ਈਡਨ ਗਾਰਡਨ 'ਚ ਵੀ ਗੇਲ ਦੇ ਤੂਫਾਨ ਦਾ ਇੰਤਜ਼ਾਰ

ਆਈ. ਪੀ. ਐੱਲ. ਦੀ ਦੋ ਵਾਰ ਦੀ ਚੈਂਪੀਅਨ ਟੀਮ ਕੋਲਕਾਤਾ ਨਾਈਟ ਰਾਈਡਰਜ਼ ਭਾਵੇਂ ਹੀ ਅੰਕ ਸੂਚੀ 'ਚ ਚੋਟੀ 'ਤੇ ਹੋਵੇ ਪਰ ਸ਼ਨੀਵਾਰ ਉਸ ਨੂੰ ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਆਪਣੇ ਅਗਲੇ ਘਰੇਲੂ ਮੈਚ 'ਚ ਕੈਰੇਬੀਆਈ ਖਿਡਾਰੀ ਕ੍ਰਿਸ ਗੇਲ ਦੇ ਤੂਫਾਨ ਤੋਂ ਚੌਕਸ ਰਹਿਣਾ ਪਵੇਗਾ।


ਸਨਰਾਈਜ਼ਰਸ ਹੈਦਰਾਬਾਦ ਵਿਰੁੱਧ ਮੈਚ 'ਚ ਕਿੰਗਜ਼ ਇਲੈਵਨ ਪੰਜਾਬ ਲਈ ਗੇਲ ਦੀ 63 ਗੇਂਦਾਂ 'ਤੇ 1 ਚੌਕੇ ਤੇ 11 ਛੱਕਿਆਂ ਨਾਲ ਸਜੀ 104 ਦੌੜਾਂ ਦੀ ਪਾਰੀ ਤੋਂ ਬਾਅਦ ਇਤਿਹਾਸਕ ਈਡਨ ਗਾਰਡਨ ਮੈਦਾਨ 'ਤੇ ਵੀ ਪੰਜਾਬ ਨੂੰ ਉਸ ਤੋਂ ਇਸੇ ਪ੍ਰਦਰਸ਼ਨ ਦੀ ਉਮੀਦ ਰਹੇਗੀ। ਪੰਜਾਬ ਨੇ ਮੋਹਾਲੀ ਦੇ ਆਪਣੇ ਘਰੇਲੂ ਮੈਦਾਨ 'ਤੇ ਪਿਛਲਾ ਮੈਚ 15 ਦੌੜਾਂ ਨਾਲ ਜਿੱਤਿਆ ਸੀ ਪਰ ਉਸ ਨੇ ਅਗਲਾ ਮੈਚ ਕੋਲਕਾਤਾ ਦੇ ਘਰੇਲੂ ਮੈਦਾਨ 'ਤੇ ਖੇਡਣਾ ਹੈ, ਜਿਥੇ ਜਿੱਤਣਾ ਚੁਣੌਤੀਪੂਰਨ ਹੋਵੇਗਾ।
ਹਾਲਾਂਕਿ ਗੇਲ ਦੀ ਮੌਜੂਦਾ ਫਾਰਮ ਤੇ ਪਿਛਲੇ ਪ੍ਰਦਰਸ਼ਨ ਨੇ ਘਰੇਲੂ ਟੀਮ ਕੋਲਕਾਤਾ ਲਈ ਚਿੰਤਾ ਜ਼ਰੂਰ ਵਧਾ ਦਿੱਤੀ ਹੈ, ਜਿਸ ਨੇ ਆਪਣੇ ਪਿਛਲੇ ਮੈਚ ਵਿਚ ਇਸੇ ਮੈਦਾਨ 'ਤੇ ਦਿੱਲੀ ਡੇਅਰਡੇਵਿਲਜ਼ ਵਿਰੁੱਧ ਇਕਤਰਫਾ ਮੈਚ 'ਚ 71 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਸ਼ਾਹਰੁਖ ਖਾਨ ਦੇ ਮਾਲਕਾਨਾ ਹੱਕ ਵਾਲੀ ਕੇ. ਕੇ. ਆਰ. ਆਪਣੇ 5 ਮੈਚਾਂ 'ਚੋਂ 3 ਜਿੱਤ ਤੇ 2 ਹਾਰ ਤੋਂ ਬਾਅਦ ਅੰਕ ਸੂਚੀ 'ਚ ਚੋਟੀ 'ਤੇ ਹੈ, ਜਦਕਿ ਅਭਿਨੇਤਰੀ ਪ੍ਰਿਟੀ ਜ਼ਿੰਟਾ ਦੀ ਪੰਜਾਬ ਵੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਤੇ ਉਸ ਨੇ 4 ਮੈਚਾਂ 'ਚੋਂ 3 ਜਿੱਤੇ ਹਨ ਤੇ ਤੀਜੇ ਨੰਬਰ 'ਤੇ ਹੈ।
ਆਰ. ਅਸ਼ਵਿਨ ਦੀ ਕਪਤਾਨੀ 'ਚ ਇਸ ਵਾਰ ਪੰਜਾਬ ਚੰਗੀ ਲੈਅ 'ਚ ਹੈ ਪਰ ਉਹ ਵੀ ਉਨ੍ਹਾਂ ਟੀਮਾਂ 'ਚੋਂ ਹੈ, ਜਿਹੜੀਆਂ ਚੰਗੀ ਸ਼ੁਰੂਆਤ ਤੋਂ ਬਾਅਦ ਫਿਸਲ ਜਾਂਦੀਆਂ ਹਨ। ਅਜਿਹੀ ਹਾਲਤ 'ਚ ਵਿਰੋਧੀ ਟੀਮ ਦੇ ਮੈਦਾਨ 'ਤੇ ਵੀ ਉਸ ਨੂੰ ਚੰਗੀ ਖੇਡ ਦਾ ਪ੍ਰਦਰਸ਼ਨ ਕਰਨਾ ਪਵੇਗਾ। ਬੱਲੇਬਾਜ਼ ਲੋਕੇਸ਼ ਰਾਹੁਲ, ਮਯੰਕ ਅਗਰਵਾਲ, ਕਰੁਣ ਨਾਇਰ, ਆਰੋਨ ਫਿੰਚ ਤੇ ਯੁਵਰਾਜ ਸਿੰਘ ਵਰਗੇ ਚੰਗੇ ਬੱਲੇਬਾਜ਼ ਟੀਮ ਕੋਲ ਹਨ, ਜਦਕਿ ਗੇਂਦਬਾਜ਼ਾਂ 'ਚ ਕਪਤਾਨ ਤੇ ਆਫ ਸਪਿਨਰ ਅਸ਼ਵਿਨ, ਤੇਜ਼ ਗੇਂਦਬਾਜ਼ ਮੋਹਿਤ ਸ਼ਰਮਾ ਤੇ ਆਦਿੱਤਿਆ ਤਾਰੇ ਉਸ ਦੇ ਵਧੀਆ ਖਿਡਾਰੀ ਹਨ।
ਹੈਦਰਾਬਾਦ ਵਿਰੁੱਧ ਆਪਣੇ ਪ੍ਰਦਰਸ਼ਨ ਨਾਲ ਗੇਲ 'ਤੇ ਨਿਸ਼ਚਿਤ ਹੀ ਈਡਨ ਗਾਰਡਨ 'ਚ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ। ਗੇਲ ਨੇ ਇਸ ਦੇ ਨਾਲ ਆਈ. ਪੀ. ਐੱਲ. ਵਿਚ ਆਪਣਾ ਛੇਵਾਂ ਸੈਂਕੜਾ ਵੀ ਪੂਰਾ ਕਰ ਲਿਆ। ਚਮਤਕਾਰੀ ਪ੍ਰਦਰਸ਼ਨ ਲਈ ਮਸ਼ਹੂਰ ਗੇਲ ਲੰਬੇ ਸਮੇਂ ਬਾਅਦ ਬੈਂਗਲੁਰੂ ਦੀ ਬਜਾਏ ਨਵੀਂ ਟੀਮ ਪੰਜਾਬ ਲਈ ਖੇਡ ਰਿਹਾ ਹੈ ਤੇ ਉਸ 'ਤੇ ਵੀ ਖੁਦ ਨੂੰ ਸਾਬਤ ਕਰਨ ਦੀ ਚੁਣੌਤੀ ਹੈ। ਉਸ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸ਼ਨੀਵਾਰ ਦੇ ਮੈਚ ਲਈ ਟਿਕਟਾਂ ਦੀ ਮੰਗ ਕਾਫੀ ਵਧ ਗਈ ਹੈ।

Most Read

  • Week

  • Month

  • All