ਚੀਨ ਨਾਲ ਅਮਰੀਕਾ ਦੀ ਵਪਾਰ-ਗੱਲਬਾਤ 'ਬਹੁਤ ਚੰਗੀ' ਚੱਲ ਰਹੀ ਹੈ: ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਕਿ ਚੀਨ ਨਾਲ ਉਨ੍ਹਾਂ ਦੇ ਦੇਸ਼ ਦੀ ਵਪਾਰ-ਗੱਲਬਾਤ 'ਬਹੁਤ ਚੰਗੀ' ਚੱਲ ਰਹੀ ਹੈ ਅਤੇ ਇਸ ਵਿਚ ਕਾਫੀ ਵਾਧਾ ਹੋਇਆ ਹੈ। ਟਰੰਪ ਨੇ ਇੱਥੇ ਵ੍ਹਾਈਟ ਹਾਊਸ ਵਿਚ ਅੱਜ ਅਮਰੀਕੀ ਕਾਮਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, 'ਮੈਨੂੰ ਇਹ ਘੋਸ਼ਣਾ ਕਰਦੇ ਹੋਏ ਮਾਣ ਹੋ ਰਿਹਾ ਹੈ ਕਿ ਸਾਡੀ ਚੀਨ ਨਾਲ ਚੰਗੀ ਗੱਲਬਾਤ ਚੱਲ ਰਹੀ ਹੈ। ਇਹ ਪੂਰੀ ਗੱਲਬਾਤ ਬਹੁਤ ਵਿਆਪਕ ਹੈ।'


ਅਮਰੀਕਾ ਅਤੇ ਚੀਨ ਵਿਚਕਾਰ ਚੱਲ ਰਹੇ ਵਪਾਰ ਯੁੱਧ ਦੌਰਾਨ ਟਰੰਪ ਦੀ ਇਹ ਟਿੱਪਣੀ ਮਹੱਤਵਪੂਰਨ ਮੰਨੀ ਜਾ ਰਹੀ ਹੈ। ਦੋਵੇਂ ਦੇਸ਼ ਇਕ-ਦੂਜੇ ਦੇ ਚੁਨਿੰਦਾ ਉਤਪਾਦਾਂ 'ਤੇ ਵਾਧੂ ਇੰਪੋਰਟ ਡਿਊਟੀ ਲਗਾ ਰਹੇ ਹਨ। ਟਰੰਪ ਨੇ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਵਿਚ ਕਾਮਿਆਂ ਨੂੰ ਕਿਹਾ, 'ਕਈ ਸਾਲਾਂ ਤੋਂ ਸਾਡੇ ਦੇਸ਼ ਦਾ ਫਾਇਦਾ ਚੁੱਕਿਆ ਗਿਆ ਹੈ। ਮੈਂ ਚੀਨ ਨੂੰ ਜ਼ਿੰਮੇਦਾਰ ਨਹੀਂ ਠਹਿਰਾਉਂਦਾ, ਸਹੀ ਦੱਸਾਂ ਤਾਂ ਮੈਂ ਸਾਡੇ ਪ੍ਰਤੀਨਿਧੀਆਂ ਨੂੰ ਜ਼ਿੰਮੇਦਾਰ ਠਹਿਰਾਉਂਦਾ ਹਾਂ।' ਚੀਨ ਬਹੁਤ ਲੰਬੇ ਸਮੇਂ ਤੋਂ ਬਹੁਤ ਜ਼ੋਰਦਾਰ ਤਰੀਕੇ ਨਾਲ ਸਾਡੇ ਨਾਲ ਗੱਲਬਾਤ ਕਰ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਸਾਨੂੰ ਵਪਾਰ ਵਿਚ ਕੁੱਝ ਵੱਡਾ ਜ਼ਬਰਦਸਤ ਖੁੱਲ੍ਹਾਪਣ ਦੇਖਣ ਨੂੰ ਮਿਲੇਗਾ।'
ਉਨ੍ਹਾਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਚਿੰਨਫਿੰਗ ਨੂੰ ਆਪਣਾ ਦੋਸਤ ਦੱਸਦੇ ਹੋਏ ਕਿਹਾ, 'ਮੈਂ ਉਨ੍ਹਾਂ ਨੂੰ ਬਹੁਤ ਪਸੰਦ ਕਰਦਾ ਹਾਂ। ਮੈਨੂੰ ਲੱਗਦਾ ਹੈ ਕਿ ਉਹ ਵੀ ਮੈਨੂੰ ਪਸੰਦ ਕਰਦੇ ਹਨ, ਮੰਨੋਂ ਜਾਂ ਨਾ ਮੰਨੋਂ ਪਰ ਉਹ ਚੀਨ ਲਈ ਹਨ ਅਤੇ ਮੈਂ ਅਮਰੀਕਾ ਲਈ।' ਗਵਰਨਰਾਂ ਅਤੇ ਸੈਨੇਟਰਾਂ ਦੇ ਇਕ ਸਮੂਹ ਨਾਲ ਬੈਠਕ ਵਿਚ ਟਰੰਪ ਨੇ ਦੋਸ਼ ਲਗਾਇਆ ਕਿ ਚੀਨ ਨੇ ਅਮਰੀਕਾ ਦੇ ਖੇਤੀਬਾੜੀ ਖੇਤਰ ਨਾਲ 'ਗਲਤ ਵਿਵਹਾਰ' ਕੀਤਾ ਹੈ। ਟਰੰਪ ਦੇ ਆਰਥਿਕ ਸਲਾਹਕਾਰ ਲੈਰੀ ਕੁਡਲੋ ਨੇ ਕਿਹਾ ਕਿ ਅਮਰੀਕਾ ਨੂੰ ਪਿਛਲੇ ਕੁੱਝ ਦਿਨਾਂ ਤੋਂ ਚੀਨ ਵੱਲੋਂ ਚੰਗੇ ਸੰਕੇਤ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੇ ਵੀ ਜਵਾਬ ਵਿਚ ਇਸ ਤਰ੍ਹਾਂ ਦੇ ਸੰਕੇਤ ਭੇਜੇ ਹਨ। ਚੰਗੀ ਗੱਲਬਾਤ ਚੱਲ ਰਹੀ ਹੈ।
ਇਸ ਦੌਰਾਨ ਟਰੰਪ ਨੇ ਆਪਣੇ ਸੀਨੀਅਰ ਆਰਥਿਕ ਸਲਾਹਕਾਰਾਂ ਨੂੰ ਕਿਹਾ ਕਿ ਉਹ ਟਰਾਂਸ ਪੈਸਿਫਿਕ ਪਾਰਟਨਰਸ਼ਿਪ (ਟੀ.ਪੀ.ਪੀ) ਵਿਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਦਾ ਫਿਰ ਤੋਂ ਅਧਿਐਨ ਕਰਨ। ਟਰੰਪ ਨੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਸ ਵਪਾਰ ਸਮਝੌਤੇ ਤੋਂ ਅਮਰੀਕਾ ਨੂੰ ਵੱਖ ਕਰ ਲਿਆ ਸੀ। ਵ੍ਹਾਈਟ ਹਾਊਸ ਦੇ ਉਪ ਪ੍ਰੈਸ ਸਕੱਤਰ ਲਿੰਡਸੇ ਵਾਲਟਰਸ ਨੇ ਕਿਹਾ, 'ਪਿਛਲੇ ਸਾਲ ਰਾਸ਼ਟਰਪਤੀ ਨੇ ਓਬਾਮਾ ਪ੍ਰਸ਼ਾਸਨ ਵਿਚ ਕੀਤੇ ਗਏ ਟੀ.ਪੀ.ਪੀ ਸਮਝੌਤੇ ਨੂੰ ਖਤਮ ਕਰਨ ਦਾ ਵਾਅਦਾ ਨਿਭਾਇਆ, ਕਿਉਂਕਿ ਇਹ ਅਮਰੀਕੀ ਕਰਮਚਾਰੀਆਂ ਅਤੇ ਕਿਸਾਨਾਂ ਲਈ ਅਣਉਚਿਤ ਸੀ। ਰਾਸ਼ਟਰਪਤੀ ਲਗਾਤਾਰ ਇਹ ਕਹਿੰਦੇ ਰਹੇ ਹਨ ਕਿ ਉਹ ਇਸ ਨਾਲ ਚੰਗੇ ਸਮਝੌਤੇ ਲਈ ਤਿਆਰ ਰਹਿਣਗੇ।'

Most Read

  • Week

  • Month

  • All