IMG-LOGO
Home News 2027-'ਚ-ਭਾਜਪਾ-ਆਪਣੇ-ਬਲਬੂਤੇ-'ਤੇ-ਸਰਕਾਰ-ਬਣਾਏਗੀ-ਕੈਪਟਨ
ਪੰਜਾਬ

2027 'ਚ ਭਾਜਪਾ ਆਪਣੇ ਬਲਬੂਤੇ 'ਤੇ ਸਰਕਾਰ ਬਣਾਏਗੀ-ਕੈਪਟਨ

by Admin - 2025-10-30 22:55:26 0 Views 0 Comment
IMG
ਬਿਕਰਮ ਸਿੰਘ ਮਜੀਠੀਆ ਬਾਰੇ ਦੋਹਰੀ ਨੀਤੀ ਅਪਣਾ ਰਹੇ ਹਨ ਮੁੱਖ ਮੰਤਰੀ ਮੋਗਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਦੇ ਸੀਨੀਅਰ ਸੂਬਾ ਆਗੂ ਕੈਪਟਨ ਅਮਰਿੰਦਰ ਸਿੰਘ ਅੱਜ ਵਿਸ਼ੇਸ਼ ਤੌਰ 'ਤੇ ਆਪਣੀ ਫ਼ਰੀਦਕੋਟ ਦੀ ਫੇਰੀ ਦੌਰਾਨ ਮੋਗਾ ਦੇ ਭਾਜਪਾ ਦਫ਼ਤਰ ਪੁੱਜੇ, ਜਿਥੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਮੌਕੇ ਕੈਪਟਨ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਉਹ ਕਿਸੇ ਬਿਮਾਰੀ ਕਾਰਨ ਕੁਝ ਸਮਾਂ ਸਿਆਸਤ ਤੋਂ ਪਾਸੇ ਸਨ | ਪਰ ਆਪਣਾ ਇਲਾਜ ਕਰਵਾਉਣ ਤੋਂ ਬਾਅਦ ਹੁਣ ਪੂਰੀ ਤਰ੍ਹਾਂ ਠੀਕ ਹਨ ਤੇ ਭਾਜਪਾ ਦੀ ਮਜ਼ਬੂਤੀ ਲਈ ਉਹ ਹੁਣ ਮੈਦਾਨ 'ਚ ਉੱਤਰੇ ਹਨ | ਭਾਜਪਾ 2027 ਵਿਚ ਆਪਣੀ ਸਰਕਾਰ ਬਣਾਏਗੀ ਤੇ ਸੂਬਾ ਵਿਕਾਸ ਪੱਖੋਂ ਇਕ ਮੋਹਰੀ ਸੂਬਾ ਹੋਵੇਗਾ, ਕਿਉਂਕਿ ਪ੍ਰਧਾਨ ਮੰਤਰੀ ਦਾ ਵੀ ਇਹ ਸੁਪਨਾ ਹੈ ਕਿ ਖੇਤੀ ਪ੍ਰਧਾਨ ਸੂਬੇ ਵੱਧ ਤੋਂ ਵੱਧ ਤਰੱਕੀ ਕਰਨ | ਇਕ ਸੁਆਲ ਕਿ 2027 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਮਝੌਤਾ ਹੋ ਸਕਦਾ ਹੈ ਤਾਂ ਉਨ੍ਹਾਂ ਕਿਹਾ ਕਿ ਸਮਝੌਤਾ ਹੋਣਾ ਬਾਅਦ ਦੀ ਗੱਲ ਹੈ ਪਰ ਉਹ ਹੁਣੇ ਤੋਂ ਭਾਜਪਾ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ ਅਤੇ ਜਿਸ ਕਦਰ ਲੋਕ ਅਤੇ ਆਗੂ ਭਾਜਪਾ 'ਚ ਸ਼ਾਮਿਲ ਹੋ ਰਹੇ ਹਨ, ਹੋ ਸਕਦਾ ਹੈ ਸਮਝੌਤੇ ਦੀ ਲੋੜ ਹੀ ਨਾ ਪਵੇ ਤੇ ਭਾਜਪਾ ਆਪਣੇ ਬਲਬੂਤੇ 'ਤੇ ਸਰਕਾਰ ਬਣਾਏਗੀ | ਉਨ੍ਹਾਂ ਕਿਹਾ ਕਿ ਅੱਜ ਕੇਂਦਰ ਅਤੇ ਸੂਬੇ ਵਿਚ ਭਾਜਪਾ ਦੀ ਬੇਹੱਦ ਲੋੜ ਹੈ | ਕੈਪਟਨ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂਅ ਪੂਰੀ ਦੁਨੀਆ ਵਿਚ ਚਮਕਦਾ ਹੈ ਤੇ ਹਰ ਦੇਸ਼ ਨੇ ਉਨ੍ਹਾਂ ਵਲੋਂ ਕੀਤੇ ਜਾ ਰਹੀ ਕੰਮਾਂ ਦੀ ਸ਼ਲਾਘਾ ਕੀਤੀ ਹੈ ਅਤੇ ਅੱਜ ਦੇਸ਼ ਨੇ ਹਰ ਖ਼ਿੱਤੇ 'ਚ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ | ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ ਕਿ ਅਸੀਂ ਆਪਣੇ ਫ਼ੌਜੀ ਹਥਿਆਰ ਵਿਦੇਸ਼ਾਂ ਤੋਂ ਖ਼ਰੀਦ ਕਰਦੇ ਸੀ, ਪਰ ਹੁਣ ਭਾਰਤ ਏਨਾ ਸਮਰੱਥ ਹੋ ਗਿਆ ਹੈ ਕਿ ਭਾਰਤੀ ਫ਼ੌਜ ਦੇ ਹਥਿਆਰ ਦੇਸ਼ ਵਿਚ ਹੀ ਬਣ ਰਹੇ ਹਨ | ਅੱਜ ਭਾਰਤ ਆਪਣੇ ਜਹਾਜ਼ ਅਤੇ ਆਪਣੀਆਂ ਏਅਰਲਾਈਨਜ਼ ਬਣਾਉਣ ਦੇ ਸਮਰੱਥ ਹੋ ਗਿਆ ਹੈ | ਬਿਕਰਮ ਸਿੰਘ ਮਜੀਠੀਆ ਬਾਰੇ ਪੁੱਛੇ ਸੁਆਲ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਹਾਈ ਕੋਰਟ ਨੇ ਉਸ ਸਮੇਂ ਤਤਕਾਲੀ ਸੀਨੀਅਰ ਪੁਲਿਸ ਅਫ਼ਸਰ ਹਰਪ੍ਰੀਤ ਸਿੰਘ ਸਿੱਧੂ ਨੂੰ ਇਹ ਲਿਖਿਆ ਸੀ ਕਿ ਮਜੀਠੀਆ ਦੀ ਰਿਪੋਰਟ ਸੀਲਬੰਦ ਲਿਫ਼ਾਫ਼ੇ ਵਿਚ ਪੇਸ਼ ਕੀਤੀ ਜਾਵੇ ਤੇ ਉਨ੍ਹਾਂ ਨੇ ਉਸ ਰਿਪੋਰਟ ਨੂੰ ਉਸੇ ਤਰ੍ਹਾਂ ਹੀ ਹਾਈ ਕੋਰਟ ਵਿਚ ਪੇਸ਼ ਕਰ ਦਿੱਤਾ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਇਹ ਦੋਹਰੀ ਨੀਤੀ ਅਪਣਾ ਰਿਹਾ ਹੈ ਕਿਉਂਕਿ ਇਹ ਕੰਮ ਹਾਈ ਕੋਰਟ ਦਾ ਹੈ, ਨਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ | ਭਗਵੰਤ ਮਾਨ ਕੋਲ ਕੋਈ ਅਧਿਕਾਰ ਨਹੀਂ ਕਿ ਉਹ ਹਾਈ ਕੋਰਟ ਦੇ ਆਦੇਸ਼ਾਂ ਖ਼ਿਲਾਫ਼ ਜਾ ਕੇ ਕਾਰਵਾਈ ਕਰਵਾਏ ਅਤੇ ਮਜੀਠੀਆ ਨੂੰ ਜੇਲ੍ਹ 'ਚ ਭਿਜਵਾਏ | ਪੰਜਾਬ 'ਚ ਫੈਲੇ ਨਸ਼ੇ ਦੇ ਸੰਬੰਧ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਸਾਲ 2002 ਵਿਚ ਮੁੱਖ ਮੰਤਰੀ ਬਣੇ ਸਨ ਤੇ ਉਨ੍ਹਾਂ ਨੇ ਉਸ ਸਮੇਂ ਇਕ ਐਂਟੀ ਡਰੱਗ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਵਿਚ ਹਰਪ੍ਰੀਤ ਸਿੰਘ ਸਿੱਧੂ ਵਲੋਂ 'ਸਿਟ' ਤਿਆਰ ਕੀਤੀ ਗਈ ਸੀ | ਉਨ੍ਹਾਂ ਨੇ ਇਕ ਲੱਖ ਦੇ ਕਰੀਬ ਤਸਕਰ ਕਾਬੂ ਕਰਕੇ ਜੇਲ੍ਹਾਂ ਵਿਚ ਸੁੱਟੇ ਸਨ, ਪਰ ਅਫ਼ਸੋਸ ਕਿ ਪੰਜਾਬ ਅੰਦਰ ਨਸ਼ਾ ਪਹਿਲਾਂ ਤਾਰ ਟੱਪ ਕੇ, ਫੇਰ ਨਦੀ ਟੱਪ ਕੇ ਆਉਂਦਾ ਸੀ ਪਰ ਹੁਣ ਡਰੋਨਾਂ ਰਾਹੀਂ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਨਸ਼ੇ ਦੇ ਖ਼ਿਲਾਫ਼ ਸਾਰੀਆਂ ਪਾਰਟੀਆਂ ਨੂੰ ਸਿਆਸੀ ਹਿਤਾਂ ਤੋਂ ਉੱਪਰ ਉਠ ਕੇ ਲੜਾਈ ਲੜਨੀ ਚਾਹੀਦੀ ਹੈ | ਇਸ ਮੌਕੇ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ, ਜ਼ਿਲ੍ਹਾ ਜਨਰਲ ਸਕੱਤਰ ਸਾਬਕਾ ਐਸ.ਪੀ. ਮੁਖਤਿਆਰ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਵਿੱਕੀ ਸਿਤਾਰਾ, ਵਿਜੇ ਸ਼ਰਮਾ, ਗੀਤਾ ਆਰੀਆ, ਸੁਖਨੰਦਨ ਬਾਘਾ ਪੁਰਾਣਾ, ਸ਼ਮਸ਼ੇਰ ਸਿੰਘ ਕੈਲਾ, ਦੇਵ ਪਿ੍ਆ ਤਿਆਗੀ, ਕੇਵਲ ਸਿੰਘ ਸਾਬਕਾ ਐਮ.ਪੀ., ਲਖਵੰਤ ਸਿੰਘ ਸਾਫ਼ੂਵਾਲਾ, ਸੋਨੀ ਮੰਗਲਾ, ਭਾਜਪਾ ਮਹਿਲਾ ਵਿੰਗ ਦੇ ਜਨਰਲ ਸਕੱਤਰ ਮਨਿੰਦਰ ਕੌਰ ਸਲੀਣਾ ਸਾਬਕਾ ਸਰਪੰਚ, ਲਖਵੀਰ ਸਿੰਘ ਸੋਨੀ ਭੱਟੀ, ਕੈਪਟਨ ਅਮਰਜੀਤ ਸਿੰਘ ਕੋਕਰੀ, ਸੂਰਜ ਭਾਨ ਧਾਲੀਵਾਲ, ਸੀਨੀਅਰ ਆਗੂ ਅਨਿਲ ਬਾਂਸਲ, ਵਿਨੈ ਸ਼ਰਮਾ ਸਾਬਕਾ ਜ਼ਿਲ੍ਹਾ ਪ੍ਰਧਾਨ, ਬੋਹੜ ਸਿੰਘ ਆਦਿ ਹਾਜ਼ਰ ਸਨ |

Leave a Comment

Your email address will not be published. Required fields are marked *