ਹੁਸ਼ਿਆਰਪੁਰ ਦਾ ਗੁਰਸਿੱਖ ਨੌਜਵਾਨ ਆਸਟਰੇਲੀਆ ਦੀ ਸਿਆਸਤ 'ਚ ਝੰਡੇ ਗੱਡਣ ਲਈ ਤਿਆਰ

ਆਸਟਰੇਲੀਆ ਦੀ ਸਿਆਸਤ 'ਚ ਪੰਜਾਬੀ ਵੀ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਇੱਥੋਂ ਦੇ ਸੂਬੇ ਵਿਕਟੋਰੀਆ 'ਚ ਚੋਣਾਂ ਹੋਣ ਵਾਲੀਆਂ ਹਨ ਅਤੇ ਇੱਥੋਂ ਦੀ ਤੀਜੀ ਵੱਡੀ ਸਿਆਸੀ ਪਾਰਟੀ ਗਰੀਨਜ਼ ਨੇ ਨਵੰਬਰ ਵਿੱਚ ਹੋਣ ਵਾਲੀਆਂ ਵਿਕਟੋਰੀਆ ਸੂਬੇ ਦੀਆਂ ਚੋਣਾਂ ਲਈ ਗੁਰਸਿੱਖ ਨੌਜਵਾਨ ਹਰਕੀਰਤ ਸਿੰਘ ਨੂੰ ਪੱਛਮੀ ਹਲਕੇ ਮੈਲਟਨ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।

ਇਹ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਵਿਦੇਸ਼ੀ ਧਰਤੀ 'ਤੇ ਉਹ ਪੰਜਾਬ ਦਾ ਰੌਸ਼ਨ ਕਰਨ ਜਾ ਰਹੇ ਹਨ।

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਅਜਨੋਹਾ ਨਾਲ ਸਬੰਧਤ ਹਰਕੀਰਤ ਸਿੰਘ ਪੜ੍ਹਾਈ ਲਈ 2006 ਵਿੱਚ ਆਸਟਰੇਲੀਆ ਆਏ ਸਨ, ਜਿਸ ਮਗਰੋਂ ਸਮਾਜਿਕ-ਭਾਈਚਾਰਕ ਕਾਰਜਾਂ ਵਿੱਚ ਲਗਾਤਾਰ ਸਰਗਰਮ ਹਨ। ਗਰੀਨਜ਼ ਪਾਰਟੀ ਵਲੋਂ ਜਾਰੀ ਮੀਡੀਆ ਰਿਲੀਜ਼ ਰਾਹੀਂ ਕਿਹਾ ਗਿਆ ਹੈ ਕਿ ਹਰਕੀਰਤ ਸਿੰਘ ਮਨੁੱਖੀ ਹੱਕਾਂ ਅਤੇ ਭਾਈਚਾਰੇ ਦੀਆਂ ਸਮੱਸਿਆਵਾਂ ਲਈ ਅਵਾਜ਼ ਬੁਲੰਦ ਕਰਨ ਵਾਲੇ ਉੱਘੇ ਬੁਲਾਰੇ ਹਨ। ਉਨ੍ਹਾਂ ਨੇ ਭਾਈਚਾਰੇ ਵਿੱਚ ਆਪਣੀਆਂ ਸੇਵਾਵਾਂ ਨਾਲ ਪਹਿਚਾਣ ਬਣਾਈ ਹੈ। ਹਰਕੀਰਤ ਸਿੰਘ ਅਤੇ ਮੈਲਟਨ ਦੇ ਬਹੁ- ਸੱਭਿਆਚਾਰਕ ਭਾਈਚਾਰੇ ਦੀ ਸਾਂਝ ਅਤੇ ਤਰੱਕੀ ਲਈ ਤਤਪਰ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਮੈਲਬੌਰਨ ਦੇ ਪੱਛਮੀ ਖੇਤਰ 'ਚ ਰੇਲ ਅਤੇ ਬੱਸ ਸੇਵਾਵਾਂ, ਸਿਹਤ ਅਤੇ ਬਹੁ ਸੱਭਿਆਚਾਰਕ ਭਾਈਚਾਰੇ ਦੀਆਂ ਸੇਵਾਵਾਂ ਵਿੱਚ ਵਾਧਾ ਉਨ੍ਹਾਂ ਦੇ ਚੋਣਾਂ ਵਿੱਚ ਨਿਤਰਣ ਲਈ ਮੁੱਖ ਮੁੱਦੇ ਹਨ।
ਪਾਰਟੀ ਦੀ ਵਿਕਟੋਰੀਅਨ ਪ੍ਰਧਾਨ ਸਮੈਂਥਾ ਰਤਨਮ ਨੇ ਕਿਹਾ ਹੈ ਕਿ ਹਰਕੀਰਤ ਸਿੰਘ ਨੇ ਸਿੱਖ ਖੂਨਦਾਨ ਮੁਹਿੰਮ ਅਤੇ ਹੋਰ ਸੇਵਾਵਾਂ ਰਾਹੀਂ ਭਾਈਚਾਰੇ ਦੀ ਭਲਾਈ ਲਈ ਕਦਮ ਚੁੱਕੇ ਹਨ ਅਤੇ ਉਹ ਲੋਕ ਭਲਾਈ ਦੇ ਕੰਮਾਂ ਵਿੱਚ ਅੱਗੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਹਰਕੀਰਤ ਸਿੰਘ ਇਸੇ ਤਰ੍ਹਾਂ ਆਸਟਰੇਲੀਆਈ ਭਾਈਚਾਰੇ ਦੀ ਤਰੱਕੀ ਲਈ ਯੋਗਦਾਨ ਪਾਉਣਗੇ। ਇਸ ਮੌਕੇ ਹਰਕੀਰਤ ਸਿੰਘ ਨੇ ਕਿਹਾ,''ਮੈਨੂੰ ਮਾਣ ਹੈ ਕਿ ਮੈਂ ਆਪਣੇ ਪਰਿਵਾਰ ਸਮੇਤ ਮੈਲਟਨ ਵਿੱਚ ਰਹਿੰਦਾ ਹਾਂ ਅਤੇ ਮੈਲਬੋਰਨ ਦੇ ਪੱਛਮੀ ਖੇਤਰ ਵਿੱਚ ਵੱਸਦੇ ਹਰ ਇਨਸਾਨ ਦੀ ਭਲਾਈ ਲਈ ਇੱਕ ਬੁਲੰਦ ਆਵਾਜ਼ ਬਣਾਂਗਾ, ਜਿਸ ਦੀ ਕਿ ਭਾਈਚਾਰੇ ਨੂੰ ਸਖਤ ਲੋੜ ਹੈ।''
ਉਨ੍ਹਾਂ ਕਿਹਾ ਕਿ ਮੈਲਟਨ ਵਿੱਚ ਵਧੀਆ ਸਿਹਤ ਸੇਵਾਵਾਂ, ਆਵਾਜਾਈ ਦੇ ਸਾਧਨਾਂ ਅਤੇ ਸਾਰੇ ਭਾਈਚਾਰਿਆਂ ਦੀ ਭਲਾਈ ਲਈ ਉਹ ਆਵਾਜ਼ ਬੁਲੰਦ ਕਰਨਗੇ। ਉਨ੍ਹਾਂ ਮੁਤਾਬਕ ਗਰੀਨਜ਼ ਪਾਰਟੀ ਦੀਆਂ ਨੀਤੀਆਂ ਪ੍ਰਵਾਸੀਆਂ ਦੇ ਹੱਕ ਵਿੱਚ ਹਨ ਅਤੇ ਖਾਸ ਕਰਕੇ ਪਰਿਵਾਰਾਂ ਦੀ ਭਲਾਈ ਲਈ ਗਰੀਨਜ਼ ਪਾਰਟੀ ਉਪਰਾਲੇ ਕਰਦੀ ਰਹਿੰਦੀ ਹੈ।
ਜ਼ਿਕਰਯੋਗ ਹੈ ਕਿ ਇਹ ਹਲਕਾ 1992 ਤੋਂ ਚੋਣ ਨਕਸ਼ੇ ਉੱਤੇ ਆਇਆ ਹੈ ਤੇ ਪਿਛਲੇ 26 ਸਾਲਾਂ ਤੋਂ ਇਹ ਸੀਟ ਲੇਬਰ ਪਾਰਟੀ ਦੀ ਝੋਲੀ ਪੈਂਦੀ ਆਈ ਹੈ। ਕਰੀਬ 41000 ਵੋਟਰਾਂ ਵਾਲੇ ਮੈਲਟਨ ਹਲਕੇ ਵਿੱਚ ਪਿਛਲੇ ਦਹਾਕੇ ਦੌਰਾਨ ਪ੍ਰਵਾਸੀਆਂ ਦੀ ਗਿਣਤੀ ਕਾਫ਼ੀ ਵਧੀ ਹੈ, ਖ਼ਾਸ ਕਰਕੇ ਪੰਜਾਬੀ ਮੂਲ ਦੇ ਪਰਿਵਾਰਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਸ ਮੁਹਿੰਮ ਵਿੱਚ ਉਨ੍ਹਾਂ ਨੂੰ ਸਮੂਹ ਭਾਈਚਾਰੇ ਦੇ ਸਾਥ ਦੀ ਭਰਪੂਰ ਲੋੜ ਪਵੇਗੀ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਸਮੂਹ ਭਾਈਚਾਰਾ ਉਨ੍ਹਾਂ ਦੇ ਹੱਕ ਵਿੱਚ ਨਿੱਤਰੇਗਾ।

Most Read

  • Week

  • Month

  • All