ਸ਼ਾਹੀ ਵਿਆਹ 'ਚ ਸ਼ਰੀਕ ਨਹੀਂ ਹੋਣਗੇ ਲਾੜੀ ਮੇਗਨ ਦੇ ਪਿਤਾ

ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਦੇ ਵਿਆਹ ਨੂੰ ਲੈ ਕੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀਆਂ ਹਨ। ਦੋਹਾਂ ਦੇ ਵਿਆਹ ਨੂੰ ਬਸ ਦੋ ਹੀ ਦਿਨ ਬਚੇ ਹਨ। ਵਿਆਹ 19 ਮਈ ਨੂੰ ਹੋਣਾ ਹੈ ਅਤੇ ਪੂਰੀ ਦੁਨੀਆ ਵਿਚ ਇਸ ਵਿਆਹ ਨੂੰ ਲੈ ਕੇ ਚਰਚਾ ਦਾ ਬਾਜ਼ਾਰ ਗਰਮ ਹੈ। ਕਈ ਲੋਕ ਇਸ ਸ਼ਾਹੀ ਵਿਆਹ 'ਚ ਸ਼ਾਮਲ ਹੋਣਗੇ ਪਰ ਵੱਡੀ ਗੱਲ ਇਹ ਹੈ ਕਿ ਲਾੜੀ ਮੇਗਨ

ਦੇ ਪਿਤਾ ਥਾਮਸ ਇਸ ਵਿਆਹ ਵਿਚ ਸ਼ਾਮਲ ਨਹੀਂ ਹੋ ਸਕਣਗੇ। ਮੀਡੀਆ 'ਚ ਆਈਆਂ ਖਬਰਾਂ ਮੁਤਾਬਕ ਪਿਤਾ ਥਾਮਸ ਨੂੰ ਕੁਝ ਦਿਨ ਪਹਿਲਾਂ ਹੀ ਦਿਲ ਦਾ ਦੌਰਾ ਪਿਆ ਹੈ। ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਘਰ ਲਿਆਂਦਾ ਗਿਆ ਸੀ ਪਰ ਸੋਮਵਾਰ ਨੂੰ ਉਨ੍ਹਾਂ ਦੇ ਸੀਨੇ 'ਚ ਫਿਰ ਦਰਦ ਸ਼ੁਰੂ ਹੋਇਆ। ਇਸ ਕਾਰਨ ਉਨ੍ਹਾਂ ਨੂੰ ਮੁੜ ਹਸਪਤਾਲ ਵਿਚ ਭਰਤੀ ਕਰਾਉਣਾ ਪਿਆ। ਬੀਮਾਰ ਹੋਣ ਕਾਰਨ ਉਹ ਆਪਣੀ ਧੀ ਦੇ ਵਿਆਹ 'ਚ ਸ਼ਰੀਕ ਹੋਣ ਦੀ ਸਥਿਤੀ ਵਿਚ ਨਹੀਂ ਹਨ।
ਇਹ ਇਕ ਪਿਤਾ ਲਈ ਬੇਹੱਦ ਭਾਵੁਕ ਪਲ ਹੋਵੇਗਾ ਕਿ ਉਹ ਆਪਣੀ ਧੀ ਦੇ ਵਿਆਹ 'ਚ ਸ਼ਰੀਕ ਨਹੀਂ ਹੋਣਗੇ। ਇਸ ਮਾਮਲੇ ਬਾਰੇ ਸ਼ਾਹੀ ਪਰਿਵਾਰ ਦੇ ਕੇਸਿੰਗਟਨ ਪੈਲਸ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਇਹ ਬਹੁਤ ਹੀ ਮੁਸ਼ਕਲ ਅਤੇ ਭਾਵੁਕ ਕਰ ਦੇਣ ਵਾਲੀ ਘੜੀ ਹੈ। ਥਾਮਸ ਲਈ ਇਹ ਬੇਹੱਦ ਭਾਵੁਕ ਪਲ ਹੋਣਗੇ ਕਿ ਉਨ੍ਹਾਂ ਦੇ ਬਿਨਾਂ ਧੀ ਮੇਗਨ ਦਾ ਵਿਆਹ ਹੋਵੇਗਾ। ਓਧਰ ਪ੍ਰਿੰਸ ਹੈਰੀ ਅਤੇ ਮੇਗਨ ਨੇ ਵੀ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਪਿਤਾ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਦੇ ਨਾ ਆਉਣ ਦੇ ਫੈਸਲੇ ਦਾ ਸਨਮਾਨ ਕੀਤਾ ਜਾਵੇ।

Most Read

  • Week

  • Month

  • All