ਮਣਿਕਾ-ਮੌਮਾ ਨੂੰ ਚਾਂਦੀ, ਸ਼ਰਤ-ਸਾਥੀਆਨ ਫਾਈਨਲ 'ਚ

ਭਾਰਤ ਨੂੰ ਟੀਮ ਮੁਕਾਬਲੇ ਦਾ ਸੋਨ ਤਮਗਾ ਦਿਵਾਉਣ ਵਾਲੀ ਸਟਾਰ ਖਿਡਾਰਨ ਮਣਿਕਾ ਬੱਤਰਾ ਨੂੰ ਮੌਮਾ ਦਾਸ ਦੇ ਨਾਲ ਰਾਸ਼ਟਰਮੰਡਲ ਖੇਡਾਂ 2018 'ਚ ਟੇਬਲ ਟੈਨਿਸ ਦੀ ਮਹਿਲਾ ਡਬਲਜ਼ ਮੁਕਾਬਲੇ ਦੇ ਫਾਈਨਲ 'ਚ ਸ਼ੁੱਕਰਾਵਰ ਨੂੰ ਹਾਰ ਕੇ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ ਜਦਕਿ ਅਚੰਤਾ ਸ਼ਰਤ ਕਮਲ ਅਤੇ ਜੀ. ਸਾਥੀਆਨ ਪੁਰਸ਼ ਡਬਲਜ਼ ਦੇ ਫਾਈਨਲ 'ਚ ਪਹੁੰਚ ਗਏ। ਭਾਰਤ ਨੂੰ ਮਹਿਲਾ ਡਬਲਜ਼ 'ਚ ਚਾਂਦੀ ਦਾ ਤਮਗਾ ਮਿਲਿਆ।ਭਾਰਤ ਦੀ ਸੁਤੀਰਥਾ ਮੁਖਰਜੀ ਅਤੇ ਪੂਜਾ ਸਹਸਤਰਬੁੱਧੇ ਇਸ ਤੋਂ ਪਹਿਲਾਂ ਕਾਂਸੀ ਤਮਗੇ ਮੁਕਾਬਲੇ 'ਚ ਹਾਰ ਗਈਆਂ। ਮਣਿਕਾ ਅਤੇ ਮੌਸਾ ਨੇ ਸੈਮੀਫਾਈਨਲ 'ਚ ਮਲੇਸ਼ੀਆ ਦੀ ਕੀ ਹੋ ਯਿੰਗ ਅਤੇ ਲਾਈਨ ਕੈਰੇਨ ਨੂੰ 3-0 ਨਾਲ ਹਰਾਇਆ ਪਰ ਫਾਈਨਲ 'ਚ ਭਾਰਤੀ ਜੋੜੀ ਨੂੰ ਸਿੰਗਾਪੁਰ ਦੀ ਤਿਆਨਵੇਈ ਫੇਨ ਅਤੇ ਮੇਂਗਯੂ ਯੂ ਤੋਂ 5-11, 4-11, 5-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਣਿਕਾ ਅਤੇ ਮੌਸਾ ਨੂੰ ਚਾਂਦੀ ਦਾ ਤਮਗਾ ਮਿਲਿਆ ਜੋ ਇਨ੍ਹਾਂ ਖੇਡਾਂ 'ਚ ਇਨ੍ਹਾਂ ਦੋਹਾਂ ਦਾ ਦੂਜਾ ਤਮਗਾ ਹੈ। ਮਣਿਕਾ ਹੁਣ ਸ਼ਨੀਵਾਰ ਨੂੰ ਸਿੰਗਲ ਸੈਮੀਫਾਈਨਲ 'ਚ ਸਿੰਗਾਪੁਰ ਦੀ ਤਿਆਵੇਈ ਫੇਂਗ ਨਾਲ ਭਿੜੇਗੀ।

ਸਿੰਗਲ ਮੁਕਾਬਲਿਆਂ 'ਚ ਅਚੰਤਾ ਸ਼ਰਤ ਕਮਲ ਨੇ ਇੰਗਲੈਂਡ ਦੇ ਪਿਚਫੋਰਡ ਨੂੰ 4-2 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ। ਸੈਮੀਫਾਈਨਲ 'ਚ ਸ਼ਰਤ ਨਾਈਜੀਰੀਆ ਦੇ ਕਾਦਰੀ ਅਰੁਣਾ ਨਾਲ ਭਿੜਨਗੇ ਜਿਨ੍ਹਾਂ ਨੇ ਕੁਆਰਟਰਫਾਈਨਲ 'ਚ ਭਾਰਤ ਦੇ ਹਰਮੀਤ ਦੇਸਾਈ ਨੂੰ 4-0 ਨਾਲ ਹਰਾਇਆ। ਜੀ. ਸਾਥੀਆਨ ਨੂੰ ਕੁਆਰਟਰਫਾਈਨਲ 'ਚ ਇੰਗਲੈਂਡ ਦੇ ਸੈਮੁਅਇਲ ਵਾਕਰ ਤੋਂ 0-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਅਚੰਤ ਸ਼ਰਤ ਕਮਲ ਅਤੇ ਜੀ. ਸਾਥੀਆਨ ਨੇ ਸੈਮੀਫਾਈਨਲ 'ਚ ਸਿੰਗਾਪੁਰ ਦੇ ਪਾਂਗ ਕਿਓਨ ਅਤੇ ਪੋ ਐਥਨ ਨੂੰ 3-1 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾ ਲਈ। ਭਾਰਤੀ ਜੋੜੀ ਨੇ ਇਹ ਮੁਕਾਬਲਾ 7-11, 11-5, 11-1, 11-3 ਨਾਲ ਜਿੱਤਿਆ। ਸੋਨ ਤਮਗੇ ਲਈ ਸ਼ਰਤ-ਸਾਥੀਆਨ ਦਾ ਮੁਕਾਬਲਾ ਇੰਗਲੈਂਡ ਦੀ ਜੋੜੀ ਡ੍ਰਿੰਕਹਾਲ ਪਾਲ ਅਤੇ ਪਿਚਫੋਰਡ ਲਿਆਮ ਨਾਲ ਸ਼ਨੀਵਾਰ ਨੂੰ ਹੋਵੇਗਾ। ਹਰਮੀਤ ਦੇਸਾਈ ਅਤੇ ਸਨਿਲ ਸ਼ੇਟੀ ਨੂੰ ਸੈਮੀਫਾਈਨਲ 'ਚ ਇੰਗਲੈਂਡ ਦੀ ਜੋੜੀ ਡ੍ਰਿੰਕਹਾਲ ਪਾਲ ਅਤੇ ਪਿਚਫੋਰਡ ਲਿਆਮ ਤੋਂ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਬਾਅਦ ਹੁਣ ਭਾਰਤੀ ਜੋੜੀ ਕਾਂਸੀ ਤਮਗੇ ਲਈ ਸਿੰਗਾਪੁਰ ਦੀ ਜੋੜੀ ਨਾਲ ਭਿੜੇਗੀ।

ਅਚੰਤ ਪੁਰਸ਼ ਡਬਲਜ਼ ਦੇ ਫਾਈਨਲ 'ਚ ਪਹੁੰਚਣ ਦੇ ਇਲਾਵਾ ਮੌਮਾ ਦਾਸ ਦੇ ਨਾਲ ਮਿਕਸਡ ਡਬਲਜ਼ ਦੇ ਸੈਮੀਫਾਈਨਲ 'ਚ ਵੀ ਪਹੁੰਚ ਗਏ ਹਨ ਜਿੱਥੇ ਉਨ੍ਹਾਂ ਦਾ ਸਾਹਮਣਾ ਸਿੰਗਾਪੁਰ ਦੀ ਜੋੜੀ ਗਾਓ ਨਿੰਗ ਅਤੇ ਯੂ ਮੇਂਗਯੂ ਨਾਲ ਹੋਵੇਗਾ। ਸਨਿਲ ਅਤੇ ਮਧੁਰਿਕਾ ਪਾਟਕਰ ਨੂੰ ਮਿਕਸਡ ਡਬਲਜ਼ ਦੇ ਕੁਆਰਟਰਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਜੀ ਸਾਥੀਆਨ ਅਤੇ ਮਣਿਕਾ ਨੇ ਮਿਕਸਡ ਡਬਲਜ਼ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ ਜਿੱਥੇ ਉਨ੍ਹਾਂ ਦਾ ਸਾਹਮਣਾ ਇੰਗਲੈਂਡ ਦੇ ਪਿਚਫੋਰਡ ਲਿਆਮ ਅਤੇ ਹੋ ਟਿਨ ਟਿਨ ਨਾਲ ਹੋਵੇਗਾ।


Most Read

  • Week

  • Month

  • All