ਪਾਕਿ ਨੇ ਨਹੀਂ ਚੁੱਕੇ ਅੱਤਵਾਦੀ ਸੰਗਠਨਾਂ ਖਿਲਾਫ ਕਦਮ : ਅਮਰੀਕਾ

ਵਾਸ਼ਿੰਗਟਨ — ਅਮਰੀਕਾ ਨੇ ਆਖਿਆ ਹੈ ਕਿ ਜੈਸ਼-ਏ-ਮੁਹੰਮਦ ਅਤੇ ਲਕਸ਼ਰ-ਏ-ਤੋਇਬਾ ਜਿਹੇ ਅੱਤਵਾਦੀ ਸੰਗਠਨ ਹੁਣ ਵੀ ਖੇਤਰੀ ਖਤਰਾ ਬਣੇ ਹੋਏ ਹਨ ਅਤੇ ਪਾਕਿਸਤਾਨ ਨੇ 2017 'ਚ ਅੱਤਵਾਦ 'ਤੇ ਅਮਰੀਕੀ ਚਿੰਤਾ ਦੇ ਹੱਲ ਲਈ ਸਹੀ ਕਦਮ ਨਹੀਂ ਚੁੱਕੇ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਸਾਲ 2017 ਲਈ ਅੱਤਵਾਦ 'ਤੇ ਆਪਣੀ ਸਾਲਾਨਾ ਰਿਪੋਰਟ 'ਚ ਕਿਹਾ ਹੈ ਕਿ ਉਂਝ ਤਾਂ ਅਫਗਾਨਿਸਤਾਨ ਅਤੇ ਪਾਕਿਸਤਾਨ 'ਚ ਅਲਕਾਇਦਾ ਕਾਫੀ ਕਮਜ਼ੋਰ ਹੋਇਆ

ਪਰ ਭਾਰਤੀ ਉਪ-ਮਹਾਦੀਪ 'ਚ ਉਸ ਦੇ ਖੇਤਰੀ ਸੰਗਠਨ ਦੂਰ ਸਥਿਤ ਥਾਂਵਾਂ 'ਤੇ ਆਪਣੀਆਂ ਗਤੀਵਿਧੀਆਂ ਚਲਾ ਰਹੇ ਹਨ। ਇਤਿਹਾਸਕ ਰੂਪ ਤੋਂ ਉਨ੍ਹਾਂ ਨੇ ਇਨ੍ਹਾਂ ਥਾਂਵਾਂ ਦਾ ਇਸਤੇਮਾਲ ਪਨਾਹਗਾਹ (ਪਨਾਹ) ਦੇ ਰੂਪ 'ਚ ਕੀਤਾ ਹੈ।
ਇਸ ਰਿਪੋਰਟ 'ਚ ਬੁੱਧਵਾਰ ਨੂੰ ਕਿਹਾ ਗਿਆ ਕਿ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਅਤੇ ਲਕਸ਼ਰ-ਏ-ਤੋਇਬਾ ਇਸ ਉਪ-ਮਹਾਦੀਪ 'ਚ ਹੁਣ ਵੀ ਖੇਤਰੀ ਖਤਰਾ ਬਣੇ ਹੋਏ ਹਨ। ਰਿਪੋਰਟ ਮੁਤਾਬਕ 2017 'ਚ ਅਗਸਤ ਤੋਂ ਦਸੰਬਰ ਤੱਕ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਲਈ ਨਵੇਂ ਵਿਦੇਸ਼ ਫੌਜੀ ਵਿੱਤ-ਪੋਸ਼ਣ ਦੇ ਫੰਡ 'ਤੇ ਰੋਕ ਲਾਈ ਰੱਖੀ ਹੈ ਤਾਂ ਜੋਂ ਪਾਕਿਸਤਾਨ ਆਪਣੇ ਇਥੇ ਪਨਾਹਗਾਹ ਦਾ ਫਾਇਦਾ ਚੁੱਕ ਰਹੇ ਹੱਕਾਨੀ ਨੈੱਟਵਰਕ ਅਤੇ ਹੋਰ ਅੱਤਵਾਦੀ ਸੰਗਠਨਾਂ ਸਮੇਤ ਵੱਖ-ਵੱਖ ਸਮੂਹਾਂ ਦੇ ਸਬੰਧ 'ਚ ਅਮਰੀਕੀ ਚਿੰਤਾ ਦਾ ਹੱਲ ਕਰੇ।
ਰਿਪੋਰਟ 'ਚ ਆਖਿਆ ਗਿਆ ਹੈ ਕਿ ਪਾਕਿਸਤਾਨ ਨੇ 2017 'ਚ ਇਨ੍ਹਾਂ ਚਿੰਤਾਵਾਂ ਦੇ ਹੱਲ ਲਈ ਸਖਤ ਕਦਮ ਨਹੀਂ ਚੁਕੇ ਗਏ। ਰਿਪੋਰਟ ਮੁਤਾਬਕ ਉਂਝ ਤਾਂ ਪਾਕਿਸਤਾਨ ਦੀ ਰਾਸ਼ਟਰੀ ਕਾਰਜ ਯੋਜਨਾ ਇਹ ਯਕੀਨਨ ਕਰਨ ਦਾ ਭਰੋਸਾ ਦਿਵਾਉਂਦੀ ਹੈ ਕਿ ਦੇਸ਼ 'ਚ ਕਿਸੇ ਵੀ ਆਰਮਡ ਮਿਲੀਸ਼ੀਆ ਦੀ ਇਜਾਜ਼ਤ ਨਹੀਂ ਹੈ ਪਰ ਦੇਸ਼ ਤੋਂ ਬਾਹਰ ਹਮਲਾ ਕਰਨ ਵਾਲੇ ਸੰਗਠਨ 2017 'ਚ ਵੀ ਪਾਕਿਸਤਾਨ ਦੀ ਸਰਜ਼ਮੀਨ ਤੋਂ ਆਪਣੀਆਂ ਗਤੀਵਿਧੀਆਂ ਚਲਾਉਂਦੇ ਰਹੇ। ਉਨ੍ਹਾਂ 'ਚ ਲਕਸ਼ਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਤੋਂ ਇਲਾਵਾ ਹੱਕਾਨੀ ਨੈੱਟਵਰਕ ਸ਼ਾਮਲ ਹੈ। ਲਕਸ਼ਰ ਅਤੇ ਜੈਸ਼ ਦੇ ਨਿਸ਼ਾਨੇ 'ਤੇ ਹਮੇਸ਼ਾ ਭਾਰਤ ਹੀ ਹੁੰਦਾ ਹੈ।
ਰਿਪੋਰਟ ਮੁਤਾਬਕ ਪਾਕਿਸਤਾਨੀ ਫੌਜ ਨੇ ਪਾਕਿਸਤਾਨ ਅੰਦਰ ਹਮਲਾ ਕਰਨ ਵਾਲੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਜਿਹੇ ਸੰਗਠਨਾਂ ਦੇ ਵਿਰੁਧ ਅਭਿਆਨ ਤਾਂ ਚਲਾਇਆ ਪਰ ਉਸ ਨੇ ਲਕਸ਼ਰ-ਏ-ਤੋਇਬਾ, ਜੈਸ਼-ਏ-ਮੁਹੰਮਦ ਜਿਹੇ ਸੰਗਠਨਾਂ, ਜਿਨ੍ਹਾਂ ਦਾ ਨਿਸ਼ਾਨਾ ਸਰਹੱਦ ਪਾਰ ਹੁੰਦਾ ਹੈ, ਖਿਲਾਫ ਸਖਤ ਕਾਰਵਾਈ ਨਹੀਂ ਕੀਤੀ।

Most Read

  • Week

  • Month

  • All