ਵਿਗਿਆਨਕ ਖੋਜ ਦਾ ਖੇਤਰ ਪੰਜਾਬ ਦੀ ਵਿਰਾਸਤ ਦਾ ਹਿੱਸਾ : ਕੋਵਿੰਦ

ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੇਸ਼ ਦੀ ਨਾਮਵਰ ਸੰਸਥਾ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਚਰ (ਆਈਸਰ) ਮੋਹਾਲੀ ਦੀ 7ਵੀਂ ਸਾਲਾਨਾ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਗਿਆਨਕ ਖੋਜ ਦਾ ਖੇਤਰ ਪੰਜਾਬ ਦੀ ਵਿਰਾਸਤ ਨਾਲ ਜੁੜਿਆ ਹੋਇਆ ਹੈ, ਜਿਸ ਤੋਂ ਆਈਸਰ ਵਰਗੀ ਸੰਸਥਾ ਨੂੰ ਪ੍ਰੇਰਨਾ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ

ਪਹਿਲਾਂ ਪੰਜਾਬ ਵਿਗਿਆਨਕ ਗਿਆਨ ਦੀ ਉਤਪਤੀ ਤੇ ਸਿਖਲਾਈ ਦੇ ਸ਼ੁਰੂਆਤੀ ਕੇਂਦਰਾਂ ਵਿਚੋਂ ਇਕ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸੰਸਥਾ ਦੇ ਵਿਹੜੇ ਵਿਚ ਬੂਟਾ ਲਾਇਆ ਤੇ ਸੰਸਥਾ ਦੇ 152 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ।
ਸਮਾਗਮ ਨੂੰ ਸੰਬੋਧਨ ਕਰਦਿਆਂ ਕੋਵਿੰਦ ਨੇ ਕਿਹਾ ਕਿ ਪੰਜਾਬ ਦੀ ਇਹ ਵਿਰਾਸਤ ਉਦਾਹਰਣ ਪੇਸ਼ ਕਰਦੀ ਹੈ ਕਿ ਕਿਵੇਂ ਇਕ ਪਾਸੇ ਵਿਗਿਆਨਕ ਖੋਜੀਆਂ ਤੇ ਤਕਨੀਸ਼ਨਾਂ ਦੇ ਸੁਮੇਲ ਅਤੇ ਦੂਜੇ ਪਾਸੇ ਵੱਡੀ ਵਿਕਾਸ ਪ੍ਰਣਾਲੀ ਨੇ ਦੇਸ਼ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਭਾਖੜਾ-ਨੰਗਲ ਪ੍ਰਾਜੈਕਟ ਵਰਗੇ ਵੱਡੇ ਪ੍ਰਾਜੈਕਟਾਂ ਵਿਚ ਜ਼ਮੀਨੀਂ ਪੱਧਰ 'ਤੇ ਤਕਨੀਸ਼ੀਅਨਾਂ ਵਲੋਂ ਨਿਭਾਏ ਰੋਲ ਨੂੰ ਕਦੇ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਖੇਤੀਬਾੜੀ ਵਿਗਿਆਨੀਆਂ ਤੇ ਯੂਨੀਵਰਸਿਟੀਆਂ ਨੇ ਅਨਾਜ ਦੀ ਪੈਦਾਵਾਰ ਵਧਾਉਣ ਤੇ ਹਰੀ ਕ੍ਰਾਂਤੀ ਲਈ ਆਧਾਰ ਮੁਹੱਈਆ ਕਰਵਾਇਆ।
ਕੋਵਿੰਦ ਨੇ ਆਖਿਆ ਕਿ ਪੰਜਾਬ ਅਜਿਹੇ ਟੈਕਨੋਕਰੇਟਸ ਦਾ ਲੰਮਾ ਇਤਿਹਾਸ ਸਮੋਈ ਬੈਠਾ ਹੈ ਜਿਹੜੇ ਕਿ ਕਾਮਯਾਬ ਕਾਰੋਬਾਰੀ ਬਣੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਇਸੇ ਮਾਰਗ 'ਤੇ ਚੱਲਦਿਆਂ ਚੰਗੇ ਕਾਰੋਬਾਰੀ ਬਣਨ ਨੂੰ ਤਰਜੀਹ ਦੇ ਕੇ ਹੋਰਨਾਂ ਲਈ ਨੌਕਰੀਆਂ ਪੈਦਾ ਕਰਨ ਦੇ ਨਾਲ-ਨਾਲ ਸਰਮਾਇਆ ਪੈਦਾ ਕਰਨ ਵਾਲੇ ਵੀ ਬਣਨ, ਜਿਸ ਤਰ੍ਹਾਂ ਬਹੁਤ ਸਾਰੇ ਮਹਾਨ ਸਾਇਸੰਦਾਨਾਂ ਤੇ ਤਕਨੀਸ਼ੀਅਨਾਂ ਨੇ ਕੀਤਾ ਹੈ।

 

Most Read

  • Week

  • Month

  • All