਦੀਕ ਮੈਂਬਰ ਪਾਰਲੀਮੈਂਟ ਜਨਾਬ ਮੁਹੰਮਦ ਸਦੀਕ ਜਦ ਆਪਣਾ ਭਾਸ਼ਣ ਕਰ ਰਹੇ ਸਨ ਤਾਂ ਉਨ੍ਹਾਂ ਦਾ ਅਚਾਨਕ ਜਦ ਧਿਆਨ ਪਿਆ ਤਾਂ ਮੁੱਖ ਮੰਤਰੀ ਆਪਣੇ ਸਥਾਨ 'ਤੇ ਨਹੀਂ ਸਨ ਤਾਂ ਉਨ੍ਹਾਂ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਸਾਹਿਬ ਇੱਥੇ ਨਹੀਂ ਹਨ ਤਾਂ ਮੈਂ ਕਿਸ ਨੂੰ ਸੁਣਾ ਰਿਹਾ ਹਾਂ। ਇਸ ਦੌਰਾਨ ਉਨ੍ਹਾਂ ਹੱਸਦੇ ਹੋਏ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੁਣ ਤੁਸੀ ਮੇਰੀਆਂ ਗੱਲਾਂ ਸੁਣ ਲਵੋ ਅਤੇ ਜਦ ਮੁੱਖ ਮੰਤਰੀ ਸਾਹਿਬ ਵਾਪਸ ਆ ਜਾਣਗੇ ਤਾਂ ਫਿਰ ਉਨ੍ਹਾਂ ਨੂੰ ਤਕਲੀਫਾਂ ਦੱਸਾਂਗੇ। ਮੈਂਬਰ ਪਾਰਲੀਮੈਂਟ ਦੀ ਇਸ ਗੱਲ ’ਤੇ ਪੰਡਾਲ ਵਿੱਚ ਖੂਬ ਹਾਸਾ ਪਿਆ। ਇਸ ਮੌਕੇ ਅਜੈਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ, ਹਰਨਿਰਪਾਲ ਸਿੰਘ ਕੁੱਕੂ, ਭਾਈ ਰਾਹੁਲ ਸਿੱਧੂ, ਧੰਨਜੀਤ ਸਿੰਘ ਧਨੀ ਵਿਰਕ, ਕਰਨ ਕੌਰ ਬਰਾੜ, ਸਤਿਕਾਰ ਕੌਰ ਐੱਮ. ਐੱਲ. ਏ. ਫਿਰੋਜ਼ਪੁਰ ਦਿਹਾਤੀ, ਵਿੱਕੀ ਬਰਾੜ, ਵਿਨੋਦ ਮੈਨੀ, ਜੈਸੀ ਢਿੱਲੋਂ, ਓਮਕਾਰ ਗੋਇਲ, ਭੁਪਿੰਦਰ ਸੱਗੂ, ਨੀਲਾ ਨਾਨਕਸਰ, ਰਤਨ ਮਿੱਠੂ, ਜਸਵਿੰਦਰ ਸਿੱਖਾਂ ਵਾਲਾ, ਸੁਰਜੀਤ ਬਾਬਾ ਜੈਤੋ, ਬਲਜੀਤ ਗੌਰਾ ਅਤੇ ਸਿਕੰਦਰ ਸਿੰਘ ਮੜਾਕ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।

Leave a Comment

Your email address will not be published. Required fields are marked *