ਪੁਲਸ ਅਧਿਕਾਰੀਆਂ ਦੇ ਨਸ਼ਾ ਸਮੱਗਲਰਾਂ ਨਾਲ ਸਬੰਧਾਂ ਦੇ ਦੋਸ਼ ਗੰਭੀਰ, ਜਾਂਚ ਹੋਣੀ ਚਾਹੀਦੀ ਹੈ : ਖਹਿਰਾ

ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਉੱਚ ਅਧਿਕਾਰੀਆਂ ਦੀ ਆਪਸੀ ਖਿੱਚੋਤਾਣ ਦੇ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਲਾਇਆ ਹੈ। ਉਨ੍ਹਾਂ ਕਿਹਾ ਹੈ ਕਿ ਡਰੱਗ ਮਾਫੀਆ ਨਾਲ ਡੂੰਘੇ ਸਬੰਧਾਂ ਦਾ ਖੁਲਾਸਾ ਹੋਣ ਦੇ ਬਾਵਜੂਦ ਬਿਕਰਮ ਸਿੰਘ ਮਜੀਠੀਆ, ਡੀ. ਜੀ. ਪੀ. ਸੁਰੇਸ਼ ਅਰੋੜਾ ਤੇ ਡੀ. ਜੀ. ਪੀ. ਦਿਨਕਰ ਗੁਪਤਾ ਖਿਲਾਫ਼ ਕਾਰਵਾਈ ਕਰਨ ਵਿਚ ਕੈਪਟਨ

ਅਮਰਿੰਦਰ ਸਿੰਘ ਦਾ ਅਸਫ਼ਲ ਰਹਿਣਾ ਕਾਫ਼ੀ ਹੈਰਾਨੀਜਨਕ ਹੈ, ਉਸ ਤੋਂ ਵੀ ਵੱਧ ਅਜੀਬ ਇਸ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਵਲੋਂ ਉਠਾਇਆ ਗਿਆ ਕਦਮ ਹੈ, ਜਿਸ ਵਿਚ 'ਵ੍ਹਿਸਲ ਬਲੋਅਰ' ਐੱਸ. ਚਟੋਪਾਧਿਆਏ ਖਿਲਾਫ਼ 'ਅਨੁਸ਼ਾਸਨਹੀਣਤਾ' ਦਾ ਹਥਿਆਰ ਇਸਤੇਮਾਲ ਕਰ ਕੇ ਉਨ੍ਹਾਂ ਨੂੰ ਚੁੱਪ ਕਰਵਾਉਣ ਦਾ ਯਤਨ ਕੀਤਾ ਗਿਆ ਹੈ। ਖਹਿਰਾ ਨੇ ਕਿਹਾ ਕਿ ਇਕ ਡੀ. ਜੀ. ਪੀ. ਪੱਧਰ ਦੇ ਅਧਿਕਾਰੀ ਵਲੋਂ ਆਪਣੀ ਹੀ ਪੁਲਸ ਵਲੋਂ ਇੰਦਰਪ੍ਰੀਤ ਚੱਢਾ ਖੁਦਕੁਸ਼ੀ ਮਾਮਲੇ ਵਿਚ ਝੂਠਾ ਫਸਾਏ ਜਾਣ ਤੋਂ ਬਚਣ ਲਈ ਹਾਈਕੋਰਟ ਤੱਕ ਪਹੁੰਚ ਕੀਤੇ ਜਾਣ ਨੂੰ ਕਿਸੇ ਤਰ੍ਹਾਂ ਵੀ ਅਨੁਸ਼ਾਸਨਹੀਣਤਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਇਨਸਾਫ਼ ਲਈ ਬਣਾਈ ਗਈ ਇਕ ਸੰਵਿਧਾਨਿਕ ਸੰਸਥਾ ਹੈ।
ਖਹਿਰਾ ਨੇ ਕਿਹਾ ਕਿ ਡਰੱਗ ਮਾਫੀਆ ਨਾਲ ਅਰੋੜਾ, ਗੁਪਤਾ ਤੇ ਐੱਸ. ਐੱਸ. ਪੀ. ਰਾਜਜੀਤ ਸਿੰਘ ਹੁੰਦਲ ਦੇ ਸਬੰਧਾਂ ਦੀ ਰਿਪੋਰਟ ਡੀ. ਜੀ. ਪੀ. ਚਟੋਪਾਧਿਆਏ ਵਲੋਂ ਹਾਈਕੋਰਟ ਨੂੰ ਦਿੱਤੀ ਜਾਣੀ, ਉਨ੍ਹਾਂ ਦਾ ਕਾਨੂੰਨੀ ਅਧਿਕਾਰ ਹੈ। ਚਟੋਪਾਧਿਆਏ ਨੂੰ 'ਦਾਗ਼ੀ ਇੰਸਪੈਕਟਰ' ਇੰਦਰਪ੍ਰੀਤ ਸਿੰਘ ਦੇ ਮਾਮਲੇ ਵਿਚ ਐੱਸ. ਐੱਸ. ਪੀ. ਰਾਜਜੀਤ ਸਿੰਘ ਹੁੰਦਲ ਦੇ ਲਿੰਕ ਦੀ ਜਾਂਚ ਕਰਨ ਲਈ ਹਾਈਕੋਰਟ ਨੇ ਹੀ ਨਿਯੁਕਤ ਕੀਤਾ ਹੈ।

Most Read

  • Week

  • Month

  • All