ਸਸਕੈਚਵਾਨ 'ਚ ਬੱਸ ਹਾਦਸੇ 'ਚ ਮਾਰੇ ਗਏ ਖਿਡਾਰੀਆਂ ਨੂੰ ਸੰਗੀਤਕਾਰਾਂ ਨੇ ਦਿੱਤੀ ਭਾਵੁਕ ਸ਼ਰਧਾਂਜਲੀ

 ਕੈਨੇਡਾ ਦੇ ਸੂਬੇ ਸਸਕੈਚਵਾਨ 'ਚ ਬੀਤੀ 6 ਅਪ੍ਰੈਲ 2018 ਨੂੰ ਜੂਨੀਅਨ ਹਾਕੀ ਖਿਡਾਰੀਆਂ ਦੀ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ ਸੀ। ਬੱਸ ਦੀ ਟੱਕਰ ਸੈਮੀ ਟਰੱਕ ਨਾਲ ਹੋਣ ਕਾਰਨ 6 ਲੋਕਾਂ ਸਮੇਤ 10 ਖਿਡਾਰੀਆਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ ਸਨ। ਇਸ ਬੱਸ ਹਾਦਸੇ ਨੇ ਮਾਵਾਂ ਤੋਂ ਪੁੱਤ ਖੋਹ ਲਏ ਅਤੇ ਕਦੇ ਨਾਲ ਭੁੱਲਣ ਵਾਲਾ ਜ਼ਖਮ ਮਾਪਿਆਂ ਨੂੰ ਮਿਲਿਆ। ਬੱਸ ਹਾਦਸੇ ਵਿਚ ਮਰਨ ਵਾਲੇ ਖਿਡਾਰੀਆਂ ਦੀ ਉਮਰ 18 ਤੋਂ 21 ਸਾਲ ਦਰਮਿਆਨ ਸੀ। ਦੱਸਣਯੋਗ ਹੈ ਕਿ ਖਿਡਾਰੀਆਂ ਦੀ ਬੱਸ ਸਸਕੈਚਵਾਨ ਦੇ ਨੇਪਾਵਿਨ ਜਾ ਰਹੀ ਸੀ ਕਿ ਹਾਈਵੇਅ 'ਤੇ ਹਾਦਸੇ ਦੀ ਸ਼ਿਕਾਰ ਹੋ ਗਈ।


ਇਸ ਭਿਆਨਕ ਬੱਸ ਹਾਦਸੇ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਬੀਤੇ ਸ਼ੁੱਕਰਵਾਰ ਨੂੰ ਸਸਕੈਚਵਾਨ ਦੇ ਸ਼ਹਿਰ ਸਸਕਾਟੂਨ 'ਚ ਮੌਜੂਦਾ ਅਤੇ ਸਾਬਕਾ ਨੈਸ਼ਨਲ ਹਾਕੀ ਲੀਗ ਦੇ 30 ਖਿਡਾਰੀਆਂ ਅਤੇ ਕੈਨੇਡੀਅਨ ਦੇਸ਼ ਦੇ ਸੰਗੀਤਕਾਰਾਂ ਨੇ ਬੱਸ ਹਾਦਸੇ ਵਿਚ ਮਾਰੇ ਗਏ ਹੁਮਬੋਲਟ ਬਰੋਨਕੋਸ ਜੂਨੀਅਰ ਹਾਕੀ ਟੀਮ ਦੇ ਖਿਡਾਰੀਆਂ ਨੂੰ ਭਾਵੁਕ ਸ਼ਰਧਾਂਜਲੀ ਭੇਟ ਕੀਤੀ ਗਈ। ਕੈਨੇਡਾ ਦੇ ਸੰਗੀਤਕਾਰ ਡੱਲਾਸ ਸਮਿੱਥ, ਬਰਿਟ ਕਿਸਲ, ਜੈਸ ਮਾਸਕਾਲਯੂਕੇ ਅਤੇ ਗੋਰਡ ਬੈਮਫੋਰਡ ਨੇ ਸਟੇਜ 'ਤੇ ਪਰਫਾਰਮਸ ਦਿੱਤੀ ਅਤੇ ਖਿਡਾਰੀਆਂ ਨੂੰ ਯਾਦ ਕੀਤਾ। ਗਾਇਕਾ ਜੈਸ ਨੇ ਕਿਹਾ ਕਿ ਇਸ ਹਾਦਸੇ ਨੇ ਹਰ ਇਕ ਦੇ ਦਿਲ ਨੂੰ ਝੰਜੋੜ ਦਿੱਤਾ ਹੈ ਅਤੇ ਹਰ ਪਾਸੇ ਉਦਾਸੀ ਹੈ। ਹਰ ਕੋਈ ਉਸ ਦਰਦ ਨੂੰ ਅਨੁਭਵ ਕਰ ਰਿਹਾ ਹੈ। ਸ਼ੁੱਕਰਵਾਰ ਦੀ ਰਾਤ ਬਹੁਤ ਹੀ ਭਾਵੁਕ ਕਰ ਦੇਣ ਵਾਲੀ ਸੀ। ਇਸ ਮੌਕੇ ਖਿਡਾਰੀਆਂ ਦੇ ਪਰਿਵਾਰ ਵੀ ਮੌਜੂਦ ਸਨ, ਜਿਨ੍ਹਾਂ ਨੂੰ ਖਿਡਾਰੀਆਂ ਅਤੇ ਸੰਗੀਤਕਾਰਾਂ ਵਲੋਂ ਹੌਂਸਲਾ ਦਿੱਤਾ ਗਿਆ।

Most Read

  • Week

  • Month

  • All