ਆਈ. ਟੀ. ਆਈ. ਤੇ ਪੋਲੀਟੈਕਨਿਕ ਕਾਲਜਾਂ 'ਚ ਹੁਨਰ ਵਿਕਾਸ ਕੋਰਸ ਸ਼ੁਰੂ ਹੋਣਗੇ : ਚੰਨੀ

ਪੰਜਾਬ ਸਰਕਾਰ ਵਲੋਂ 'ਘਰ-ਘਰ ਰੋਜ਼ਗਾਰ' ਮੁਹਿੰਮ ਨੂੰ ਹੁਲਾਰਾ ਦੇਣ ਲਈ ਸਰਕਾਰੀ ਆਈ. ਟੀ. ਆਈ. ਅਤੇ ਬਹੁ-ਤਕਨੀਕੀ ਕਾਲਜਾਂ 'ਚ ਹੁਨਰ ਵਿਕਾਸ ਕੇਂਦਰ ਕੋਰਸ ਚਲਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ। ਅੱਜ ਇਥੇ ਇਸ ਸਬੰਧੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਅਤੇ ਰੋਜ਼ਗਾਰ ਉਤਪਤੀ ਮੰਤਰੀ ਚਰਨਜੀਤ

ਸਿੰਘ ਚੰਨੀ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਅਧੀਨ ਇਨ੍ਹਾਂ ਸਰਕਾਰੀ ਅਦਾਰਿਆਂ 'ਚ 3-6 ਮਹੀਨੇ ਦੇ ਹੁਨਰ ਵਿਕਾਸ ਕੋਰਸ ਚਲਾਏ ਜਾਣਗੇ। ਚੰਨੀ ਨੇ ਦੱਸਿਆ ਕਿ ਘੱਟ ਪੜ੍ਹੇ-ਲਿਖੇ ਜਾਂ ਪੜ੍ਹਾਈ ਛੱਡ ਚੁੱਕੇ ਵਿਦਿਆਰਥੀ ਵੀ ਇਨ੍ਹਾਂ ਹੁਨਰ ਵਿਕਾਸ ਕੋਰਸਾਂ 'ਚ ਦਾਖਲਾ ਲੈ ਕੇ ਮੁਫ਼ਤ ਸਿਖਲਾਈ ਪ੍ਰਾਪਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਲਈ ਪ੍ਰਤੀ ਵਿਦਿਆਰਥੀ 10-15 ਹਜ਼ਾਰ ਖ਼ਰਚਾ ਆਵੇਗਾ, ਜਿਸ ਦਾ ਸਾਰਾ ਭਾਰ ਸੂਬਾ ਸਰਕਾਰ ਉਠਾਏਗੀ। ਤਕਨੀਕੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਹੁਨਰ ਵਿਕਾਸ ਦੇ ਇਹ ਕੋਰਸ 22 ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਅਤੇ 10 ਬਹੁ-ਤਕਨੀਕੀ ਕਾਲਜਾਂ ਵਿਚ ਚਲਾਏ ਜਾਣਗੇ। ਉਨ੍ਹਾਂ ਕਿਹਾ ਕਿ ਉਦਯੋਗਾਂ 'ਚ ਵਿਦਿਆਰਥੀਆਂ ਲਈ ਰੋਜ਼ਗਾਰ ਯਕੀਨੀ ਬਣਾਉਣ ਲਈ ਸ਼ੁਰੂਆਤ ਤੋਂ ਹੀ ਉਦਯੋਗਪਤੀਆਂ ਨੂੰ ਮਿਲ ਕੇ ਉਨ੍ਹਾਂ ਦੇ ਸੁਝਾਅ ਅਤੇ ਲੋੜਾਂ ਮੁਤਾਬਕ ਕੋਰਸ ਚਲਾਏ ਜਾਣ। ਚੰਨੀ ਨੇ ਕਿਹਾ ਕਿ 15 ਦਿਨਾਂ ਦੇ ਅੰਦਰ-ਅੰਦਰ ਸਾਰੀਆਂ ਆਈ. ਟੀ. ਆਈਜ਼ ਅਤੇ ਬਹੁ-ਤਕਨੀਕੀ ਕਾਲਜਾਂ ਦੇ ਮੁਖੀ ਹੁਨਰ ਵਿਕਾਸ ਕੋਰਸ ਚਲਾਉਣ ਸਬੰਧੀ ਪ੍ਰਾਜੈਕਟ ਰਿਪੋਰਟ ਜਮ੍ਹਾ ਕਰਵਾਉਣ, ਤਾਂ ਜੋ ਉਨ੍ਹਾਂ ਨੂੰ ਜਲਦ ਤੋਂ ਜਲਦ ਕੋਰਸ ਅਲਾਟ ਕੀਤੇ ਜਾ ਸਕਣ।

Most Read

  • Week

  • Month

  • All