ਡਾਟਾ ਲੀਕ : ਫੇਸਬੁੱਕ ਨੇ ਹੁਣ ਇੰਗਲੈਂਡ ਦੀਆਂ ਅਖਬਾਰਾਂ 'ਚ ਮੰਗੀ ਮੁਆਫੀ

ਡਾਟਾ ਲੀਕ ਮਾਮਲੇ 'ਚ ਮੁਆਫੀ ਮੰਗ ਚੁੱਕੇ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਦੇ ਚੀਫ ਮਾਰਕ ਜ਼ੁਕਰਬਰਗ ਨੇ ਹੁਣ ਬ੍ਰਿਟੇਨ ਦੀਆਂ ਅਖਬਾਰਾਂ 'ਚ ਫੁਲ ਪੇਜ਼ ਦਾ ਮੁਆਫੀਨਾਮਾ ਪ੍ਰਕਾਸ਼ਿਤ ਕਰਾਇਆ ਹੈ। ਜ਼ਿਕਰਯੋਗ ਹੈ ਕਿ ਡਾਟਾ ਲੀਕ ਨੇ ਭਾਰਤ ਸਮੇਤ ਕਈ ਦੇਸ਼ਾਂ 'ਚ ਤਹਿਲਕਾ ਮਚਾ ਦਿੱਤਾ ਹੈ। ਅਖਬਾਰ ਦੇ ਪਿਛਲੇ ਪੰਨੇ 'ਤੇ ਪ੍ਰਕਾਸ਼ਿਤ ਮੁਆਫੀਨਾਮੇ 'ਚ ਉਨ੍ਹਾਂ ਨੇ ਕਿਹਾ, 'ਤੁਹਾਡੀ ਜਾਣਕਾਰੀ ਸੁਰੱਖਿਅਤ ਰੱਖਣਾ ਸਾਡੀ ਜ਼ਿੰਮੇਵਾਰੀ ਹੈ।

ਅਸੀਂ ਜੇਕਰ ਨਹੀਂ ਕਰ ਸਕਦੇ ਤਾਂ ਅਸੀਂ ਇਸ ਦੇ ਯੋਗ ਨਹੀਂ ਹਾਂ।'
ਜ਼ੁਕਰਬਰਗ ਨੇ ਅੱਗੇ ਕਿਹਾ ਕਿ ਇਕ ਯੂਨੀਵਰਸਿਟੀ ਦੇ ਖੋਜਕਾਰ ਵੱਲੋਂ ਕਵਿੱਜ਼ ਤਿਆਰ ਕੀਤੀ ਸੀ, ਜਿਸ ਨੇ 2014 'ਚ ਲੱਖਾਂ ਲੋਕਾਂ ਦੇ ਫੇਸਬੁੱਕ ਡਾਟਾ ਲੀਕ ਕੀਤਾ। ਉਨ੍ਹਾਂ ਨੇ ਅੱਗੇ ਕਿਹਾ, 'ਧੋਖਾ ਹੋਇਆ ਹੈ ਅਤੇ ਮੈਂ ਮੁਆਫੀ ਮੰਗਦਾ ਹਾਂ ਕਿ ਅਸੀਂ ਜ਼ਿਆਦਾ ਕੁਝ ਨਹੀਂ ਕੀਤਾ। ਅੱਗੇ ਅਜਿਹਾ ਕੁਝ ਨਾ ਹੋਵੇ, ਇਸ ਦੇ ਲਈ ਅਸੀਂ ਹੁਣ ਕਦਮ ਚੁੱਕੇ ਰਹੇ ਹਾਂ।' ਡਾਟਾ ਲੀਕ ਦੀਆਂ ਖਬਰਾਂ ਆਉਣ ਤੋਂ ਬਾਅਦ ਯੂਰਪ ਅਤੇ ਅਮਰੀਕਾ 'ਚ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ, ਜਿਸ ਨਾਲ ਫੇਸਬੁੱਕ ਦੇ ਸ਼ੇਅਰਾਂ 'ਚ ਗਿਰਾਵਟ ਦੇਖੀ ਗਈ।
ਜ਼ੁਕਰਬਰਗ ਨੇ ਫਿਰ ਕਿਹਾ ਕਿ ਫੇਸਬੁੱਕ ਨੇ ਆਪਣੇ ਨਿਯਮਾਂ ਨੂੰ ਬਦਲ ਦਿੱਤਾ ਹੈ ਤਾਂ ਜੋਂ ਦੁਬਾਰਾ ਡਾਟਾ ਚੋਰੀ ਨਾ ਹੋ ਪਾਵੇ। ਉਨ੍ਹਾਂ ਨੇ ਲਿੱਖਿਆ, 'ਅਸੀਂ ਹਰ ਐਪ ਦੀ ਜਾਂਚ ਕਰ ਰਹੇ ਹਾਂ ਕਿਉਂਕਿ ਇਨ੍ਹਾਂ ਕੋਲ ਵੱਡੀ ਮਾਤਰਾ 'ਚ ਡਾਟਾ ਤੱਕ ਪਹੁੰਚ ਹੈ। ਜਦੋਂ ਸਾਨੂੰ ਪਤਾ ਲੱਗ ਜਾਵੇਗਾ, ਅਸੀਂ ਉਨ੍ਹਾਂ ਨੂੰ ਬੈਨ ਕਰਾਂਗੇ ਅਤੇ ਹਰ ਪ੍ਰਭਾਵਿਤ ਵਿਅਕਤੀ ਨੂੰ ਦਸਾਂਗੇ।' ਹਾਲਾਂਕਿ ਮੁਆਫੀਨਾਮੇ 'ਚ ਡਾਟਾ ਲੀਕ ਕਰਨ ਵਾਲੀ ਬ੍ਰਿਟਿਸ਼ ਕੰਪਨੀ ਕੈਮਬ੍ਰਿਜ਼ ਐਨਾਲਿਟੀਕਾ ਦਾ ਜ਼ਿਕਰ ਨਹੀਂ ਹੈ ਜਿਸ ਨੇ 2016 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੈਂਪੇਨ 'ਚ ਮਦਦ ਕੀਤੀ ਸੀ। ਫੇਸਬੁੱਕ ਨੇ ਕੈਮਬ੍ਰਿਜ਼ ਯੂਨੀਵਰਸਿਟੀ ਦੇ ਖੋਜਕਾਰ ਐਲੇਕਜ਼ੇਂਡਰ ਕੋਗਨ ਨੂੰ ਡਾਟਾ ਲੀਕ ਲਈ ਦੋਸ਼ੀ ਠਹਿਰਾਇਆ ਹੈ। ਕੋਗਨ ਨੇ ਫੇਸਬੁੱਕ ਲਈ ਲਾਈਫਸਟਾਈਲ ਕਵਿੱਜ਼ ਐਪ ਤਿਆਰ ਕੀਤੀ ਸੀ। ਜਿਸ ਨੂੰ 2,70,000 ਲੋਕਾਂ ਨੇ ਡਾਊਨਲੋਡ ਕੀਤਾ ਸੀ, ਪਰ ਇਸ ਨੇ ਕਰੋੜਾਂ ਲੋਕਾਂ ਤੱਕ ਇਸ ਦੀ ਪਹੁੰਚ ਬਣਾ ਦਿੱਤੀ ਸੀ।

Most Read

  • Week

  • Month

  • All