ਪੰਜਾਬ
Blackout in Punjab: ਪੰਜਾਬ ਵਿੱਚ 24 ਅਪਰੈਲ ਨੂੰ ਹੋਵੇਗਾ ‘ਬਲੈਕਆਊਟ’
ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਸ਼ੁੱਕਰਵਾਰ 24 ਅਪਰੈਲ ਨੂੰ ਰਾਤ 8 ਵਜੇ ਤੋਂ ਸਵਾ ਅੱਠ ਵਜੇ ਤਕ ਡਰਿੱਲ ਕਰਵਾਈ ਜਾਵੇਗੀ
ਚੰਡੀਗੜ੍ਹ,
ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸ਼ੁੱਕਰਵਾਰ 24 ਅਪਰੈਲ ਨੂੰ ਰਾਤ 8 ਵਜੇ ਗ੍ਰਹਿ ਮੰਤਰਾਲੇ ਦੇ ਹੁਕਮਾਂ ਅਨੁਸਾਰ ਇੱਕ ਵਿਸ਼ੇਸ਼ ਬਲੈਕਆਊਟ ਮੌਕ ਡਰਿੱਲ ਕਰਵਾਈ ਜਾਵੇਗੀ। ਇਹ ਅਭਿਆਸ ਸਿਵਲ ਡਿਫੈਂਸ ਦੀਆਂ ਤਿਆਰੀਆਂ ਨੂੰ ਪਰਖਣ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਕਿਸੇ ਵੀ ਐਮਰਜੈਂਸੀ ਜਾਂ ਹਵਾਈ ਹਮਲੇ ਵਰਗੀ ਸਥਿਤੀ ਵਿੱਚ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਇਹ ਡਰਿੱਲ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਸਥਿਤ ਪਾਈਟੈਕਸ ਗਰਾਊਂਡ ਅਤੇ ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਮੇਤ ਅਗਰ ਨਗਰ ਬਿਜਲੀ ਵਿਭਾਗ ਦੇ ਅਧੀਨ ਆਉਂਦੇ ਇਲਾਕਿਆਂ ਤੇ ਪੰਜਾਬ ਵਿੱਚ ਰਾਤ 8:00 ਵਜੇ ਤੋਂ 8:15 ਵਜੇ ਤੱਕ ਚੱਲੇਗੀ। ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਬੰਧਤ ਵਿਭਾਗਾਂ ਨਾਲ ਮੀਟਿੰਗ ਕਰਕੇ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਹੈ।
ਅਭਿਆਸ ਦੀ ਸ਼ੁਰੂਆਤ ਤੋਂ ਪਹਿਲਾਂ ਰਾਤ 7:55 ਵਜੇ ਲੋਕਾਂ ਨੂੰ ਚੌਕਸ ਕਰਨ ਲਈ ਸਾਇਰਨ ਵਜਾਏ ਜਾਣਗੇ ਅਤੇ ਜਨਤਕ ਐਲਾਨ ਕੀਤੇ ਜਾਣਗੇ। ਰਾਤ 8 ਵਜੇ ਹਵਾਈ ਹਮਲੇ ਦੀ ਚਿਤਾਵਨੀ ਦੇ ਸੰਕੇਤ ਦੇ ਨਾਲ ਹੀ ਬਿਜਲੀ ਵਿਭਾਗ ਸਬੰਧਤ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਕਰ ਦੇਵੇਗਾ। ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ ਅਤੇ ਵਪਾਰਕ ਅਦਾਰਿਆਂ ਦੀਆਂ ਸਾਰੀਆਂ ਬੱਤੀਆਂ ਬੰਦ ਰੱਖ ਕੇ ਇਸ ਪ੍ਰਕਿਰਿਆ ਵਿੱਚ ਪੂਰਾ ਸਹਿਯੋਗ ਦੇਣ। ਇਸ 15 ਮਿੰਟ ਦੇ ਸਮੇਂ ਦੌਰਾਨ NDRF, ਫਾਇਰ ਬ੍ਰਿਗੇਡ, ਨਗਰ ਨਿਗਮ, ਸਿਹਤ ਵਿਭਾਗ ਅਤੇ ਪੁਲੀਸ ਮਿਲ ਕੇ ਰਾਹਤ ਕਾਰਜਾਂ ਦਾ ਅਭਿਆਸ ਕਰਨਗੇ। ਇਸ ਵਿੱਚ ਮੁੱਖ ਤੌਰ 'ਤੇ ਅੱਗ ਬੁਝਾਉਣ, ਲੋਕਾਂ ਨੂੰ ਬਚਾਉਣ, ਮੁੱਢਲੀ ਸਹਾਇਤਾ ਦੇਣ ਅਤੇ ਟ੍ਰੈਫਿਕ ਕੰਟਰੋਲ ਕਰਨ ਵਰਗੀਆਂ ਗਤੀਵਿਧੀਆਂ ਸ਼ਾਮਲ ਹੋਣਗੀਆਂ। ਅਭਿਆਸ ਦੇ ਖ਼ਤਮ ਹੋਣ ’ਤੇ ਦੋ ਮਿੰਟ ਲਈ ਲਗਾਤਾਰ ਸਾਈਰਨ ਵਜਾਇਆ ਜਾਵੇਗਾ, ਜਿਸਦਾ ਮਤਲਬ ਹੋਵੇਗਾ ਕਿ ਸਥਿਤੀ ਹੁਣ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਅਜਿਹੀਆਂ ਮੌਕ ਡਰਿੱਲਾਂ ਪਿਛਲੇ ਸਾਲ ਵੀ ਪੰਜਾਬ ਅਤੇ ਹੋਰ ਸਰਹੱਦੀ ਰਾਜਾਂ ਵਿੱਚ ਕਰਵਾਈਆਂ ਗਈਆਂ ਸਨ। ਇਨ੍ਹਾਂ ਤਿਆਰੀਆਂ ਦਾ ਮਕਸਦ ਨਾਗਰਿਕਾਂ ਨੂੰ ਦੁਸ਼ਮਣ ਦੇ ਹਮਲੇ ਤੋਂ ਬਚਣ ਦੀ ਸਿਖਲਾਈ ਦੇਣਾ ਅਤੇ ਬੰਕਰਾਂ ਵਰਗੀਆਂ ਸੁਰੱਖਿਅਤ ਥਾਵਾਂ ਦੀ ਸਫ਼ਾਈ ਅਤੇ ਵਰਤੋਂ ਬਾਰੇ ਜਾਗਰੂਕ ਕਰਨਾ ਹੈ। ਪਿਛਲੇ ਸਾਲ 'ਅਪਰੇਸ਼ਨ ਸ਼ੀਲਡ' ਤਹਿਤ ਜੰਮੂ-ਕਸ਼ਮੀਰ, ਰਾਜਸਥਾਨ, ਗੁਜਰਾਤ ਅਤੇ ਹਰਿਆਣਾ ਵਰਗੇ ਸੂਬਿਆਂ ਵਿੱਚ ਵੀ ਅਜਿਹੇ ਅਭਿਆਸ ਕੀਤੇ ਗਏ ਸਨ। ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਇਸ ਡਰਿੱਲ ਦੌਰਾਨ ਹਸਪਤਾਲ ਅਤੇ ਪਾਣੀ ਦੀ ਸਪਲਾਈ ਵਰਗੀਆਂ ਜ਼ਰੂਰੀ ਸੇਵਾਵਾਂ 'ਤੇ ਕੋਈ ਅਸਰ ਨਹੀਂ ਪਵੇਗਾ ਅਤੇ ਇਹ ਆਮ ਵਾਂਗ ਜਾਰੀ ਰਹਿਣਗੀਆਂ।