IMG-LOGO
Home News ਪਰਮਿੰਦਰ ਸਿੰਘ ਢੀਂਡਸਾ ਨੇ ‘ਸਰਕਾਰ-ਏ-ਖਾਲਸਾ’ ਦੀ ਵਿਗੜ ਰਹੀ ਹਾਲਤ ਦਾ ਲਿਆ ਜਾਇਜ਼ਾ
ਪੰਜਾਬ

ਪਰਮਿੰਦਰ ਸਿੰਘ ਢੀਂਡਸਾ ਨੇ ‘ਸਰਕਾਰ-ਏ-ਖਾਲਸਾ’ ਦੀ ਵਿਗੜ ਰਹੀ ਹਾਲਤ ਦਾ ਲਿਆ ਜਾਇਜ਼ਾ

by Admin - 2021-09-13 07:14:34 0 Views 0 Comment
IMG
*ਇਤਿਹਾਸਕ ਸਥਾਨ ਦੀ ਸੰਭਾਲ ਲਈ 5 ਲੱਖ ਰੁਪਏ ਫੰਡ ਦੇਣ ਦਾ ਕੀਤਾ ਐਲਾਨ ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਗੁਰਮਤਿ ਵਿਚਾਰ ਮੰਚ ਦੇ ਸੱਦੇ ’ਤੇ ਪਿੰਡ ਆਸਰੋਂ ਜ਼ਿਲ੍ਹਾ ਨਵਾਂਸ਼ਹਿਰ ਸਥਿਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਾਲ 1831 ਵਿਚ ਬ੍ਰਿਟਿਸ਼ ਹਕੂਮਤ ਨਾਲ ਹੋਈ ਸੰਧੀ ਮੁਤਾਬਕ ਸਤਲੁਜ ਦਰਿਆ ਦੇ ਕੰਢੇ ਇੱਕ ਪਹਾੜੀ ’ਤੇ ਸੁਸ਼ੋਭਿਤ ‘ਸਰਕਾਰ- ਏ-ਖਲਾਸਾ’ ਦੇ ਝੂਲ ਰਹੇ ਝੰਡੇ ਵਾਲੇ ਇਤਿਹਾਸਕ ਸਥਾਨ ਦੇ ਦਰਸ਼ਨ ਕੀਤੇ। ਪਰਮਿੰਦਰ ਸਿੰਘ ਨੇ ਕਿਹਾ ਕਿ ਇਸ ਸਥਾਨ ਦੀ ਬਹੁਤ ਇਤਿਹਾਸਕ ਮਹੱਤਤਾ ਹੈ, ਜਿਥੇ ‘ਸ਼ੇਰ-ਏ-ਪੰਜਾਬ’ ਮਹਾਰਾਜਾ ਰਣਜੀਤ ਸਿੰਘ ਨੇ ਲਾਰਡ ਵਿਲੀਅਮ ਬੈਂਟਿਕ ਨਾਲ ਹੋਈ ਮੁਲਾਕਾਤ ਤੋਂ ਪਹਿਲਾਂ ਇਸ ਪਹਾੜੀ ’ਤੇ ‘ਸਰਕਾਰ-ਏ-ਖਾਲਸਾ’ ਦਾ ਝੰਡਾ ਝੁਲਾ ਕੇ ਆਪਣੀ ਨਿਗਰਾਨ ਚੌਕੀ ਕਾਇਮ ਕੀਤੀ ਸੀ ਅਤੇ ਖਾਲਸਾ ਰਾਜ ਦੀ ਹੱਦ ਨਿਰਧਾਰਤ ਕਰਕੇ ਨਿਸ਼ਾਨ ਸਾਹਿਬ ਸ਼ੁਸ਼ੋਭਿਤ ਕੀਤਾ ਸੀ ਪਰ ਕੈਪਟਨ ਸਰਕਾਰ ਦੀ ਲਾਪ੍ਰਵਾਹੀ ਕਾਰਨ ਅੱਜ ਇਹ ਸਥਾਨ ਕਾਫ਼ੀ ਮਾੜੀ ਹਾਲਤ ਵਿਚ ਹੈ ਅਤੇ ਇਸ ਸਥਾਨ ਦਾ ਇਤਿਹਾਸਕ ਵਜੂਦ ਖਤਮ ਹੁੰਦਾ ਜਾ ਰਿਹਾ ਹੈ। ਇਸ ਦੀ ਸੰਭਾਲ ਬਹੁਤ ਜ਼ਰੂਰੀ ਹੈ। ਇਸ ਵਿਰਾਸਤੀ ਸਥਾਨ ਦੀ ਵਿਗੜ ਰਹੀ ਹਾਲਤ ’ਤੇ ਚਿੰਤਾ ਪ੍ਰਗਟ ਕਰਦਿਆਂ ਢੀਂਡਸਾ ਨੇ ਇਸ ਦੀ ਸੰਭਾਲ ਲਈ ਆਪਣੇ ਐੱਮ.ਪੀ. ਫੰਡ ਤੋਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਤਾਂ ਜੋ ਸਾਂਭ-ਸੰਭਾਲ ਅਤੇ ਆਉਣ ਜਾਣ ਵਾਲੇ ਰਸਤੇ ਆਦਿ ਪ੍ਰਬੰਧ ਹੋ ਸਕੇ । ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜ਼ਿਲ੍ਹਾ ਰੂਪਨਗਰ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਬਜਰੂੜ, ਸੁਰਜੀਤ ਸਿੰਘ ਚੱਕ ਢੇਰਾ, ਸੁਰਜੀਤ ਸਿੰਘ ਦੁਲਚੀ ਮਾਜਰਾ, ਗੁਰਪ੍ਰੀਤ ਸਿੰਘ ਰੋਪੜ ਅਤੇ ਇੰਦਰਪਾਲ ਸਿੰਘ ਸਤਿਆਲ ਹਾਜ਼ਰ ਸਨ । ਪਰਮਿੰਦਰ ਸਿੰਘ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਇਤਿਹਾਸਕ ਸਥਾਨ ਦੀ ਸਾਂਭ -ਸੰਭਾਲ ਕੀਤੀ ਜਾਵੇ। ਮਹਾਰਾਜਾ ਰਣਜੀਤ ਸਿੰਘ ਜੀ ਦੀ ਯਾਦ ਵਿੱਚ ਇੱਕ ਅਜਾਇਬਘਰ ਸਥਾਪਿਤ ਕੀਤਾ ਜਾਵੇ ਅਤੇ ਇੱਥੋਂ ਤਕ ਪਹੁੰਚਣ ਲਈ ਜਾਂਦੇ ਰਸਤੇ ਨੂੰ ਪੱਕਾ ਕੀਤਾ ਜਾਵੇ।

Leave a Comment

Your email address will not be published. Required fields are marked *