ਕੋਲੋਰਾਡੋ ਵਿਚ ਜਹਾਜ਼ ਹੋਇਆ ਹਾਦਸਾਗ੍ਰਸਤ, ਡੈਸ਼ ਕੈਮ ਵਿਚ ਕੈਦ ਹੋਈ ਘਟਨਾ

ਕੋਲੋਰਾਡੋ ਵਿਚ ਇਕ ਮਿਨੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਕਿਸੇ ਤਰ੍ਹਾਂ ਦਾ ਕੋਈ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ ਹੈ। ਹਾਦਸੇ ਵਿਚ ਇਕ ਵਿਅਕਤੀ ਦੇ ਮਾਮੂਲੀ ਜ਼ਖਮੀ ਹੋਣ ਦੀ ਖਬਰ ਹੈ, ਜਿਸ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੀ ਵੀਡੀਓ ਉਥੇ ਹੀ ਨੇੜੇ ਇਕ ਕਾਰ ਦੇ ਡੈਸ਼ਕੈਮ ਵਿਚ ਕੈਦ ਹੋ ਗਈ।


 ਜਾਣਕਾਰੀ ਮੁਤਾਬਕ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ 6 ਸੀਟਾਂ ਵਾਲਾ ਇਹ ਜਹਾਜ਼ ਲੈਂਡਿੰਗ ਦੌਰਾਨ ਕ੍ਰੈਸ਼ ਹੋ ਗਿਆ। ਇਹ ਘਟਨਾ ਸ਼ਨੀਵਾਰ ਦੀ ਹੈ। ਇਸ ਜਹਾਜ਼ ਵਿਚ 3 ਵਿਦੇਸ਼ੀ ਸਵਾਰ ਸਨ, ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ, ਜਦੋਂ ਕਿ ਇਕ ਹੋਰ ਵਿਅਕਤੀ ਜੋ ਇਸ ਜਹਾਜ਼ ਵਿਚ ਸਵਾਰ ਸੀ ਦੇ ਸੱਟਾਂ ਲੱਗੀਆਂ ਹਨ, ਜਿਸ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕਾਰ ਦੇ ਡੈਸ਼ ਕੈਮ ਵਿਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਲੈਂਡਿੰਗ ਦੌਰਾਨ ਕਿਵੇਂ ਸਲਿਪ ਕਰ ਗਿਆ ਅਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਜਹਾਜ਼ ਸੜਕ ਉੱਤੇ ਲੈਂਡਿੰਗ ਦੌਰਾਨ ਕਿਸੇ ਕਾਰ ਨਾਲ ਨਹੀਂ ਟਕਰਾਇਆ। ਜਹਾਜ਼ ਦੇ ਪਾਇਲਟ ਅਤੇ ਹੋਰ ਯਾਤਰੀ ਇਸ ਹਾਦਸੇ ਵਿਚ ਵਾਲ-ਵਾਲ ਬੱਚ ਗਏ, ਜਦੋਂ ਕਿ ਇਕ ਵਿਅਕਤੀ ਜ਼ਖਮੀ ਹੋ ਗਿਆ।
ਹਾਦਸੇ ਮਗਰੋਂ ਜਹਾਜ਼ ਵਿਚੋਂ 25 ਗੈਲਨ ਫਿਊਲ ਲੀਕ ਕਰ ਗਿਆ ਪਰ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਮੌਕੇ ਉੱਤੇ ਪਹੁੰਚੇ ਅਤੇ ਉਨ੍ਹਾਂ ਨੇ ਸਥਿਤੀ ਉੱਤੇ ਕਾਬੂ ਪਾ ਲਿਆ। ਇਹ ਹਾਦਸਾ ਸ਼ਨੀਵਾਰ ਦੁਪਿਹਰ 1 ਵਜੇ ਵਾਪਰਿਆ। ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਪਾਇਲਟ ਨੇ ਐਮਰਜੈਂਸੀ ਲਈ ਕੋਈ ਅਹਿਤਿਆਤ ਵੀ ਵਰਤੇ ਸਨ ਜਾਂ ਨਹੀਂ। ਜਹਾਜ਼ ਸੋਨਿਕ ਡਰਾਈਵ ਥਰੂ ਦੇ ਬਿਲਕੁਲ ਨੇੜਿਓਂ ਲੰਘ ਗਿਆ ਅਤੇ ਵੱਡਾ ਹਾਦਸਾ ਹੋਣ ਤੋਂ ਬੱਚ ਗਿਆ। ਅਧਿਕਾਰੀਆਂ ਵਲੋਂ ਇਹ ਨਹੀਂ ਦੱਸਿਆ ਗਿਆ ਹੈ ਕਿ ਜਹਾਜ਼ ਕਿਧਰ ਜਾ ਰਿਹਾ ਸੀ।

Most Read

  • Week

  • Month

  • All