ਦੇਸ਼							
							
							ਕਾਂਗਰਸ-ਆਰ.ਜੇ.ਡੀ. ਨੇ 'ਛਠੀ ਮਈਆ' ਦਾ ਨਿਰਾਦਰ ਕੀਤਾ, ਬਿਹਾਰ ਦੇ ਲੋਕ ਮੁਆਫ਼ ਨਹੀਂ ਕਰਨਗੇ- ਮੋਦੀ							
							
							
							
								 
							 
							ਪ੍ਰਧਾਨ ਮੰਤਰੀ ਨੇ ਛਪਰਾ ਤੇ ਮੁਜ਼ੱਫਰਪੁਰ 'ਚ ਵਿਰੋਧੀਆਂ ਨੂੰ ਲਾਏ ਰਗੜੇ
ਛਪਰਾ/ਮੁਜ਼ੱਫਰਪੁਰ (ਬਿਹਾਰ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ਦੇ ਸ਼ਹਿਰ ਛਪਰਾ ਅਤੇ ਮੁਜ਼ੱਫਰਪੁਰ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਵਿਰੋਧੀ ਧਿਰ ਨੂੰ ਜੰਮ ਕੇ ਰਗੜੇ ਲਗਾਏ | ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਵਿਚ ਵਿਰੋਧੀ ਕਾਂਗਰਸ-ਆਰ.ਜੇ.ਡੀ. ਗੱਠਜੋੜ 'ਤੇ 'ਛਠੀ ਮਈਆ' ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ | ਉਨ੍ਹਾਂ ਨੇ ਵਿਰੋਧੀ ਧਿਰ 'ਤੇ ਅਯੁੱਧਿਆ ਵਿਚ ਰਾਮ ਮੰਦਰ ਨੂੰ ਲੈ ਕੇ ਸਮੱਸਿਆਵਾਂ ਪੈਦਾ ਕਰਨ ਅਤੇ ਵੋਟ ਬੈਂਕ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਲਈ ਘੁਸਪੈਠੀਆਂ ਨੂੰ ਬਚਾਉਣ ਦਾ ਦੋਸ਼ ਲਗਾਇਆ | ਉਨ੍ਹਾਂ ਨੇ ਉਕਤ ਟਿੱਪਣੀਆਂ ਮੁਜ਼ੱਫਰਪੁਰ ਅਤੇ ਛਪਰਾ ਕਸਬਿਆਂ ਵਿਚ ਇਕ ਤੋਂ ਬਾਅਦ ਇਕ ਰੈਲੀਆਂ ਕੀਤੀਆਂ | ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਤੇ ਆਰ.ਜੇ.ਡੀ. ਆਗੂਆਂ ਲਈ ਛੱਠ ਪੂਜਾ ਮਹਿਜ਼ ਇਕ ਡਰਾਮਾ ਹੈ ਅਤੇ ਬਿਹਾਰ ਦੇ ਲੋਕ ਸਾਲਾਂਬੱਧੀ ਇਸ 'ਨਿਰਾਦਰ' ਨੂੰ ਨਹੀਂ ਭੁੱਲਣਗੇ ਤੇ ਨਾ ਹੀ ਉਨ੍ਹਾਂ ਨੂੰ ਮੁਆਫ਼ ਕਰਨਗੇ | ਉਨ੍ਹਾਂ ਦੂਜੇ ਰਾਜਾਂ 'ਚ ਬਿਹਾਰ ਦੇ ਲੋਕਾਂ ਦਾ ਅਪਮਾਨ ਕਰਨ ਲਈ ਵੀ ਕਾਂਗਰਸ ਨੂੰ ਘੇਰਿਆ | ਉਨ੍ਹਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ 2022 ਦੇ ਇਕ ਬਿਆਨ ਨੂੰ ਯਾਦ ਕੀਤਾ, ਜਿੱਥੇ ਕਾਂਗਰਸ ਦੀ ਸੰਸਦ ਮੈਂਬਰ ਪਿ੍ਅੰਕਾ ਗਾਂਧੀ ਵਾਡਰਾ ਵੀ ਮੌਜੂਦ ਸੀ | ਪ੍ਰਧਾਨ ਮੰਤਰੀ ਨੇ ਕਿਹਾ ਕਿ ਚੰਨੀ ਵਲੋਂ ਬਿਹਾਰੀ ਲੋਕਾਂ ਦੇ ਅਪਮਾਨ ਦੇ ਬਾਵਜੂਦ, ਪਿ੍ਅੰਕਾ ਗਾਂਧੀ ਉਸ ਮÏਕੇ ਮੁਸਕਰਾ ਰਹੀ ਸੀ | ਦੱਸਣਯੋਗ ਹੈ 2022 ਦੀਆਂ ਚੋਣਾਂ ਮੌਕੇ ਪੰਜਾਬ ਵਿਚ ਚੋਣ ਪ੍ਰਚਾਰ ਸਮਾਗਮ ਦੌਰਾਨ ਚੰਨੀ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਭਈਆਂ ਨੂੰ ਰਾਜ 'ਚ ਦਾਖ਼ਲ ਨਾ ਹੋਣ ਦੇਣ | ਜਦੋਂ ਚੰਨੀ ਨੇ ਇਹ ਟਿੱਪਣੀਆਂ ਕੀਤੀਆਂ ਸਨ ਤਾਂ ਪਿ੍ਅੰਕਾ ਗਾਂਧੀ ਵੀ ਉਨ੍ਹਾਂ ਦੇ ਨਾਲ ਖੜ੍ਹੀ ਸੀ | ਪ੍ਰਧਾਨ ਮੰਤਰੀ ਨੇ ਮੁਜ਼ੱਫਰਪੁਰ 'ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਛੱਠ ਪੂਜਾ ਤੋਂ ਬਾਅਦ ਇਹ ਮੇਰਾ ਬਿਹਾਰ ਦਾ ਪਹਿਲਾ ਦੌਰਾ ਹੈ | ਇਹ ਤਿਉਹਾਰ ਹੁਣ ਦੁਨੀਆ ਭਰ 'ਚ ਪ੍ਰਸਿੱਧ ਹੈ | ਇਹ ਤਿਉਹਾਰ ਸਿਰਫ਼ ਸ਼ਰਧਾ ਲਈ ਹੀ ਨਹੀਂ ਸਗੋਂ ਸਮਾਨਤਾ ਲਈ ਵੀ ਹੈ, ਇਸੇ ਕਾਰਨ ਮੇਰੀ ਸਰਕਾਰ ਇਸ ਤਿਉਹਾਰ ਲਈ ਯੂਨੈਸਕੋ ਵਿਰਾਸਤੀ ਟੈਗ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ |