ਪੀ. ਯੂ. ਪਹੁੰਚੇ ਉੱਪ ਰਾਸ਼ਟਰਪਤੀ ਨਾਇਡੂ, ਕੀਤੀ ਆਨਲਾਈਨ ਡਿਗਰੀ ਸਿਸਟਮ ਦੀ ਸ਼ੁਰੂਆਤ

 ਐਤਵਾਰ ਨੂੰ ਭਾਰਤ ਦੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਦੇ ਤੌਰ 'ਤੇ ਪੰਜਾਬ ਯੂਨੀਵਰਸਿਟੀ ਦੀ 67ਵੀਂ ਕਨਵੋਕੇਸ਼ਨ ਸਮਾਰੋਹ 'ਚ ਹਿੱਸਾ ਲੈਣ ਪਹੁੰਚੇ। ਯੂਨੀਵਰਸਿਟੀ 'ਚ ਵਿਦਿਆਰਥੀਆਂ ਨੂੰ ਇਸ ਮੌਕੇ 'ਤੇ ਡਿੱਗਰੀਆਂ ਵੰਡੀਆਂ ਗਈਆਂ। ਇਥੇ ਉੱਪ ਰਾਸ਼ਟਰਪਤੀ ਨੇ ਆਨਲਾਈਨ ਡਿਗਰੀਆਂ ਦੇਣ ਦੀ ਸ਼ੁਰੂਆਤ ਕੀਤੀ।

ਪੰਜਾਬ ਯੂਨੀਵਰਸਿਟੀ ਦੇਸ਼ ਦੀ ਪਹਿਲੀ ਯੂਨੀਵਰਸਿਟੀ ਬਣੀ ਹੈ, ਜਿੱਥੇ ਆਨਲਾਈਨ ਡਿਗਰੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਨੇ ਪੰਜਾਬ ਦੀਆਂ ਕੁਝ ਮਸ਼ਹੂਰ ਸ਼ਖਸੀਅਤਾਂ ਨੂੰ ਉੱਚ ਨਾਗਰਿਕ ਐਵਾਰਡ ਦੇ ਕੇ ਵੀ ਨਵਾਜਿਆ।

ਇਸ ਦੌਰਾਨ ਉੱਪ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਜਗਦੀਸ਼ ਸਿੰਘ ਕੇਹਰ ਨੂੰ ਡਾਕਟਰ ਲਾਅ ਦੀ ਡਿਗਰੀ ਦੇ ਕੇ ਸਨਮਾਨਤ ਕੀਤਾ। ਪਦਮ ਵਿਭੂਸ਼ਣ ਨਾਲ ਸਨਮਾਨਤ ਵਿਗਿਆਨੀ ਪ੍ਰੋਫੈਸਰ ਮਨਮੋਹਨ ਸ਼ਰਮਾ ਨੂੰ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਡਾਕਟਰ ਆਫ ਸਾਇੰਸ ਦੀ ਡਿਗਰੀ ਨਾਲ ਸਨਮਾਨਤ ਕੀਤਾ। ਉੱਪ ਰਾਸ਼ਟਰਪਤੀ ਨੇ ਮਸ਼ਹੂਰ ਫਿਸਿਸ਼ਨ ਪ੍ਰੋਫੈਸਰ ਤੇਜਿੰਦਰ ਸਿੰਘ ਵਿਰਦੀ ਨੂੰ ਡਾਕਟਰ ਆਫ ਸਾਇੰਸ ਦੀ ਡਿਗਰੀ ਨਾਲ ਸਨਮਾਨਤ ਕੀਤਾ। ਉੱਪ ਰਾਸ਼ਟਰਪਤੀ ਨੇ ਫਲਾਇੰਗ ਸਿੱਖ ਮਿਲਖਾ ਸਿੰਘ ਨੂੰ ਖੇਡ ਰਤਨ ਦੀ ਡਿਗਰੀ ਨਾਲ ਸਨਮਾਨਤ ਕੀਤਾ। ਇਸ ਤੋਂ ਇਲਾਵਾ ਉੱਪ ਰਾਸ਼ਟਰਪਤੀ ਨੇ ਪਦਮ ਭੂਸ਼ਣ, ਪਦਮ ਵਿਭੂਸ਼ਣ ਪ੍ਰੋਫੈਸਰ ਬੀ. ਐੱਨ. ਗੋਸੁਆਮੀ ਨੂੰ ਗਿਆਨ ਰਤਨ ਦੀ ਡਿਗਰੀ ਨਾਲ ਸਨਮਾਨਤ ਕੀਤਾ ਗਿਆ। ਉੱਪ ਰਾਸ਼ਟਰਪਤੀ ਨੇ ਹੀਰੋ ਗਰੁੱਪ ਦੇ ਚੇਅਰਮੈਨ ਅਤੇ ਸੀ. ਆਈ. ਆਈ. ਦੇ ਪ੍ਰਧਾਨ ਸੁਨੀਲ ਕਾਂਤ ਮੁੰਜਾਲ ਨੂੰ ਉਦਯੋਗ ਰਤਨ ਦੀ ਡਿਗਰੀ ਨਾਲ ਸਨਮਾਨਤ ਕੀਤਾ।

Most Read

  • Week

  • Month

  • All