ਪੰਜਾਬ							
							
							ਜਲੰਧਰ 'ਚ ਸੁਨਿਆਰੇ ਦੀ ਦੁਕਾਨ ਤੋਂ ਇਕ ਕਰੋੜ ਦੇ ਗਹਿਣਿਆਂ ਦੀ ਲੁੱਟ							
							
							
							
								 
							 
							ਜਲੰਧਰ
ਇਥੋਂ ਦੇ ਭਾਰਗੋ ਕੈਂਪ ਦੇ ਬਾਜ਼ਾਰ ਵਿਚ ਵਿਜੇ ਜਿਊਲਰ ਨਾਂਅ ਹੇਠ ਚੱਲ ਰਹੀ ਸੁਨਿਆਰੇ ਦੀ ਦੁਕਾਨ 'ਤੇ ਸਵੇਰੇ 10.49 ਵਜੇ ਦੇ ਕਰੀਬ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਚਿੱਟੇ ਦਿਨ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਕਰੀਬ ਇਕ ਕਰੋੜ ਰੁਪਏ ਦੀ ਕੀਮਤ ਦੇ ਸੋਨੇ ਦੇ ਗਹਿਣੇ ਅਤੇ 2,25,000 ਰੁਪਏ ਦੀ ਨਕਦੀ ਲੁੱਟ ਲਈ ਹੈ | ਲੁੱਟ ਦੀ ਸਾਰੀ ਵਾਰਦਾਤ ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ | ਦੁਕਾਨ ਮਾਲਕ ਅਜੇ ਕੁਮਾਰ ਵਾਸੀ ਅਵਤਾਰ ਨਗਰ, ਜਲੰਧਰ ਨੇ ਜਾਣਕਾਰੀ ਦਿੱਤੀ ਕਿ ਅੱਜ ਸਵੇਰੇ ਉਸ ਦਾ ਲੜਕਾ ਨਿਖਿਲ ਕੁਮਾਰ ਅਤੇ ਕਾਰੀਗਰ ਸੰਜੇ ਕੁਮਾਰ ਦੁਕਾਨ 'ਤੇ ਮੌਜੂਦ ਸਨ | ਨਿਖਿਲ ਅੱਗੇ ਕਾਉਂਟਰ 'ਤੇ ਬੈਠਾ ਹੋਇਆ ਸੀ, ਜਦਕਿ ਸੰਜੇ ਦੁਕਾਨ ਦੇ ਪਿੱਛੇ ਸੋਫ਼ੇ 'ਤੇ ਬੈਠਾ ਹੋਇਆ ਸੀ | ਇਸ ਦੌਰਾਨ ਦੁਕਾਨ 'ਤੇ ਤਿੰਨ ਵਿਅਕਤੀ ਆਏ, ਜਿਨ੍ਹਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ ਅਤੇ ਉਨ੍ਹਾਂ 'ਚੋਂ ਇਕ ਦੇ ਹੱਥ 'ਚ ਪਿਸਤੌਲ ਅਤੇ ਇਕ ਕੋਲ ਦਾਤਰ ਫੜਿਆ ਹੋਇਆ ਸੀ | ਇਕ ਲੁਟੇਰੇ ਨੇ ਨਿਖਿਲ 'ਤੇ ਪਿਸਤੌਲ ਤਾਣ ਦਿੱਤੀ ਅਤੇ ਧਮਕੀ ਦੇ ਕੇ ਉਸ ਕੋਲੋਂ ਕਾਉਂਟਰ ਦੀਆਂ ਚਾਬੀਆਂ ਮੰਗਣ ਲੱਗੇ, ਜਦੋਂ ਤੱਕ ਨਿਖਿਲ ਕਾਉਂਟਰ ਦੀਆਂ ਚਾਬੀਆਂ ਲੁਟੇਰੇ ਨੂੰ ਫੜਾਉਂਦਾ ਦੂਜੇ ਲੁਟੇਰੇ ਨੇ ਦਾਤਰ ਨਾਲ ਕਾਉਂਟਰ ਅਤੇ ਸ਼ੋਕੇਸਾਂ ਦੇ ਸ਼ੀਸ਼ੇ ਤੋੜ ਦਿੱਤੇ | ਲੁਟੇਰਿਆਂ ਦੇ ਤੀਜੇ ਸਾਥੀ, ਜਿਸ ਨੇ ਬੈਗ ਫੜਿਆ ਹੋਇਆ ਸੀ, ਉਸ ਨੇ ਕਾਉਂਟਰਾਂ 'ਚੋਂ ਗਹਿਣੇ ਕੱਢ ਕੇ ਬੈਗ 'ਚ ਪਾ ਲਏ | ਲੁਟੇਰਿਆਂ ਨੇ ਕਰੀਬ ਇਕ ਮਿੰਟ 50 ਸਕਿੰਟਾਂ 'ਚ ਨੂੰ ਅੰਜਾਮ ਦਿੱਤਾ ਅਤੇ ਪੈਦਲ ਹੀ ਦੁਕਾਨ ਤੋਂ ਬਾਜਾਰ ਵੱਲ ਜਾਂਦੇ ਹੋਏ, ਮੌਕੇ 'ਤੋਂ ਫ਼ਰਾਰ ਹੋ ਗਏ |