21 ਦੀ ਹੋਈ ਮਲਾਲਾ, ਬ੍ਰਾਜ਼ੀਲ 'ਚ ਇੰਝ ਮਨਾਇਆ ਜਨਮਦਿਨ

ਬ੍ਰਾਸੀਲੀਆ (ਬਿਊਰੋ)— ਮਲਾਲਾ ਯੂਸਫਜ਼ਈ 21 ਸਾਲ ਦੀ ਹੋ ਚੁੱਕੀ ਹੈ। ਮਲਾਲਾ ਨੇ ਆਪਣਾ 21ਵਾਂ ਜਨਮਦਿਨ ਬ੍ਰਾਜ਼ੀਲ ਵਿਚ ਸਮੁੰਦਰ ਤੱਟ 'ਤੇ ਮਨਾਇਆ। ਸਾਲ 2012 ਵਿਚ ਗੋਲੀ ਲੱਗਣ ਦੇ ਬਾਅਦ ਮੀਡੀਆ ਲਗਾਤਾਰ ਮਲਾਲਾ ਦੇ ਬਾਰੇ ਵਿਚ ਸਾਰੀ ਜਾਣਕਾਰੀ ਦਿੰਦਾ ਰਿਹਾ ਹੈ। ਉਸ ਸਮੇਂ ਮਲਾਲਾ ਸਿਰਫ 14 ਸਾਲ ਦੀ ਸੀ, ਜਦੋਂ ਲੜਕੀਆਂ ਲਈ ਸਿੱਖਿਆ ਦੀ ਵਕਾਲਤ ਕਰਨ ਦੇ ਕਾਰਨ ਕੁਝ ਅੱਤਵਾਦੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਸੀ।
11 ਸਾਲ ਦੀ ਉਮਰ ਵਿਚ ਹੀ ਮਲਾਲਾ ਨੇ ਲੜਕੀਆਂ ਦੀ ਪੜ੍ਹਾਈ ਲਈ ਬੋਲਣਾ ਸ਼ੁਰੂ ਕਰ ਦਿੱਤਾ ਸੀ। ਜਿਸ ਕਾਰਨ ਅੱਤਵਾਦੀਆਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਪਰ ਚੰਗੀ ਕਿਸਮਤ ਨਾਲ ਉਹ ਬਚ ਗਈ। 17 ਸਾਲ ਦੀ ਉਮਰ ਵਿਚ ਮਲਾਲਾ ਨੂੰ ਨੋਬਲ ਪੁਰਸਕਾਰ ਮਿਲਿਆ। ਇਸ ਤੋਂ ਪਹਿਲਾਂ ਕਦੇ ਵੀ ਇੰਨੀ ਛੋਟੀ ਉਮਰ ਦੇ ਕਿਸੇ ਸ਼ਖਸ ਨੂੰ ਨੋਬਲ ਪੁਰਸਕਾਰ ਨਹੀਂ ਦਿੱਤਾ ਗਿਆ ਸੀ। ਅੱਜ ਮਲਾਲਾ ਨੂੰ ਪੂਰੀ ਦੁਨੀਆ ਦੇ ਲੋਕ ਜਾਣਦੇ ਹਨ। ਉਹ ਅੱਜ ਵੀ  ਔਰਤਾਂ ਦੀ ਸੁਰੱਖਿਆ ਅਤੇ ਸਿੱਖਿਆ ਦੀ ਵਕਾਲਤ ਕਰਦੀ ਹੈ।


12 ਜੁਲਾਈ ਨੂੰ 21 ਸਾਲ ਦੀ ਹੋਣ ਵਾਲੀ ਮਲਾਲਾ ਨੇ ਆਪਣਾ ਪੂਰਾ ਦਿਨ ਬ੍ਰਾਜ਼ੀਲ ਵਿਚ ਬਿਤਾਇਆ। ਆਪਣੇ ਜਨਮਦਿਨ ਦੇ ਮੌਕੇ ਮਲਾਲਾ ਨੇ ਕਿਹਾ ਕਿ ਸਾਰੀਆਂ ਲੜਕੀਆਂ ਨੂੰ ਚੰਗੀ ਅਤੇ ਸੁਰੱਖਿਅਤ ਸਿੱਖਿਆ ਮਿਲ ਸਕੇ, ਇਹੀ ਉਸ ਦੇ ਜਨਮਦਿਨ ਦਾ ਸਭ ਤੋਂ ਵੱਡਾ ਤੋਹਫਾ ਹੋਵੇਗਾ। ਮਲਾਲਾ ਨੇ ਟਵੀਟ ਕੀਤਾ,''ਅੱਜ ਮੈਂ 21 ਸਾਲ ਦੀ ਹੋ ਗਈ ਹਾਂ। ਮੈਂ ਅੱਜ ਦਾ ਆਪਣਾ ਸਮਾਂ ਇਸ ਖੂਬਸੂਰਤ ਸ਼ਹਿਰ ਵਿਚ ਇਨ੍ਹਾਂ ਲੜਕੀਆਂ ਨਾਲ ਬਿਤਾਇਆ।'' ਮਲਾਲਾ ਨੇ ਦੱਸਿਆ,''ਮੈਂ ਇੱਥੇ ਇਸ ਲਈ ਆਈ ਹਾਂ ਤਾਂ ਜੋ ਜਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਇਹ ਲੜਕੀਆਂ ਕਰ ਰਹੀਆਂ ਹਨ, ਉਨ੍ਹਾਂ ਨੂੰ ਮੈਂ ਦੁਨੀਆ ਦੇ ਸਾਹਮਣੇ ਲਿਆ ਸਕਾਂ।'' ਉਨ੍ਹਾਂ ਨੇ ਅੱਗੇ ਕਿਹਾ,''ਬ੍ਰਾਜ਼ੀਲ ਵਿਚ ਕਰੀਬ 15 ਲੱਖ ਲੜਕੀਆਂ ਹਨ ਜਿਹੜੀਆਂ ਸਕੂਲ ਨਹੀਂ ਜਾਂਦੀਆਂ। ਜਦੋਂ ਗੱਲ ਅਫਰੀਕੀ-ਬ੍ਰਾਜ਼ੀਲੀਅਨ ਜਾਂ ਉੱਥੋਂ ਦੇ ਮੂਲ ਨਿਵਾਸੀਆਂ ਦੀ ਆਉਂਦੀ ਹੈ ਤਾਂ ਇਹ ਅਸਮਾਨਤਾ ਹੋਰ ਵੀ ਵੱਧ ਜਾਂਦੀ ਹੈ। ਇਸ ਲਈ ਇਸ ਮਾਮਲੇ ਵਿਚ ਕੁਝ ਕੀਤੇ ਜਾਣ ਦੀ ਲੋੜ ਹੈ। ਮੈਂ ਇੱਥੇ ਇਸੇ ਲਈ ਆਈ ਹਾਂ ਤਾਂ ਜੋ ਆਵਾਜ਼ ਚੁੱਕ ਸਕਾਂ।''
ਬੀਤੇ ਸਾਲ ਮਲਾਲਾ ਨੇ ਆਪਣਾ ਜਨਮਦਿਨ ਇਰਾਕ ਵਿਚ ਵਿਸਥਾਪਿਤ ਲੋਕਾਂ ਵਿਚ ਮਨਾਇਆ ਸੀ। ਮਲਾਲਾ ਨੇ ਆਪਣੀ ਵੈਬਸਾਈਟ 'ਤੇ ਲਿਖਿਆ,''ਮੈਂ ਹਰ ਸਾਲ ਲਗਾਤਾਰ ਸੰਘਰਸ਼ ਕਰ ਰਹੀਆਂ ਲੜਕੀਆਂ ਨਾਲ ਮਿਲਦੀ ਹਾਂ ਤਾਂਕਿ ਮੈਂ ਉਨ੍ਹਾਂ ਨਾਲ ਖੜ੍ਹੀ ਹੋ ਸਕਾਂ ਅਤੇ ਦੁਨੀਆ ਉਨ੍ਹਾਂ ਦੀ ਕਹਾਣੀ ਜਾਣ ਸਕੇ।''

Most Read

  • Week

  • Month

  • All