ਗੋਪਾਲ ਸਵੀਟਸ ਦੇ ਸਾਬਕਾ ਕਰਮਚਾਰੀ ਨੇ ਹੋਰ ਦੋ ਸਾਥੀਆਂ ਨਾਲ ਮਿਲ ਕੇ ਕੀਤੀ ਸੀ ਲੁੱਟ

ਸੈਕਟਰ-8 ਸਥਿਤ ਗੋਪਾਲ ਸਵੀਟਸ ਦੇ ਮਾਲਕ ਸ਼ਰਨਜੀਤ ਤੋਂ 6. 25 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਵਿਚ ਪੁਲਸ ਨੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਵਿਚ ਖੁਲਾਸਾ ਕਰਦਿਆਂ ਪੁਲਸ ਨੇ ਦੱਸਿਆ ਕਿ ਯੋਜਨਾ ਤਹਿਤ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੋਪਾਲ ਸਵੀਟਸ ਦੇ ਸਾਬਕਾ ਕਰਮਚਾਰੀ ਕੈਂਬਾਲਾ ਨਿਵਾਸੀ ਨਿਤਿਸ਼ ਸਿੰਘ ਤੇ ਉਥੇ ਹੀ ਰਹਿਣ ਵਾਲੇ ਉਸ ਦੇ ਸਾਥੀ ਦੀਪਕ

ਤੇ ਜਨਕ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 4.43 ਲੱਖ ਰੁਪਏ ਵੀ ਬਰਾਮਦ ਕਰ ਲਏ ਹਨ।
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨਿਤਿਸ਼ ਸਿੰਘ ਜਨਵਰੀ ਵਿਚ ਇਥੋਂ ਗਾਰਡ ਦੀ ਨੌਕਰੀ ਛੱਡ ਗਿਆ ਸੀ। ਉਸ ਨੇ ਇਥੇ 8 ਮਹੀਨੇ ਨੌਕਰੀ ਕੀਤੀ ਸੀ, ਉਸ ਨੂੰ ਇਥੋਂ ਕੈਸ਼ ਲਿਜਾਣ ਤੇ ਲਿਆਉਣ ਦੀ ਪੂਰੀ ਜਾਣਕਾਰੀ ਸੀ। ਇਸੇ ਦਾ ਫਾਇਦਾ ਚੁੱਕ ਕੇ ਉਸ ਨੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ। ਪੁਲਸ ਨੇ ਤਿੰਨਾਂ ਮੁਲਜ਼ਮਾਂ ਨੂੰ ਜ਼ਿਲਾ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਸਾਰਿਆਂ ਨੂੰ 3-3 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਪੁਲਸ ਰਿਮਾਂਡ ਵਿਚ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਬਾਕੀ ਰਕਮ ਬਾਰੇ ਜਾਣਕਾਰੀ ਹਾਸਲ ਕਰੇਗੀ।
ਐੱਸ. ਐੱਸ. ਪੀ. ਨਿਲਾਂਬਰੀ ਜਗਦਲੇ ਨੇ ਦੱਸਿਆ ਕਿ ਗੋਪਾਲ ਸਵੀਟਸ ਤੇ ਆਸ-ਪਾਸ ਦੇ ਘਰਾਂ ਵਿਚ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਵਾਰਦਾਤ ਸਮੇਂ ਦੀ ਤੇ ਕੁਝ ਦਿਨ ਪਹਿਲਾਂ ਦੀ ਫੁਟੇਜ ਜਾਂਚੀ, ਜਿਸ ਵਿਚ ਪਤਾ ਲੱਗਾ ਕਿ ਜਿਹੜੇ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਕੈਸ਼ ਲੈ ਕੇ ਫਰਾਰ ਹੋ ਰਹੇ ਹਨ, ਉਹੀ ਮੁਲਜ਼ਮ ਵਾਰਦਾਤ ਤੋਂ ਤਿੰਨ ਦਿਨ ਪਹਿਲਾਂ ਇਥੇ ਰੇਕੀ ਕਰਦੇ ਨਜ਼ਰ ਆਏ। ਜਾਂਚ ਵਿਚ ਪਤਾ ਲੱਗਾ ਹੈ ਕਿ ਇਨ੍ਹਾਂ ਵਿਚੋਂ ਇਕ ਨੌਜਵਾਨ ਪਿਛਲੇ ਸਾਲ ਦੁਕਾਨ 'ਤੇ ਕੰਮ ਕਰਦਾ ਸੀ ਤੇ ਜਨਵਰੀ ਵਿਚ ਉਸ ਨੇ ਨੌਕਰੀ ਛੱਡੀ ਸੀ। ਇਸ ਆਧਾਰ 'ਤੇ ਪੁਲਸ ਨੇ ਮੁੱਖ ਮੁਲਜ਼ਮ ਨਿਤਿਸ਼ ਦੀ ਪਛਾਣ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਤੇ ਬਾਅਦ ਵਿਚ ਉਸ ਦੀ ਨਿਸ਼ਾਨਦੇਹੀ 'ਤੇ ਉਸ ਦੇ ਹੋਰ ਦੋ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ।
ਪੁਲਸ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਲੁੱਟੀ ਗਈ ਰਕਮ ਵਿਚੋਂ 4.43 ਲੱਖ ਰੁਪਏ ਬਰਾਮਦ ਕਰ ਲਏ ਹਨ। ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਜਨਕ ਸਿੰਘ ਸੀ. ਸੀ. ਟੀ. ਵੀ. ਕੈਮਰੇ ਇੰਸਟਾਲ ਕਰਨ ਦਾ ਕੰਮ ਕਰਦਾ ਹੈ ਤੇ ਦੀਪਕ ਰੋਜ਼ ਗਾਰਡਨ ਵਿਚ ਪਾਰਕਿੰਗ ਅਟੈਂਡੈਂਟ ਹੈ। ਉਥੇ ਹੀ ਵਾਰਦਾਤ ਵਿਚ ਵਰਤੀ ਗਈ ਐਕਟਿਵਾ ਦੀਪਕ ਦੀ ਮਾਂ ਦੇ ਨਾਂ ਰਜਿਸਟਰ ਹੈ। ਐਕਟਿਵਾ ਪੁਲਸ ਨੇ ਕਬਜ਼ੇ ਵਿਚ ਲੈ ਲਈ ਹੈ।

Most Read

  • Week

  • Month

  • All