ਆਸਟਰੇਲੀਆ : 21ਵੀਆਂ ਰਾਸ਼ਟਰਮੰਡਲ ਖੇਡਾਂ 'ਚ ਪੰਜਾਬ ਦੀ ਧੀ ਨੂੰ ਸੋਨ ਤਮਗਾ ਜਿੱਤਣ ਦੀ ਆਸ

21ਵੀਆਂ ਰਾਸ਼ਟਰਮੰਡਲ ਖੇਡਾਂ 4 ਤੋਂ 15 ਅਪ੍ਰੈਲ ਨੂੰ ਆਸਟਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਸਮੁੰਦਰੀ ਤੱਟ 'ਤੇ ਵਸੇ ਖੂਬਸੂਰਤ ਸ਼ਹਿਰ ਗੋਲਡ ਕੋਸਟ ਵਿਖੇ ਬਹੁਤ ਹੀ ਧੂਮਧਾਮ ਨਾਲ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਰਾਸ਼ਟਰਮੰਡਲ ਖੇਡਾਂ ਦੇ ਆਯੋਜਕ ਅੱਜ ਸ਼ਾਮ ਨੂੰ ਹੋਣ ਵਾਲੇ ਉਦਘਾਟਨੀ ਸਮਾਰੋਹ ਨੂੰ ਇਤਿਹਾਸਕ ਬਣਾਉਣ ਲਈ ਪੂਰੀ ਵਾਹ ਲਗਾਉਂਦੇ ਹੋਏ ਕੋਈ ਵੀ ਕਸਰ ਬਾਕੀ ਨਹੀਂ ਛੱਡਣਾ

ਚਾਹੁੰਦੇ। ਹੋਰ ਦੇਸ਼ਾਂ ਤੋਂ ਇਲਾਵਾ ਭਾਰਤ ਵੀ ਇਨ੍ਹਾਂ ਖੇਡਾਂ ਲਈ ਖਾਸ ਤਿਆਰੀਆਂ ਕਰ ਕੇ ਗਿਆ ਹੈ।

 

ਓਲੰਪਿਕ ਅਤੇ ਵਿਸ਼ਵ ਚੈਪੀਅਨਸ਼ਿਪ 'ਚ ਚਾਂਦੀ ਤਮਗਾ ਜੇਤੂ ਬੈਡਮਿੰਟਨ ਸਟਾਰ ਸ਼ਟਲਰ ਪੀ. ਵੀ. ਸਿੰਧੂ ਭਾਰਤੀ ਦਲ ਦੀ ਝੰਡਾ ਬਰਦਾਰ ਵਜੋਂ ਅਗਵਾਈ ਕਰੇਗੀ। ਨਿਊਜ਼ ਕਾਰਪੋਰੇਸ਼ਨ ਮੁਤਾਬਕ ਜਗਤ ਪ੍ਰਸਿੱਧ ਗਾਇਕ, ਸੈਂਕੜੇ ਰੰਗਮੰਚ ਕਲਾਕਾਰ ਜੀਵਨ-ਸੁਰੱਖਿਆ ਕਰਮੀ ਦੇ ਰੂਪ ਵਿੱਚ ਗੀਤ ਗਾਉਂਦੇ ਝਾਕੀਆਂ ਕੱਢਦੇ ਹੋਏ 71 ਦੇਸ਼ਾਂ ਦੀਆਂ ਪ੍ਰਮੁੱਖ ਟੀਮਾਂ ਨਾਲ ਸਟੇਡੀਅਮ ਦੇ ਖੁੱਲ੍ਹੇ ਪੜਾਅ ਵਿੱਚ ਚਲੇ ਜਾਣਗੇ ਅਤੇ ਕਾਰਾਰਾ ਸਟੇਡੀਅਮ ਦੇ ਮੱਧ ਵਿੱਚ ਇੱਕ ਬਣਾਉਟੀ ਸਮੁੰਦਰੀ ਕਿਨਾਰੇ ਜੀਵਨ-ਸੁਰੱਖਿਆ ਵਾਲੇ ਟਾਵਰ ਅਤੇ ਸਰਫ ਕਿਸ਼ਤੀ ਦੇ ਦੁਆਲੇ ਰੰਗ-ਮੰਚ ਕਲਾਕਾਰ ਨੱਚਦੇ ਹੋਏ ਮਹਿਮਾਨਾਂ ਦਾ ਸਵਾਗਤ ਕਰਨਗੇ।
ਚਮਕਦਾਰ ਰੋਸ਼ਨੀ ਦੇ ਪ੍ਰਭਾਵਾਂ ਵਿਚ ਰੇਤ 'ਤੇ ਇਕ ਆਰਜ਼ੀ ਲਹਿਰ ਬਣੇਗੀ, ਜਿਸ ਨੂੰ ਸਾਰੇ ਦੇਸ਼ਾਂ ਦੇ ਝੰਡੇ ਨਾਲ ਪ੍ਰਕਾਸ਼ ਕਰਨ ਦੇ ਨਾਲ ਨਾਲ ਆਤਸ਼ਬਾਜੀ ਦਾ ਮਨਮੋਹਣਾ ਦ੍ਰਿਸ਼ ਵੀ ਖਿੱਚ ਦਾ ਕੇਂਦਰ ਹੋਵੇਗਾ। ਸਮਾਰੋਹ ਵਿੱਚ ਸਰਵਉੱਚ ਪ੍ਰਦਰਸ਼ਨ ਕਰਨ ਲਈ ਖੇਡਾਂ ਦੇ 4,000 ਤੋਂ ਵੱਧ ਪੇਸ਼ਾਵਰ ਵਾਲੰਟੀਅਰਾਂ ਵੱਲੋਂ ਕਈ ਹਫ਼ਤਿਆਂ ਤੋਂ ਕਰੜੀ ਮਿਹਨਤ ਨਾਲ ਤਿਆਰੀਆਂ ਕਰ ਰਹੇ ਹਨ।


ਪੰਜਾਬ ਦੀ ਧੀ ਨੂੰ ਸੋਨ ਤਮਗਾ ਜਿੱਤਣ ਦੀ ਆਸ—
ਆਸਟਰੇਲੀਆਈ ਖਿਡਾਰੀਆਂ ਨੂੰ ਆਪਣੀ ਘਰੇਲੂ ਧਰਤੀ 'ਤੇ ਖੇਡਣ ਦਾ ਫਾਇਦਾ ਜ਼ਰੂਰ ਮਿਲੇਗਾ ਤੇ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਤਮਗਾ ਸੂਚੀ 'ਚ ਅੱਵਲ ਦਰਜਾ ਪ੍ਰਾਪਤ ਕੀਤਾ ਜਾ ਸਕੇ।
ਰਾਸ਼ਟਰਮੰਡਲ ਖੇਡਾਂ ਦੇ ਕੁਸ਼ਤੀ ਮੁਕਾਬਲਿਆਂ ਵਿਚ 48 ਕਿਲੋ ਭਾਰ ਵਰਗ ਵਿੱਚ ਆਸਟ੍ਰੇਲੀਆ ਦੀ ਨੁਮਾਇੰਦਗੀ ਕਰ ਰਹੀ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਸ਼ਹਿਰ ਹਰੀਕੇ ਪੱਤਣ ਨਾਲ ਸੰਬੰਧਿਤ ਖਿਡਾਰਨ ਰੁਪਿੰਦਰ ਕੌਰ ਸੰਧੂ। ਜੌਹਨਸਬਰਗ ਵਿਚ ਅੰਤਰ ਰਾਸ਼ਟਰੀ ਕੁਸ਼ਤੀ ਮੁਕਾਬਲਿਆਂ ਵਿਚ ਕਾਂਸੇ ਦੇ ਤਮਗੇ ਤੋਂ ਇਲਾਵਾ ਦਸੰਬਰ 2017 ਵਿਚ ਆਸਟਰੇਲੀਆ ਨੈਸ਼ਨਲ ਚੈਂਪੀਅਨਸ਼ਿਪ ਸਮੇਤ ਕੌਮੀ ਮੁਕਾਬਲਿਆਂ ਵਿਚ ਵੀ ਸੋਨ ਤਮਗੇ ਜਿੱਤ ਚੁੱਕੀ ਹੈ।
ਰੁਪਿੰਦਰ ਕੌਰ ਸੰਧੂ ਦਾ ਗੋਲ਼ਡ ਕੋਸਟ ਰਾਸ਼ਟਰਮੰਡਲ ਖੇਡਾਂ ਵਿਚ ਮੁੱਖ ਟੀਚਾ ਆਸਟ੍ਰੇਲੀਆ ਲਈ ਸੋਨ ਤਮਗਾ ਜਿੱਤਣਾ ਹੈ ਅਤੇ ਇਸ ਲਈ ਉਹ ਲੰਮੇਂ ਸਮੇਂ ਤੋਂ ਸਖ਼ਤ ਮਿਹਨਤ ਕਰ ਰਹੀ ਹੈ। ਆਸਟ੍ਰੇਲੀਆਈ, ਭਾਰਤੀ ਤੇ ਖ਼ਾਸ ਕਰ ਪੰਜਾਬੀ ਭਾਈਚਾਰੇ ਵੱਲੋਂ ਪੰਜਾਬਣ ਧੀ ਰੁਪਿੰਦਰ ਕੌਰ ਸੰਧੂ ਦਾ ਆਸਟ੍ਰੇਲੀਆ ਲਈ ਸੋਨ ਤਗਮਾ ਜਿੱਤਣ ਲਈ ਬਹੁਤ ਹੀ ਆਸਵੰਦ ਹੈ।
ਰਾਸ਼ਟਰਮੰਡਲ ਖੇਡ ਮਹਾ ਸੰਘ, ਆਸਟਰੇਲੀਆਈ ਸੰਘੀ ਸਰਕਾਰ, ਕੁਈਨਜ਼ਲੈਂਡ ਸੂਬਾ ਸਰਕਾਰ, ਖੇਡ ਕਾਰਪੋਰੇਸ਼ਨ ਤੇ ਗੋਲਡ ਕੋਸਟ ਸਿਟੀ ਕੌਂਸਲ ਵਲੋਂ ਇਸ ਖੇਡ ਮਹਾਕੁੰਭ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ 4 ਅਪ੍ਰੈਲ ਦੇ ਉਦਘਾਟਨੀ ਸਮਾਰੋਹ ਦੀ ਬਹੁਤ ਹੀ ਉਤਸ਼ਾਹ ਅਤੇ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। 2022 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਬਰਮਿੰਘਮ ਸ਼ਹਿਰ ਦੇ ਹਿੱਸੇ ਆਈ ਹੈ।
ਭਾਰਤ ਤਗਮਿਆਂ ਦਾ 500 ਦਾ ਅੰਕੜਾ ਕਰ ਸਕਦਾ ਹੈ ਪਾਰ—
ਭਾਰਤ ਆਸਟਰੇਲੀਆ ਦੇ ਗੋਲਡ ਕੋਸਟ 'ਚ ਅਗਲੇ ਮਹੀਨੇ ਸ਼ੁਰੂ ਹੋਣ ਵਾਲੀਆਂ 21ਵੀਆਂ ਰਾਸ਼ਟਰਮੰਡਲ ਖੇਡਾਂ 'ਚ ਕੁੱਲ 500 ਤਮਗਿਆਂ ਦਾ ਅੰਕੜਾ ਛੂਹ ਕੇ ਨਵਾਂ ਰਿਕਾਰਡ ਬਣਾ ਸਕਦਾ ਹੈ। ਚਾਰ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀਆਂ ਇਨ੍ਹਾਂ ਖੇਡਾਂ 'ਚ ਭਾਰਤ ਪੰਜ ਸੌ ਤਮਗਿਆਂ ਦਾ ਅੰਕੜਾ ਹਾਸਲ ਕਰ ਲੈਂਦਾ ਹੈ ਤਾਂ ਉਹ ਅਜਿਹਾ ਕਰਨ ਵਾਲਾ ਆਸਟਰੇਲੀਆ, ਇੰਗਲੈਂਡ, ਕੈਨੇਡਾ ਅਤੇ ਨਿਊਜ਼ੀਲੈਂਡ ਦੇ ਬਾਅਦ ਪੰਜਵਾਂ ਦੇਸ਼ ਬਣ ਜਾਵੇਗਾ। ਭਾਰਤ ਨੇ ਰਾਸ਼ਟਰਮੰਡਲ ਖੇਡਾਂ 'ਚ 16 ਵਾਰ ਹਿੱਸਾ ਲਿਆ ਹੈ ਅਤੇ ਅਜੇ ਤੱਕ 155 ਸੋਨ, 155 ਚਾਂਦੀ ਅਤੇ 128 ਕਾਂਸੀ ਤਮਗੇ ਸਮੇਤ 438 ਤਮਗੇ ਜਿੱਤੇ ਹਨ। ਭਾਰਤ ਨੂੰ 500 ਦਾ ਅੰਕੜਾ ਛੂਹਣ ਲਈ 62 ਤਮਗਿਆਂ ਦੀ ਜ਼ਰੂਰਤ ਹੈ।
ਪੰਜਵੀਂ ਵਾਰ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰ ਰਿਹੈ ਆਸਟਰੇਲੀਆ—
ਆਸਟਰੇਲੀਆ ਨੂੰ ਰਾਸ਼ਟਰਮੰਡਲ ਖੇਡਾਂ ਦੀ ਪੰਜਵੀਂ ਵਾਰ ਮੇਜ਼ਬਾਨੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਵਿਸ਼ਵ ਪੱਧਰੀ ਖੇਡ ਮਹਾਕੁੰਭ 'ਚ 71 ਰਾਸ਼ਟਰਮੰਡਲ ਦੇਸ਼ਾਂ ਦੇ 6600 ਖਿਡਾਰੀ ਆਪਣੇ ਖੇਡ ਦਲ ਨਾਲ ਹਿੱਸਾ ਲੈਣਗੇ। ਲਗਾਤਾਰ 11 ਦਿਨ ਤੱਕ ਚੱਲਣ ਵਾਲੇ ਇਸ ਖੇਡ ਮਹਾਕੁੰਭ 'ਚ ਖਿਡਾਰੀ 18 ਵੱਖ-ਵੱਖ ਖੇਡਾਂ ਦੇ ਮੁਕਾਬਲਿਆਂ 'ਚੋਂ ਗੁਜ਼ਰ ਕੇ ਖਿਤਾਬੀ ਤਮਗਿਆਂ ਦੀ ਦੌੜ 'ਚ ਸ਼ਾਮਲ ਹੋਣਗੇ । ਖੇਡਾਂ ਦੇ ਪ੍ਰਬੰਧਕਾਂ 'ਚ ਸ਼ਾਮਲ ਕਮਰ ਬੱਲ, ਸੰਨੀ ਅਰੋੜਾ, ਨਵੀ ਗਿੱਲ ਤੇ ਰਾਜ ਨਰੂਲਾ ਨੇ ਕਿਹਾ ਕਿ ਉਹ ਇਨ੍ਹਾਂ ਖੇਡਾਂ ਨੂੰ ਲੈ ਕੇ ਬਹੁਤ ਆਸਵੰਦ ਹਨ।
ਰਾਸ਼ਟਰਮੰਡਲ ਖੇਡਾਂ ਦਾ ਇਤਿਹਾਸ—
ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ 'ਤੇ ਝਾਤ ਮਾਰੀਏ ਤਾਂ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਪਹਿਲੀ ਵਾਰ 1930 'ਚ ਹੋਈ ਸੀ। ਉਸ ਸਮੇਂ ਇਹ ਖੇਡਾਂ 'ਬ੍ਰਿਟਿਸ਼ ਇੰਪਾਇਰ ਗੇਮਜ਼' ਦੇ ਨਾਂ ਨਾਲ ਜਾਣੀਆਂ ਜਾਂਦੀਆਂ ਸਨ ਪਰ ਬਾਅਦ 'ਚ ਰਾਸ਼ਟਰਮੰਡਲ ਖੇਡਾਂ ਦਾ ਨਾਮ ਦਿੱਤਾ ਗਿਆ। ਕਾਮਨਵੈਲਥ ਖੇਡ ਫੈਡਰੇਸ਼ਨ ਵੱਲੋਂ ਹਰ ਚਾਰ ਸਾਲ ਦੇ ਵਖਫੇ ਨਾਲ ਰਾਸ਼ਟਰਮੰਡਲ ਦੇਸ਼ਾਂ 'ਚੋਂ ਕਿਸੇ ਇਕ ਦੇਸ਼ 'ਚ ਇਹ ਖੇਡਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ।
ਭਾਰਤ ਲਈ ਪਹਿਲਾ ਤਮਗਾ ਰਸ਼ੀਦ ਅਨਵਰ ਨੇ ਜਿੱਤਿਆ ਸੀ । ਭਾਰਤ ਨੇ 1934 'ਚ ਲੰਦਨ ਵਿਖੇ ਆਯੋਜਿਤ ਹੋਈਆਂ ਰਾਸ਼ਟਰਮੰਡਲ ਖੇਡਾਂ 'ਚ ਭਾਗ ਲਿਆ ਸੀ ਤੇ ਰਸ਼ੀਦ ਅਨਵਰ ਨੇ ਪੁਰਸ਼ ਕੁਸ਼ਤੀ ਵਰਗ 74 ਕਿਲੋ ਗ੍ਰਾਮ 'ਚ ਪਹਿਲਾ ਕਾਂਸੀ ਦਾ ਤਮਗਾ ਜਿੱਤ ਕੇ ਭਾਰਤ ਦੇ ਨਾਂ ਕੀਤਾ ਸੀ। ਰਾਸ਼ਟਰਮੰਡਲ ਖੇਡਾਂ 2010 ਦਾ ਭਾਰਤ ਵਲੋਂ ਸਫਲਤਾਪੂਰਵਕ ਆਯੋਜਨ ਕੀਤਾ ਗਿਆ ਸੀ। 2018 ਗੋਲਡ ਕੋਸਟ ਰਾਸ਼ਰਟਮੰਡਲ ਖੇਡਾਂ 'ਚ ਭਾਰਤ ਦੇ ਸਵਾ ਦੋ ਸੌ ਦੇ ਕਰੀਬ ਖਿਡਾਰੀ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ।
4 ਅਪ੍ਰੈਲ ਨੂੰ ਹੋਵੇਗਾ ਖੇਡਾਂ ਦਾ ਆਗਾਜ਼—
4 ਅਪ੍ਰੈਲ ਨੂੰ ਰਾਸ਼ਟਰਮੰਡਲ ਦੇਸ਼ਾਂ ਦੇ ਖਿਡਾਰੀ ਸੋਹਣੀਆਂ ਰੰਗ-ਬਰੰਗੀਆਂ ਪੋਸ਼ਾਕਾਂ, ਸੱਭਿਆਚਾਰ ਰੰਗ, ਏਕਤਾ ਅਤੇ ਅਖੰਡਤਾ ਦੀ ਲੜੀ 'ਚ ਪਰੋਏ ਕਰਾਰਾ ਖੇਡ ਸਟੇਡੀਅਮ ਦੇ ਉਦਘਾਟਨੀ ਸਮਾਰੋਹ 'ਚ ਸ਼ਾਮਲ ਹੋਣਗੇ। ਉਦਘਾਟਨੀ ਸਮਾਰੋਹ ਦੌਰਾਨ ਪ੍ਰਿੰਸ ਚਾਰਲਸ ਤੇ ਕੈਮਿਲਾ ਪਾਰਕਰ ਹੋਣਗੇ। ਵਿਸ਼ੇਸ਼ ਮੁੱਖ ਮਹਿਮਾਨ ਇਨ੍ਹਾਂ ਖੇਡਾਂ ਦਾ ਮਨਮੋਹਣੀ ਆਤਸ਼ਬਾਜ਼ੀ, ਗੀਤ-ਸੰਗੀਤ ਤੇ ਲੱਖਾਂ ਖੇਡ ਪ੍ਰੇਮੀਆਂ ਦੀ ਹਾਜ਼ਰੀ 'ਚ ਬਹੁਤ ਹੀ ਜੋਸ਼ੋ-ਖਰੋਸ਼ ਨਾਲ ਰੰਗਾਂ-ਰੰਗ ਆਗਾਜ਼ ਹੋਣ ਜਾ ਰਿਹਾ ਹੈ। ਬਰਤਾਨਵੀ ਸ਼ਾਹੀ ਘਰਾਣੇ ਵਲੋਂ ਪ੍ਰਿੰਸ ਚਾਰਲਸ ਤੇ ਕੈਮਿਲਾ ਪਾਰਕਰ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਣਗੇ। ਆਸਟਰੇਲੀਆਈ ਫੌਜ, ਪੁਲਸ ਅਤੇ ਵੱਖ-ਵੱਖ ਸੁਰੱਖਿਆ ਏਜੰਸੀਆਂ ਵੱਲੋਂ ਜਲ, ਥਲ ਤੇ ਆਕਾਸ਼ 'ਚ ਅਤਿ-ਆਧੁਨਿਕ ਟੈਕਨਾਲੋਜੀ, ਹਥਿਆਰਾਂ ਤੇ ਡਰੋਨਜ਼ ਦੀ ਸਹਾਇਤਾ ਨਾਲ ਬਹੁਤ ਹੀ ਮੁਸ਼ਤੈਦੀ ਨਾਲ ਖੇਡ ਪਿੰਡ ਨੂੰ ਸੁਰੱਖਿਆ ਛੱਤਰੀ ਪ੍ਰਦਾਨ ਕੀਤੀ ਜਾ ਰਹੀ ਹੈ।

Most Read

  • Week

  • Month

  • All