'ਫੇਸਬੁੱਕ' 'ਤੇ ਪੋਸਟ ਪਾਉਣੀ ਕੈਪਟਨ ਨੂੰ ਪਈ ਮਹਿੰਗੀ, ਬੁਰੇ ਫਸੇ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਫੇਸਬੁੱਕ ਪੇਜ਼ 'ਤੇ ਵਿਧਾਨ ਸਭਾ ਦੀ ਕਾਰਵਾਈ ਸਬੰਧੀ ਭਾਸ਼ਣ ਦੀ ਇਕ ਕਲਿੱਪ ਪੋਸਟ ਕਰਨੀ ਮਹਿੰਗੀ ਪੈ ਗਈ ਹੈ ਕਿਉਂਕਿ ਇਸ ਸਬੰਧੀ 'ਆਪ' ਦੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਕੈਪਟਨ ਨੂੰ ਘੇਰ ਲਿਆ ਹੈ। ਸੁਖਪਾਲ ਖਹਿਰਾ ਨੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਮਾਮਲੇ 'ਚ ਕੈਪਟਨ ਨੂੰ ਸਦਨ ਦੇ ਵਿਸ਼ੇਸ਼

ਅਧਿਕਾਰਾਂ ਦੀ ਉਲੰਘਣਾ ਕਰਨ ਬਦਲੇ ਨੋਟਿਸ ਜਾਰੀ ਕੀਤਾ ਜਾਵੇ। ਖਹਿਰਾ ਨੇ ਇਸ ਪੱਤਰ 'ਚ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਾਲੀਆ ਬਜਟ ਸੈਸ਼ਨ 'ਚ ਦਿੱਤੇ ਆਪਣੇ ਭਾਸ਼ਣ ਦੇ ਦੋ ਮੁੱਖ ਕਲਿੱਪ ਫੇਸਬੁੱਕ 'ਤੇ ਪਾਏ ਹਨ। ਉਨ੍ਹਾਂ ਦੱਸਿਆ ਕਿ ਇਹ ਕਲਿੱਪ 27 ਮਾਰਚ, 2018 ਨੂੰ ਰਾਜਪਾਲ ਦੇ ਸੰਬੋਧਨ 'ਤੇ ਹੋਈ ਬਹਿਸ ਨੂੰ ਮੁਕੰਮਲ ਕਰਨ ਸਮੇਂ ਦਿੱਤੇ ਗਏ ਭਾਸ਼ਣ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਸਾਰੇ ਮੈਂਬਰ ਭਲੀਭਾਂਤ ਜਾਣਦੇ ਹਨ ਕਿ ਵਿਧਾਨ ਸਭਾ ਦੇ ਅੰਦਰ ਹੋਈ ਕਿਸੇ ਵੀ ਪ੍ਰਕਿਰਿਆ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਨ ਜਾਂ ਦਿਖਾਉਣ ਦੀ ਆਗਿਆ ਨਹੀਂ ਹੈ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਫੇਸਬੁੱਕ ਪੇਜ਼ 'ਤੇ ਇਕ ਕਲਿੱਪ ਸਾਂਝੀ ਕੀਤੀ ਸੀ, ਜਿਸ ਕਾਰਨ ਖੂਬ ਸ਼ੋਰ-ਸ਼ਰਾਬੇ ਤੋਂ ਬਾਅਦ ਉਨ੍ਹਾਂ ਨੂੰ ਸਦਨ 'ਚੋਂ ਮੁਅੱਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਵਿਧਾਨ ਸਭਾ ਦੀ ਕਾਰਵਾਈ ਦੀ ਇਕ ਆਡੀਓ ਕਲਿੱਪ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਪੇਜ਼ 'ਤੇ ਪਾਈ ਸੀ, ਜੋ ਕਿ ਕੰਟੀਨ ਖੇਤਰ ਦੇ ਨਾਲ ਆਮ ਆਦਮੀ ਪਾਰਟੀ, ਲੋਕ ਇਨਸਾਫ ਪਾਰਟੀ, ਅਕਾਲੀ ਦਲ ਅਤੇ ਕਾਂਗਰਸ ਦੇ ਪਾਰਟੀ ਦਫਤਰਾਂ 'ਚ ਕਾਰਵਾਈ ਦਾ ਪ੍ਰਸਾਰਣ ਕਰ ਰਹੇ ਆਡੀਓ ਸਪੀਕਰਾਂ ਤੋਂ ਰਿਕਾਰਡ ਕੀਤੀ ਗਈ ਸੀ। ਉਂਝ ਖਹਿਰਾ ਨੇ ਕਿਹਾ ਕਿ ਉਹ ਵਿਧਾਨ ਸਭਾ ਦੀ ਕਾਰਵਾਈ ਲੋਕ ਸਭਾ, ਰਾਜ ਸਭਾ ਅਤੇ ਦਿੱਲੀ ਸਮੇਤ ਹੋਰਨਾਂ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀ ਤਰਜ਼ 'ਤੇ ਲਾਈਵ ਦਿਖਾਏ ਜਾਣ ਦੇ ਹੱਕ 'ਚ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਾਰਵਾਈ ਦੇ ਸਿੱਧੇ ਪ੍ਰਸਾਰਣ ਦਾ ਫੈਸਲਾ ਨਹੀਂ ਹੁੰਦਾ, ਉਸ ਵੇਲੇ ਤੱਕ ਕਾਨੂੰਨ ਸਭ ਲਈ ਬਰਾਬਰ ਹੋਣਾ ਚਾਹੀਦਾ ਹੈ।

Most Read

  • Week

  • Month

  • All