IPL 2018 : ਮੁੰਬਈ ਨੂੰ ਡੈੱਥ ਓਵਰਾਂ ਤੋਂ 'ਬਚਣਾ' ਪਵੇਗਾ

ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਸਟਾਰ ਖਿਡਾਰੀਆਂ ਨਾਲ ਸਜੀ ਮੁੰਬਈ ਇੰਡੀਅਨਜ਼ ਆਈ. ਪੀ. ਐੱਲ.-11 'ਚ ਲਗਾਤਾਰ ਜਿੱਤ ਦੇ ਨੇੜੇ ਆ ਕੇ ਡੈੱਥ ਓਵਰਾਂ 'ਚ ਲੜਖੜਾਹਟ ਕਾਰਨ ਮੈਚ ਗੁਆ ਰਹੀ ਹੈ ਅਤੇ ਮੰਗਲਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਵਿਰੁੱਧ ਆਪਣੇ ਘਰੇਲੂ ਮੈਚ 'ਚ ਉਸ ਨੂੰ ਇਨ੍ਹਾਂ ਗਲਤੀਆਂ ਦਾ ਹੱਲ ਲੱਭਣਾ ਪਵੇਗਾ।


2 ਵਾਰ ਦੀ ਚੈਂਪੀਅਨ ਮੁੰਬਈ ਨੇ ਹੁਣ ਤਕ 5 ਮੈਚਾਂ 'ਚੋਂ ਇਕ ਹੀ ਜਿੱਤਿਆ ਹੈ ਅਤੇ ਉਹ ਸਿਰਫ 2 ਅੰਕ ਲੈ ਕੇ 8 ਟੀਮਾਂ 'ਚ ਸੱਤਵੇਂ ਨੰਬਰ 'ਤੇ ਖਿਸਕ ਗਈ ਹੈ। ਪਿਛਲੇ ਮੈਚ 'ਚ ਮੁੰਬਈ ਨੂੰ ਰਾਜਸਥਾਨ ਰਾਇਲਜ਼ ਹੱਥੋਂ 3 ਵਿਕਟਾਂ ਨਾਲ ਹਾਰ ਝੱਲਣੀ ਪਈ ਸੀ। ਉਥੇ ਹੀ ਹੈਦਰਾਬਾਦ ਦੀ ਟੀਮ ਵੀ ਉਤਰਾਅ-ਚੜ੍ਹਾਅ 'ਚੋਂ ਲੰਘ ਰਹੀ ਹੈ। ਉਸ ਨੂੰ ਵੀ ਪਿਛਲੇ ਮੈਚ 'ਚ ਸਖਤ ਸੰਘਰਸ਼ ਦੇ ਬਾਵਜੂਦ ਚੇਨਈ ਸੁਪਰ ਕਿੰਗਜ਼ ਹੱਥੋਂ 4 ਦੌੜਾਂ ਨਾਲ ਨੇੜਲੀ ਹਾਰ ਮਿਲੀ ਸੀ। ਉਹ ਫਿਲਹਾਲ ਅੰਕ ਸੂਚੀ 'ਚ ਪੰਜ ਮੈਚਾਂ 'ਚੋਂ 3 ਜਿੱਤਾਂ ਤੇ 2 ਹਾਰ ਤੋਂ ਬਾਅਦ 6 ਅੰਕਾਂ ਨਾਲ ਚੌਥੇ ਨੰਬਰ 'ਤੇ ਹੈ।
ਟੂਰਨਾਮੈਂਟ 'ਚ ਮੁੰਬਈ ਨੇ ਆਪਣੇ ਘਰੇਲੂ ਮੈਦਾਨ 'ਤੇ ਚੇਨਈ ਤੋਂ ਓਪਨਿੰਗ ਮੈਚ ਇਕ ਵਿਕਟ ਨਾਲ ਹਾਰਿਆ ਸੀ। ਉਸ ਤੋਂ ਬਾਅਦ ਉਸ ਨੇ ਹੈਦਰਾਬਾਦ ਤੋਂ ਹੈਦਰਾਬਾਦ 'ਚ ਮੈਚ ਆਖਰੀ ਗੇਂਦ 'ਤੇ ਇਕ ਵਿਕਟ ਨਾਲ ਗੁਆਇਆ। ਮੁੰਬਈ ਨੂੰ ਦਿੱਲੀ ਤੋਂ ਵੀ ਆਖਰੀ ਗੇਂਦ 'ਤੇ 7 ਵਿਕਟਾਂ ਨਾਲ ਹਾਰ ਝੱਲਣੀ ਪਈ। ਮੁੰਬਈ ਨੂੰ ਰਾਜਸਥਾਨ ਵਿਰੁੱਧ ਆਪਣਾ ਪਿਛਲਾ ਮੈਚ 2 ਗੇਂਦਾਂ ਬਾਕੀ ਰਹਿੰਦਿਆਂ 3 ਵਿਕਟਾਂ ਨਾਲ ਗੁਆਉਣਾ ਪਿਆ।
ਮੁੰਬਈ ਦੇ ਕਪਤਾਨ ਰੋਹਿਤ ਨੇ ਮੰਨਿਆ ਹੈ ਕਿ ਟੀਮ ਨੂੰ ਡੈੱਥ ਓਵਰਾਂ ਵਿਚ ਲੜਖੜਾਉਣ ਦੀ ਆਦਤ ਤੋਂ ਉੱਭਰਨਾ ਪਵੇਗਾ। ਰੋਹਿਤ ਦਾ ਕਹਿਣਾ ਹੈ ਕਿ ਜਿਹੜੇ ਮੈਚ ਜਿੱਤੇ ਜਾ ਸਕਦੇ ਸਨ, ਉਹ ਟੀਮ ਨੇ ਆਖਰੀ ਓਵਰ 'ਚ ਗੁਆ ਦਿੱਤੇ।
ਮੁੰਬਈ ਨੇ ਰਾਜਸਥਾਨ ਵਿਰੁੱਧ ਪਿਛਲੇ ਮੈਚ 'ਚ ਖਰਾਬ ਬੱਲੇਬਾਜ਼ੀ ਕੀਤੀ ਤੇ ਫਿਰ ਉਸ ਦੇ ਗੇਂਦਬਾਜ਼ ਵੀ ਕਾਫੀ ਮਹਿੰਗੇ ਰਹੇ। ਮੁੰਬਈ ਦੇ ਤਿੰਨ ਬੱਲੇਬਾਜ਼ਾਂ ਸੂਰਯ ਕੁਮਾਰ ਯਾਦਵ 72 ਦੌੜਾਂ, ਇਸ਼ਾਨ ਕਿਸ਼ਨ 58 ਦੌੜਾਂ ਤੇ ਕੀਰੋਨ ਪੋਲਾਰਡ ਅਜੇਤੂ 21 ਦੌੜਾਂ ਦੀਆਂ ਪਾਰੀਆਂ ਤੋਂ ਇਲਾਵਾ ਹੋਰ ਕੋਈ ਖਿਡਾਰੀ ਦਹਾਈ ਦੇ ਅੰਕੜੇ ਤਕ ਵੀ ਨਹੀਂ ਪਹੁੰਚ ਸਕਿਆ।
ਲਗਾਤਾਰਤਾ ਦੀ ਘਾਟ 'ਚ ਰੋਹਿਤ ਨੇ ਮੱਧਕ੍ਰਮ 'ਚ ਖੁਦ ਨੂੰ ਉਤਾਰਿਆ ਅਤੇ ਉਹ ਡਿਗਦੀਆਂ ਵਿਕਟਾਂ ਵਿਚਾਲੇ ਆਪਣੀ ਜ਼ਿੰਮੇਵਾਰੀ ਨਹੀਂ ਸੰਭਾਲ ਸਕਿਆ ਤੇ ਜ਼ੀਰੋ 'ਤੇ ਆਊਟ ਹੋਇਆ। ਰੋਹਿਤ ਨੇ ਹੁਣ ਤਕ 5 ਮੈਚਾਂ 'ਚ ਸਿਰਫ ਇਕ ਅਰਧ ਸੈਂਕੜਾ ਬਣਾਇਆ ਹੈ, ਬਾਕੀ ਚਾਰ ਪਾਰੀਆਂ 'ਚ ਉਸ ਦੇ 15, 11, 18 ਤੇ ਜ਼ੀਰੋ ਸਕੋਰ ਰਹੇ ਹਨ, ਜਿਹੜੇ ਇਕ ਕਪਤਾਨ ਦੇ ਲਿਹਾਜ਼ ਨਾਲ ਕਦੇ ਆਦਰਸ਼ ਨਹੀਂ ਕਹੇ ਜਾ ਸਕਦੇ। ਰੋਹਿਤ ਨੂੰ ਆਪਣੇ ਪ੍ਰਦਰਸ਼ਨ 'ਚ ਲਗਾਤਾਰਤਾ ਲਿਆਉਣੀ ਪਵੇਗੀ ਤਾਂ ਹੀ ਉਹ ਸਾਰੇ ਖਿਡਾਰੀਆਂ ਨੂੰ ਉਤਸ਼ਾਹਿਤ ਕਰ ਸਕੇਗਾ।
ਦੂਜੇ ਪਾਸੇ ਹੈਦਰਾਬਾਦ ਨੇ ਪਿਛਲਾ ਮੈਚ ਚੇਨਈ ਤੋਂ ਕਾਫੀ ਕਰੀਬ ਤੋਂ 4 ਦੌੜਾਂ ਨਾਲ ਹਾਰਿਆ ਸੀ। ਕੇਨ ਵਿਲੀਅਮਸਨ ਦੀ ਕਪਤਾਨੀ ਵਾਲੀ ਟੀਮ ਪਟੜੀ 'ਤੇ ਪਰਤਣ ਲਈ ਮੁੰਬਈ ਵਿਰੁੱਧ ਪੂਰਾ ਜ਼ੋਰ ਲਾਏਗੀ, ਜਿਹੜੀ ਫਿਲਹਾਲ ਖਰਾਬ ਦੌਰ 'ਚੋਂ ਲੰਘ ਰਹੀ ਹੈ ਅਤੇ ਸਿਰਫ ਇਕ ਹੀ ਮੈਚ ਜਿੱਤ ਸਕੀ ਹੈ। ਚੇਨਈ ਵਿਰੁੱਧ ਇਕ ਸਮੇਂ 71 ਦੌੜਾਂ 'ਤੇ 4 ਵਿਕਟਾਂ ਗੁਆਉਣ ਤੋਂ ਬਾਅਦ ਕਪਤਾਨ ਕੇਨ ਦੀ 84 ਦੌੜਾਂ ਦੀ ਪਾਰੀ ਨੇ ਇਕ ਸਮੇਂ ਮੈਚ ਦਾ ਪਾਸਾ ਪਲਟ ਕੇ ਰੱਖ ਦਿੱਤਾ ਸੀ।
ਸਟਾਰ ਖਿਡਾਰੀ ਸ਼ਿਖਰ ਧਵਨ ਦੀ ਸੱਟ ਤੇ ਉਸ ਦੇ ਖੇਡਣ 'ਤੇ ਬਣੇ ਸ਼ੱਕ ਵਿਚਾਲੇ ਵਿਲੀਅਮਸਨ 'ਤੇ ਵਾਧੂ ਦੌੜਾਂ ਬਣਾਉਣ ਦੀ ਜ਼ਿੰਮੇਵਾਰੀ ਵੀ ਆ ਗਈ ਹੈ। ਟੀਮ ਕੋਲ ਦੀਪਕ ਹੁੱਡਾ, ਮਨੀਸ਼ ਪਾਂਡੇ, ਧਮਾਕੇਦਾਰ ਬੱਲੇਬਾਜ਼ ਯੂਸਫ ਪਠਾਨ ਵਰਗੇ ਚੰਗੇ ਸਕੋਰਰ ਹਨ।

Most Read

  • Week

  • Month

  • All