ਚੰਡੀਗੜ੍ਹ ਪੁਲਸ 'ਚ ਭਰਤੀ ਦੇ ਨਾਂ 'ਤੇ ਲੱਖਾਂ ਰੁਪਏ ਠੱਗਣ ਵਾਲਾ ਕਾਬੂ

ਚੰਡੀਗੜ੍ਹ ਪੁਲਸ ਵਿਚ ਕਾਂਸਟੇਬਲ ਤੋਂ ਲੈ ਕੇ ਏ. ਐੱਸ. ਆਈ. ਤਕ ਭਰਤੀ ਕਰਵਾਉਣ ਦੇ ਨਾਂ 'ਤੇ ਲੜਕੀ ਸਮੇਤ ਪੰਜ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਗਿਰੋਹ ਦੇ ਮੈਂਬਰ ਨੂੰ ਕ੍ਰਾਈਮ ਬ੍ਰਾਂਚ ਨੇ ਸੈਕਟਰ-43 ਬੱਸ ਅੱਡੇ 'ਤੇ ਨਾਕਾ ਲਾ ਕੇ ਕਾਬੂ ਕਰ ਲਿਆ। ਫੜੇ ਗਏ ਮੁਲਜ਼ਮ ਤੋਂ ਲੜਕੀ ਤੇ ਚਾਰ ਲੜਕਿਆਂ ਨੂੰ ਚੰਡੀਗੜ੍ਹ ਪੁਲਸ ਵਿਚ ਭਰਤੀ ਕਰਵਾਉਣ ਦੇ ਫਰਜ਼ੀ ਨਿਯੁਕਤੀ ਪੱਤਰ ਬਰਾਮਦ ਹੋਏ ਹਨ।

ਮੁਲਜ਼ਮ ਦੀ ਪਛਾਣ ਪੰਚਕੂਲਾ ਸਥਿਤ ਅਮਰਾਵਤੀ ਦੇ ਡੀ. ਐੱਲ. ਐੱਫ. ਫਲੈਟ ਨਿਵਾਸੀ ਸੁਖਦੇਵ ਸਿੰਘ ਉਰਫ ਬੰਟੀ ਵਜੋਂ ਹੋਈ।
ਪੁਲਸ ਨੇ ਦੱਸਿਆ ਕਿ ਮੁਲਜ਼ਮ ਲੜਕਿਆਂ ਨੂੰ ਖੁਦ ਨੂੰ ਚੰਡੀਗੜ੍ਹ ਪੁਲਸ 'ਚ ਸਬ-ਇੰਸਪੈਕਟਰ ਦੱਸਦਾ ਸੀ। ਪੁੱਛਗਿੱਛ 'ਚ ਬੰਟੀ ਨੇ ਦੱਸਿਆ ਕਿ ਗਿਰੋਹ 'ਚ ਉਸ ਨਾਲ ਉਸਦਾ ਰਿਸ਼ਤੇਦਾਰ ਸੁਖਦੇਵ ਸਿੰਘ ਉਰਫ ਸੁੱਖਾ ਵੀ ਸ਼ਾਮਲ ਹੈ, ਜੋ ਲੜਕਿਆਂ ਨੂੰ ਭਰਤੀ ਹੋਣ ਦਾ ਝਾਂਸਾ ਦੇ ਕੇ ਉਸ ਕੋਲ ਲੈ ਕੇ ਆਉਂਦਾ ਸੀ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੁਖਦੇਵ ਸਿੰਘ ਉਰਫ ਬੰਟੀ, ਉਸਦੇ ਸਾਥੀ ਤਰਨਤਾਰਨ ਨਿਵਾਸੀ ਸੁਖਦੇਵ ਸਿੰਘ ਉਰਫ ਸੁੱਖਾ ਖਿਲਾਫ ਸੈਕਟਰ-36 ਥਾਣੇ 'ਚ ਧੋਖਾਦੇਹੀ ਦਾ ਮਾਮਲਾ ਦਰਜ ਕਰਵਾ ਦਿੱਤਾ। ਪੁਲਸ ਨੇ ਸੁਖਦੇਵ ਨੂੰ ਐਤਵਾਰ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਤਿੰਨ ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਕ੍ਰਾਈਮ ਬ੍ਰਾਂਚ ਫਰਾਰ ਮੁਲਜ਼ਮ ਸੁਖਦੇਵ ਸਿੰਘ ਉਰਫ ਸੁੱਖਾ ਦੀ ਭਾਲ 'ਚ ਲੱਗੀ ਹੋਈ ਹੈ। ਪੁਲਸ ਨੇ ਦੱਸਿਆ ਕਿ ਸੁਖਦੇਵ ਸਿੰਘ ਉਰਫ ਬੰਟੀ 'ਤੇ ਪੰਜਾਬ ਤੇ ਹਰਿਆਣਾ 'ਚ ਧੋਖਾਦੇਹੀ ਦੇ ਕਈ ਕੇਸ ਦਰਜ ਹਨ।
ਇਸ ਤਰ੍ਹਾਂ ਖੁੱਲ੍ਹੀ ਪੋਲ
ਡੀ. ਐੱਸ. ਪੀ. ਕ੍ਰਾਈਮ ਹਰਜੀਤ ਕੌਰ ਨੇ ਦੱਸਿਆ ਕਿ ਐੱਸ. ਆਈ. ਸਤਵਿੰਦਰ ਸਿੰਘ ਸ਼ਨੀਵਾਰ ਨੂੰ ਸੈਕਟਰ-43 ਸਥਿਤ ਬੱਸ ਸਟੈਂਡ ਗੇਟ 'ਤੇ ਪੈਟਰੋਲਿੰਗ ਕਰ ਰਹੇ ਸਨ। ਇਸ ਦੌਰਾਨ ਚਾਰ ਲੜਕਿਆਂ ਤੇ ਇਕ ਲੜਕੀ ਨੇ ਸਬ-ਇੰਸਪੈਕਟਰ ਨੂੰ ਰੋਕਿਆ ਤੇ ਕਿਹਾ ਕਿ ਉਹ ਚੰਡੀਗੜ੍ਹ ਪੁਲਸ 'ਚ ਏ. ਐੱਸ. ਆਈ., ਹੈੱਡ ਕਾਂਸਟੇਬਲ ਤੇ ਕਾਂਸਟੇਬਲ ਭਰਤੀ ਹੋ ਚੁੱਕੇ ਹਨ, ਟ੍ਰੇਨਿੰਗ ਕਦੋਂ ਹੋਣੀ ਹੈ। ਐੱਸ. ਆਈ. ਸਤਵਿੰਦਰ ਸਿੰਘ ਨੇ ਉਨ੍ਹਾਂ ਨੂੰ ਕਿਹਾ ਕਿ ਚੰਡੀਗੜ੍ਹ ਪੁਲਸ 'ਚ ਏ. ਐੱਸ. ਆਈ. ਤੇ ਹੈੱਡ ਕਾਂਸਟੇਬਲ ਦੀ ਕੋਈ ਭਰਤੀ ਨਹੀਂ ਹੋਈ ਹੈ। ਅਜੇ ਕਾਂਸਟੇਬਲਾਂ ਲਈ ਲਿਖਤੀ ਪ੍ਰੀਖਿਆ ਹੋਣੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲਸ 'ਚ ਤਾਇਨਾਤ ਸਬ-ਇੰਸਪੈਕਟਰ ਸੁਖਦੇਵ ਸਿੰਘ ਉਰਫ ਬੰਟੀ ਨੇ ਉਨ੍ਹਾਂ ਨੂੰ ਭਰਤੀ ਕਰਵਾਉਣ ਲਈ ਉਨ੍ਹਾਂ ਤੋਂ ਲੱਖਾਂ ਰੁਪਏ ਲਏ ਹੋਏ ਹਨ। ਸ਼ਨੀਵਾਰ ਸ਼ਾਮ ਨੂੰ ਉਹ ਉਨ੍ਹਾਂ ਨੂੰ ਨਿਯੁਕਤੀ ਪੱਤਰ ਦੇਣ ਬੱਸ ਸਟੈਂਡ 'ਤੇ ਆ ਰਿਹਾ ਹੈ। ਕ੍ਰਾਈਮ ਬ੍ਰਾਂਚ ਦੇ ਸਬ-ਇੰਸਪੈਕਟਰ ਸਤਵਿੰਦਰ ਸਿੰਘ ਨੇ ਸੁਖਦੇਵ ਸਿੰਘ ਨੂੰ ਕਾਬੂ ਕਰਨ ਲਈ ਨਾਕਾ ਲਾਇਆ। ਥੋੜ੍ਹੀ ਦੇਰ ਬਾਅਦ ਕਾਰ ਵਿਚ ਨਿਯੁਕਤੀ ਪੱਤਰ ਦੇਣ ਜਦੋਂ ਉਹ ਆਇਆ ਤਾਂ ਪੁਲਸ ਨੇ ਉਸਨੂੰ ਦਬੋਚ ਲਿਆ। ਤਲਾਸ਼ੀ ਦੌਰਾਨ ਉਸ ਕੋਲੋਂ ਕੁਲਵੰਤ ਸਿੰਘ, ਗੁਰਮੀਤ ਸਿੰਘ, ਬਿਕਰਮਜੀਤ, ਸ਼ਮਸ਼ੇਰ ਸਿੰਘ ਤੇ ਇਕ ਲੜਕੀ ਨੂੰ ਚੰਡੀਗੜ੍ਹ ਪੁਲਸ 'ਚ ਵੱਖ-ਵੱਖ ਅਹੁਦਿਆਂ 'ਤੇ ਭਰਤੀ ਕਰਨ ਦੇ ਨਿਯੁਕਤੀ ਪੱਤਰ ਬਰਾਮਦ ਹੋਏ। ਕ੍ਰਾਈਮ ਬ੍ਰਾਂਚ ਨੇ ਸੁਖਦੇਵ ਸਿੰਘ ਉਰਫ ਬੰਟੀ ਨੂੰ ਫੜ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਠੱਗੀ ਮਾਰਨ ਵਿਚ ਉਸਦਾ ਰਿਸ਼ਤੇਦਾਰ ਸੁਖਦੇਵ ਸਿੰਘ ਉਰਫ ਸੁੱਖਾ ਵੀ ਸ਼ਾਮਲ ਹੈ।
ਇਨ੍ਹਾਂ ਲੋਕਾਂ ਤੋਂ ਠੱਗੇ ਹਨ ਲੱਖਾਂ ਰੁਪਏ
ਕੁਲਵੰਤ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਵਿਚ ਹੈੱਡ ਕਾਂਸਟੇਬਲ ਭਰਤੀ ਕਰਵਾਉਣ ਲਈ ਉਸ ਤੋਂ ਸੁਖਦੇਵ ਸਿੰਘ ਉਰਫ ਬੰਟੀ ਨੇ 7 ਲੱਖ ਰੁਪਏ ਲਏ ਹਨ। ਗੁਰਮੀਤ ਸਿੰਘ ਨੇ ਦੱਸਿਆ ਕਿ ਕਾਂਸਟੇਬਲ ਭਰਤੀ ਕਰਵਾਉਣ ਲਈ ਸੁਖਦੇਵ ਸਿੰਘ ਉਰਫ ਬੰਟੀ ਨੂੰ ਤਿੰਨ ਲੱਖ 70 ਹਜ਼ਾਰ ਰੁਪਏ ਦਿੱਤੇ ਹਨ। ਨਿਯੁਕਤੀ ਪੱਤਰ ਮਿਲਣ ਤੋਂ ਬਾਅਦ ਇਕ ਲੱਖ ਰੁਪਏ ਹੋਰ ਦੇਣੇ ਸਨ। ਬਿਕਰਮਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਭਰਤੀ ਕਰਵਾਉਣ ਲਈ ਸੁਖਦੇਵ ਸਿੰਘ ਨੂੰ 4 ਲੱਖ 70 ਹਜ਼ਾਰ ਰੁਪਏ ਦਿੱਤੇ ਸਨ। ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਭਰਤੀ ਹੋਣ ਲਈ ਉਸਨੇ ਸੁਖਦੇਵ ਨੂੰ 9 ਲੱਖ ਰੁਪਏ ਦਿੱਤੇ ਹਨ। ਇਕ ਲੜਕੀ ਤੋਂ ਮੁਲਜ਼ਮ ਨੇ ਕਾਂਸਟੇਬਲ ਭਰਤੀ ਕਰਵਾਉਣ ਲਈ ਡੇਢ ਲੱਖ ਰੁਪਏ ਲਏ ਹਨ।
ਖੁਦ ਨੂੰ ਦੱਸਦਾ ਸੀ ਚੰਡੀਗੜ੍ਹ ਪੁਲਸ ਦਾ ਸਬ-ਇੰਸਪੈਕਟਰ
ਪੰਚਕੂਲਾ ਸਥਿਤ ਅਮਰਾਵਤੀ ਨਿਵਾਸੀ ਸੁਖਦੇਵ ਸਿੰਘ ਉਰਫ ਬੰਟੀ ਆਪਣੇ ਆਪ ਨੂੰ ਚੰਡੀਗੜ੍ਹ ਪੁਲਸ ਵਿਚ ਸਬ-ਇੰਸਪੈਕਟਰ ਦੱਸਦਾ ਸੀ। ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਉਸਦਾ ਰਿਸ਼ਤੇਦਾਰ ਤਰਨਤਾਰਨ ਨਿਵਾਸੀ ਸੁਖਦੇਵ ਸਿੰਘ ਉਰਫ ਸੁੱਖਾ ਆਪਣੇ ਜਾਲ 'ਚ ਫਸਾਉਂਦਾ ਸੀ। ਉਹ ਕਹਿੰਦਾ ਸੀ ਕਿ ਉਸਦਾ ਰਿਸ਼ਤੇਦਾਰ ਚੰਡੀਗੜ੍ਹ ਪੁਲਸ 'ਚ ਸਬ-ਇੰਸਪੈਕਟਰ ਲੱਗਾ ਹੋਇਆ ਹੈ। ਉਸਦੀ ਪੁਲਸ ਅਫਸਰਾਂ ਨਾਲ ਚੰਗੀ ਜਾਣ-ਪਛਾਣ ਹੈ। ਇਹੀ ਗੱਲ ਕਹਿ ਕੇ ਉਹ ਨੌਜਵਾਨਾਂ ਤੋਂ ਲੱਖਾਂ ਰੁਪਏ ਲੈ ਕੇ ਗਿਰੋਹ ਨੂੰ ਮਿਲਵਾਉਂਦਾ ਸੀ। ਇਸ ਤੋਂ ਬਾਅਦ ਫਰਜ਼ੀ ਨਿਯੁਕਤੀ ਪੱਤਰ ਦੇ ਕੇ ਨੌਜਵਾਨਾਂ ਨੂੰ ਉਹ ਠੱਗਦੇ ਸਨ।

Most Read

  • Week

  • Month

  • All