ਰੂਸ ਪਾਬੰਦੀ 'ਤੇ ਅਮਰੀਕੀ ਨੀਤੀ ਵਿਚ ਕੋਈ ਬਦਲਾਅ ਨਹੀਂ : ਮਾਈਕ ਪੋਂਪੀਓ

ਵਾਸ਼ਿੰਗਟਨ (ਭਾਸ਼ਾ)- ਰੂਸ ਨੂੰ ਲੈ ਕੇ ਅਮਰੀਕਾ ਵਲੋਂ ਪਾਬੰਦੀ ਵਾਲੀਆਂ ਨੀਤੀਆਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਟਰੰਪ ਪੁਤਿਨ ਦੀ ਮੀਟਿੰਗ 'ਤੇ ਗੁੱਸੇ ਵਿਚ ਆਏ ਸੰਸਦ ਮੈਂਬਰਾਂ ਦੇ ਸਵਾਲਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਰੂਸ ਵਿਰੁੱਧ ਪਾਬੰਦੀ ਵਾਲੀਆਂ ਨੀਤੀਆਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।


ਵਿਦੇਸ਼ ਨੀਤੀਆਂ 'ਤੇ ਸੈਨੇਟ ਦੀ ਕਮੇਟੀ ਸਾਹਮਣੇ ਆਪਣੇ ਬਿਆਨ ਵਿਚ ਪੋਂਪੀਓ ਨੇ ਸੈਨੇਟਰਾਂ ਨੂੰ ਭਰੋਸਾ ਦਿੱਤਾ ਕਿ ਅਮਰੀਕਾ ਨੇ ਕ੍ਰੈਮਲਿਨ ਦੇ ਕ੍ਰੀਮੀਆ 'ਤੇ ਕਥਿਤ ਕਬਜ਼ੇ ਨੂੰ ਮਾਨਤਾ ਨਹੀਂ ਦਿੱਤੀ ਅਤੇ ਭਵਿੱਖ ਵਿਚ ਵੀ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਅਸੀਂ ਯੁਕ੍ਰੇਨ ਅਤੇ ਉਸ ਦੀ ਖੇਤਰੀ ਅਖੰਡਤਾ ਪ੍ਰਤੀ ਆਪਣੀ ਵਚਨਬੱਧਤਾ ਲਈ ਸਹਿਯੋਗੀਆਂ, ਭਾਈਵਾਲਾਂ ਅਤੇ ਕੌਮਾਂਤਰੀ ਭਾਈਚਾਰੇ ਨਾਲ ਹਾਂ। ਕ੍ਰੀਮੀਆ ਸਬੰਧੀ ਪਾਬੰਦੀਆਂ 'ਤੇ ਉਦੋਂ ਤੱਕ ਕੋਈ ਰਾਹਤ ਨਹੀਂ ਦਿੱਤੀ ਜਾਵੇਗੀ, ਜਦੋਂ ਤੱਕ ਰੂਸ ਕ੍ਰੀਮੀਆਈ ਪ੍ਰਾਇਦੀਪ ਦਾ ਕੰਟਰੋਲ ਯੁਕਰੇਨ ਨੂੰ ਵਾਪਸ ਨਹੀਂ ਕਰ ਦਿੰਦਾ। ਕ੍ਰੀਮੀਆ ਐਲਾਨ-ਪੱਤਰ ਅਮਰੀਕਾ ਦੀ ਮਾਨਤਾ ਨਾ ਦੇਣ ਦੀ ਨੀਤੀ ਨੂੰ ਦ੍ਰਿੜ ਬਣਾਉਂਦਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਫਿਨਲੈਂਡ ਦੇ ਹੇਲਸਿੰਕੀ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦਮਿਰ ਪੁਤਿਨ ਵਿਚਾਲੇ ਬੈਠਕ ਹੋਈ ਸੀ, ਜਿਸ ਨੂੰ ਲੈ ਕੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵਲੋਂ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ ਸਨ।

Most Read

  • Week

  • Month

  • All